ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ

 ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ  ਹਰਾਇਆ

ਮੈਨਚੈਸਟਰ :

ਬੀਤੇ ਦਿਨੀਂ ਭਾਰਤ ਤੇ ਪਾਕਿ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੇਫਰਡ ਮੈਦਾਨ ‘ਤੇ ਵਰਲਡ ਕੱਪ 2019 ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 89 ਦੋੜਾ ਨਾਲ ਹਰਾ ਦਿਤਾ। ਇਸ ਮੈਚ ‘ਚ ਟੀਮ ਇੰਡੀਆ ਦੇ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੈਂਕੜਾ ਲਾ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ।

ਪਾਕਿਸਤਾਨ ਨੇ ਇਸ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀ ਫੀਲਡਿੰਗ ਕਾਫੀ ਖਰਾਬ ਰਹੀ ਤੇ ਉਸ ਨੇ ਰੋਹਿਤ ਤੇ ਰਾਹੁਲ ਨੂੰ ਰਨ ਆਊਟ ਕਰਨ ਦੇ ਮੌਕੇ ਗੁਆਏ, ਜਿਨ੍ਹਾਂ ਦਾ ਫਾਇਦਾ ਚੁੱਕ ਕੇ ਰੋਹਿਤ ਨੇ ਸੈਂਕੜਾ ਤੇ ਰਾਹੁਲ ਨੇ ਅਰਧ ਸੈਂਕੜਾ ਬਣਾਇਆ। ਵਹਾਬ ਰਿਆਜ਼ ਨੇ ਰਾਹੁਲ ਨੂੰ ਬਾਬਰ ਆਜ਼ਮ ਹੱਥੋਂ ਕੈਚ ਕਰਵਾਇਆ ਪਰ ਉਸ ਤੋਂ ਬਾਅਦ ਰੋਹਿਤ ਤੇ ਵਿਰਾਟ ਵਿਚਾਲੇ ਸ਼ਾਦਨਾਰ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਦਾ ਅੰਤ ਰੋਹਿਤ ਦੇ ਸਕੂਪ ਸ਼ਾਟ ਨਾਲ ਹੋਇਆ। ਹਸਨ ਅਲੀ ਦੀ ਗੇਂਦ ‘ਤੇ ਰੋਹਿਤ ਨੇ ਰਿਆਜ਼ ਨੂੰ ਕੈਚ ਦੇ ਦਿੱਤਾ। 

ਇਸ ਮੈਚ ‘ਚ ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਅਜਿਹੇ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 336 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਸਾਹਮਣੇ ਜਿੱਤ ਲਈ 337 ਦੌੜਾਂ ਦਾ ਟੀਚਾ ਸੀ ਪਰ ਮੀਂਹ ਦੀ ਵਜ੍ਹਾ ਨਾਲ 40 ਓਵਰਾਂ ਦਾ ਕਰ ਦਿੱਤਾ ਗਿਆ। ਇਸ ਤਰ੍ਹਾਂ ਪਾਕਿਸਤਾਨ ਦੀ ਟੀਮ ਨੇ 40 ਓਵਰਾ ‘ਚ ਛੇ ਵਿਕਟਾਂ ਗੁਆ ਕੇ 212 ਦੌੜਾਂ ਬਣਾ ਸਕੀ।

ਇਸ ਤਰ੍ਹਾਂ ਟੀਮ ਇੰਡੀਆ ਨੂੰ ਡਰਵਰਥ ਲੁਇਸ ਦੇ ਨਿਯਮ ਦੇ ਆਧਾਰ ਤੇ 89 ਦੌੜਾਂ ਨਾਲ ਜਿੱਤ ਮਿਲੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਵਰਲਡ ਕੱਪ ਦੇ ਇਤਿਹਾਸ ਚ ਰਿਕਾਰਡ ਸਤਵੀਂ ਵਾਰ ਹਰਾਇਆ ਹੈ। ਪਾਕਿਸਤਾਨ ਵੱਲੋਂ ਸਲਾਮੀ ਬੱਲੇਬਾਜ਼ ਫਖ਼ਰ ਜਮਾਂ ਨੇ 62 ਦੌੜਾਂ, ਇਮਾਦ ਵਸੀਮ ਨੇ ਨਾਬਾਦ 46 ਦੌੜਾਂ ਤੇ ਬਾਬਰ ਆਜ਼ਮ ਨੇ 48 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਤੇ ਵਿਜੈ ਸ਼ੰਕਰ ਨੇ 2-2 ਵਿਕਟਾਂ ਹਾਸਲ ਕੀਤੀਆਂ।