*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – I*-----------ਇਕਵਾਕ ਸਿੰਘ ਪੱਟੀ (ਚੱਲਦਾ)
Mon 4 Nov, 2019 0*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – I*-----------ਇਕਵਾਕ ਸਿੰਘ ਪੱਟੀ (ਚੱਲਦਾ)
ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਸਾਲ 1469 ਵਿੱਚ ਹੋਇਆ ਸੀ, ਖ਼ਾਸ ਤੌਰ ਤੇ ਇੱਥੇ ਸਾਲ ਦਾ ਹੀ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਸਾਡੇ ਸਿੱਖ ਸਮਾਜ ਨੂੰ ਅਜੇ ਸਹੀ ਅਤੇ ਦਰੁੱਸਤ ਮਿਤੀ ਦਾ ਪਤਾ ਹੀ ਨਹੀਂ ਹੈ। ਕਿਸੇ ਵਿਦਵਾਨ ਨੇ ਕੱਤਕ ਅਤੇ ਕਿਸੇ ਨੇ ਪੂਰਨਮਾਸ਼ੀ ਸਾਬਤ ਕਰਨ ਲਈ ਆਪੋ ਆਪਣੀਆਂ ਮਜ਼ਬੂਤ ਦਲੀਲਾਂ ਪੇਸ਼ ਕੀਤੀਆਂ ਹੋਈਆਂ ਹਨ, ਪਰ ਸਰਬਸੰਮਤੀ ਨਾਲ ਸਮੁੱਚੇ ਤੌਰ ਤੇ ਸਾਡੀ ਕਿਸੇ ਵੀ ਸਿਰਮੌਰ ਸੰਸਥਾ (ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਇੱਕ ਖ਼ਾਸ ਦਿਨ ਮੁੱਕਰਰ ਨਹੀਂ ਕੀਤਾ ਗਿਆ। ਐਸੀ ਹਾਲਤ ਕੇਵਲ ਬਾਬੇ ਨਾਨ ਦੇ ਜਨਮ ਦਿਹਾੜੇ ਨਾਲ ਹੀ ਨਹੀਂ ਬਲਕਿ ਅਗਲੇ ਨੋਂ ਜਾਮਿਆਂ ਦੇ ਗੁਰੂ ਸਾਹਿਬਾਨਾਂ ਨਾਲ ਵੀ ਇਸੇ ਤਰ੍ਹਾਂ ਦੀ ਹੈ। ਸੰਸਾਰ ਭਰ ਵਿੱਚ ਵੱਸਦਾ ਕੋਈ ਵੀ ਸਿੱਖ ਛਾਤੀ ਠੋਕ ਕੇ ਦਾਅਵੇ ਨਾਲ ਇਹ ਕਹਿਣ ਜੋਗਾ ਨਹੀਂ ਕਿ ਫਲਾਣੇ ਗੁਰੂ ਦਾ ਪ੍ਰਕਾਸ਼ ਪੁਰਬ ਅਗਲੇ ਸਾਲ ਫਲਾਣੀ ਤਰੀਕ ਨੂੰ ਆ ਰਿਹਾ ਹੈ, ਕਿਉਂਕਿ ਇਸ ਸਾਲ ਜਿਹੜੀਆਂ ਤਰੀਕਾਂ ਨੂੰ ਮਨਾਇਆ ਜਾ ਰਿਹਾ ਹੈ, ਪਿਛਲੇ ਸਾਲ ਉਹ ਤਰੀਕਾਂ ਨਹੀਂ ਸਨ ਅਤੇ ਨਾ ਹੀ ਅਗਲੇ ਸਾਲ ਉਹੀ ਤਰੀਕਾਂ ਹੋਣਗੀਆਂ।
ਖ਼ੈਰ! ਵਿਸ਼ੇ ਵੱਲ ਮੁੜਦੇ ਹਾਂ। ਕਿਉਂਕਿ ਇਸ ਲੇਖ ਵਿੱਚ ਆਪਾਂ ਗੱਲ ਬਾਬੇ ਨਾਨਕ ਤੇ ਉਸਦੇ ਸਿੱਖਾਂ ਦੇ ਇਰਦ ਗਿਰਦ ਹੀ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਬਾਬਾ ਨਾਨਕ ਜੀ ਦੇ ਪ੍ਰਕਾਸ਼ ਸਮੇਂ ਜਾਂ ਉਸਤੋਂ ਬਾਅਦ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਆਰਥਿਕ ਹਾਲਤ ਕਿਹੋ ਜਿਹੇ ਸਨ ਬਾਬੇ ਦੀ ਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ (ਰਚਨਾਵਾਂ) ਤੋਂ ਸਪੱਸ਼ਟ ਹੋ ਜਾਂਦੇ ਹਨ ਜਿੰਨ੍ਹਾਂ ਬਾਰੇ ਅਸੀਂ ਆਪਣੇ ਕਥਾਕਾਰਾਂ/ਢਾਡੀਆਂ ਪਾਸੋਂ ਇਤਿਹਾਸਕ ਸਾਖੀਆਂ ਦੇ ਰੂਪ ਵਿੱਚ ਰਾਗੀਆਂ/ਕੀਰਤਨੀਆਂ ਕੋਲੋਂ ਗਾਇਨ ਰੂਪ ਵਿੱਚ ਬੇਅੰਤ ਵਾਰ ਸੁਣਿਆ ਹੋਇਆ ਹੈ, ਇਸ ਲਈ ਇਸਦਾ ਵਿਸਥਾਰ ਆਪਾਂ ਇੱਥੇ ਨਹੀਂ ਕਰਾਂਗਾ, ਫਿਰ ਵੀ ਜੇ ਕੋਈ ਪਾਠਕ ਜਾਣਨਾ ਚਾਹੁੰਦਾ ਹੈ ਤਾਂ ੫੫੦ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਇੱਕ ਢੰਗ ਵੱਜੋਂ ਹੀ ਭਾਈ ਗੁਰਦਾਸ ਜੀ ਜਾਂ ਬਾਣੀ ਨੂੰ ਪੜ੍ਹਨ ਦਾ ਕਸ਼ਟ ਉਠਾ ਸਕਦਾ ਹੈ। ਗੁਰੂ ਬਾਬੇ ਨੇ ਉਸ ਸਮੇਂ ਦੀ ਦਸ਼ਾ ਅਨੁਸਾਰ ਅਨੇਕਤਾ ਦੀ ਪੂਜਾ, ਵਰਨ ਵੰਡ ਅਤੇ ਜਾਤ ਪਾਤ ਵਿੱਚ ਵੰਡੀ ਹੋਈ ਮਨੁੱਖਤਾ ਨੂੰ ਇੱਕ ਪ੍ਰਮਾਤਮਾ ਦੀ ਹੌਂਦ ਦਾ ਸਿਧਾਂਤ ਦਿੱਤਾ ਅਤੇ ਇੱਕ ਪ੍ਰਮਾਤਮਾ ਦੀ ਗੱਲ ਕੀਤੀ। ਅੱਜ ਵੀ 'ੴ'' (ਇੱਕ ਓਅੰਕਾਰ) ਇਸ ਸਿਧਾਂਤ ਦੀ ਹਾਮੀ ਭਰਦਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਸਸ਼ੋਭਿਤ ਹੈ। ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਧਰਮ ਗ੍ਰੰਥ ਕਿਸੇ ਇੱਕ ਖਾਸ ਧਰਮ, ਮਜ਼ਹਬ ਜਾਂ ਕੌਮ ਵਾਸਤੇ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਸਰਬ ਸਾਂਝਾ ਰਹਿਬਰ ਹੈ।
ਹੁਣ ਮੌਜੂਦਾ ਸਿੱਖ ਸਮਾਜ ਵੱਲ ਆਉਂਦੇ ਹਾਂ ਜਿਸਦੇ ਕੁੱਝ ਅਖੌਤੀ ਧਾਰਮਿਕ ਆਗੂ ਧੁਰ ਕੀ ਬਾਣੀ ਉੱਤੇ ਆਪਣਾ ਏਕਾਧਿਕਾਰ ਕਾਇਮ ਰੱਖਣ ਲਈ ਬਜਿੱਦ ਹਨ ਉੱਥੇ ਮਰਯਾਦਾ ਜਾਂ ਪ੍ਰੰਪਰਾਵਾਂ ਦੇ ਨਾਮ ਤੇ ਆਪਣੇ ਚੰਮ ਦੀਆਂ ਚਲਾਉਣਾ ਚਾਹੁੰਦੇ ਹਨ, ਜੋ ਆਪ ਵੀ ਪੂਰਨ ਤੌਰ ਤੇ ਗੁਰੂਬਾਣੀ ਨੂੰ ਸਮਰਪਤ ਨਹੀਂ ਹਨ, ਉਹ ਲੋਕਾਈ ਨੂੰ ਗੁਰਮਤਿ ਸਿਧਾਂਤ ਸਮਝਾਉਣ ਦੀ ਥਾਂ ਅਗਲੇ ਘਰੋਂ ਗੁਰਬਾਣੀ ਪੋਥੀਆਂ, ਮਹਾਰਾਜ ਦਾ ਸਰੂਪ ਹੀ ਚੁੱਕ ਕੇ ਲੈ ਜਾਂਦੇ ਹਨ। ਉੱਥੇ ਘਾਟਾਂ ਉਹਨਾਂ ਲੋਕਾਂ ਵਿੱਚ ਵੀ ਹਨ ਜੋ ਮਹਾਰਾਜ ਦਾ ਸਰੂਪ ਆਪਣੇ ਘਰਾਂ ਵਿੱਚ ਰੱਖੀ ਫਿਰਦੇ ਹਨ। ਕਹਿਣ ਸੁਣਨ ਅਤੇ ਵੇਖਣ ਨੂੰ ਸਿਰਫ ਸ਼ਕਲਾਂ ਹੀ ਸਿੱਖਾਂ ਵਾਲੀਆਂ ਹਨ, ਪਰ ਅਕਲਾਂ ਬਾਝੋਂ ਖੂਹ ਖਾਲੀ ਵਾਲੀ ਹੀ ਗੱਲ ਹੈ। ਅਜਿਹੇ ਸਿੱਖ ਪਰਵਾਰ ਵੀ ਜੋ ਨਿੱਤਨੇਮੂ ਵੀ ਹਨ, ਅੰਮ੍ਰਿਤਧਾਰੀ ਵੀ ਹਨ, ਬਿਨ੍ਹਾਂ ਨਾਗਾ ਗੁਰੂ ਘਰਾਂ ਵਿੱਚ ਵੀ ਜਾਂਦੇ ਹਨ ਪਰ ਇਸ ਸੱਭ ਦੇ ਨਾਲ ਗੁੱਟਾਂ ਤੇ ਮੌਲੀ ਵੀ ਬੰਨ੍ਹੀਂ ਹੈ, ਉਂਗਲਾਂ ਵਿੱਚ ਪੰਡਿਤਾਂ ਤੋਂ ਪੁੱਛ ਕੇ ਨਗ ਵੀ ਪਾਏ ਹਨ, ਅਨਮਤੀ ਰਸਮਾਂ ਸਾਰੀਆਂ ਨਿਭਾਉਂਦੇ ਹਨ, ਟੇਵੇ ਵੀ ਬਣੇ ਹਨ ਅਤੇ ਥਾਂ-ਪੁਰ-ਥਾਂ ਮੱਥਾ ਟੇਕਣ ਤੋਂ ਵੀ ਗੁਰੇਜ ਨਹੀਂ ਕਰਦੇ। ਅਨਮਤੀ ਤਿਉਹਾਰਾਂ ਨੂੰ ਵੀ ਪੂਰੀ ਸ਼ਰਧਾ ਨਾਲ ਮਨਾਉਂਦੇ ਹਨ। ਅੱਜ ਗੱਲ ਸਿਰਫ ਬਾਬੇ ਨਾਨਕ ਦੇ ੴ ਦੀ ਕਰ ਰਹੇ ਹਾਂ ਕਿ ਬਾਬਾ ਨਾਨਕ ਜੀ ਨੇ ਤਾਂ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਸੀ, ਇੱਕ ਪ੍ਰਮਾਤਮਾ ਦਾ ਹੋਕਾ ਦਿੱਤਾ ਸੀ, ਇੱਕ ਕਰਤੇ ਦਾ ਜ਼ਿਕਰ ਕੀਤਾ ਸੀ ਅਸੀਂ ਉਸਦੇ ਨਾਂ ਤੇ ਧਾਰਮਿਕ ਸੰਸਥਾਵਾਂ ਬਣਾਈਆਂ, ਗੁਰਦੁਆਰੇ ਬਣਾਏ, ਵਿੱਦਿਅਕ ਸੰਸਥਾਵਾਂ ਬਣਾਈਆਂ, ਆਪਣੇ ਕਾਰੋਬਾਰਾਂ/ਫੈਕਟਰੀਆਂ, ਦੁਕਾਨਾਂ ਦੇ ਨਾਂ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਰੱਖੇ ਪਰ ਇਹਨਾਂ ਅੰਦਰ ਬਾਬੇ ਨਾਨਕ ਦੀ ਗੱਲ ਕਦੇ ਨਹੀਂ ਕੀਤੀ। ਅੰਦਰ ਵਪਾਰ ਕੇਵਲ ਝੂਠ ਦਾ ਚੱਲ ਰਿਹਾ ਹੈ। ਹਰ ਦੁਕਾਨ ਫੈਕਟਰੀ ਅੰਦਰ ਇੱਕ ਮੰਦਰ ਨੁਮਾ ਥਾਂ ਬਣਾਈ ਹੋਈ ਹੈ, ਜਿੱਥੇ ਬਾਬੇ ਨਾਨਕ ਦੀ ਕਾਲਪਨਿਕ ਫੋਟੋ ਸਮੇਤ ਹੋਰ ਦੇਵੀ ਦੇਵਤਿਆਂ ਅਤੇ ਸਿੱਖ ਸ਼ਹੀਦਾਂ/ਯੋਧਿਆਂ ਦੀਆਂ ਮੂਰਤੀਆਂ/ਫੋਟੋਆਂ ਟਿਕਾ ਕੇ ਜੋਤ (ਗੁਰਮਤਿ ਵਿਰੋਧੀ ਰਸਮ) ਜਗਾ ਕੇ ਉੱਥੇ ਪੂਜਾ ਕੀਤੀ ਜਾ ਰਹੀ ਹੈ।
ਜਦਕਿ ਬਾਬੇ ਨਾਨਕ ਦਾ 'ਪ੍ਰਮਾਤਮਾ ਇੱਕ ਹੈ' ਦਾ ਸਿਧਾਂਤ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦਾ ਹੈ ਅਤੇ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਵੀ ਬਾਬੇ ਨਾਨਕ ਦੀ 'ਜਪੁ' ਬਾਣੀ ਤੋਂ ਹੁੰਦੀ ਹੈ ਅਤੇ ਉੱਥੇ ਵੀ ਪਹਿਲਾਂ 'ਇੱਕ' ਤੋਂ ਸ਼ੁਰੂਆਤ ਹੁੰਦੀ ਹੈ। ਜੋ ਬ੍ਰਹਿਮੰਡ ਦੇ ਇਸ ਵੇਖੇ ਜਾਂ ਨਾ ਵੇਖੇ ਜਾ ਸਕਣ ਵਾਲੇ ਬੇਅੰਤ ਪਸਾਰੇ ਅਤੇ ਇਸਦੇ ਇੱਕੋ ਇੱਕ ਕਰਤੇ ਦਾ ਸੂਚਕ ਹੈ। ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਮਹਾਨ ਸਤਿਕਾਰਤ ਗੰ੍ਰਥ ਦਾ ਪਹਿਲਾ ਅੱਖਰ ਹੀ ਐਨਾ ਵਿਸ਼ਾਲ ਹੈ ਤਾਂ ਸਮੁੱਚਾ ਗੰ੍ਰਥ, ਵਿਸ਼ਵ ਲਈ ਕਿੰਨਾ ਭਾਵਪੂਰਤ ਹੋਵੇਗਾ। ੴ ਨੂੰ ਸਿੱਖ ਵਿਚਾਰਧਾਰਾ ਦੀ ਨੀਂਹ ਕਿਹਾ ਜਾ ਸਕਦਾ ਹੈ। ੴ ਗੁਰੂਬਾਣੀ ਅੰਦਰ ੫੬੮ ਵਾਰ ਦਰਜ ਹੈ, ਜਿਸ ਦਾ ਭਾਵ ਹੈ ਕਿ 'ਸ੍ਰਿਸ਼ਟੀ ਦੀ ਸਾਜਣਾ, ਪਾਲਣਾ ਅਤੇ ਨਾਸ਼ ਕਰਨ ਦੀ ਸਮਰੱਥਾ ਰੱਖਣ ਵਾਲਾ ਕਰਤਾ 'ਇੱਕ' ਹੈ ਅਤੇ ਉਹ ਹਰ ਥਾਈਂ ਕਣ ਕਣ ਵਿੱਚ ਸਰਬ ਵਿਆਪਕ ਹੈ। ਵਿਦਵਾਨਾਂ ਵੱਲੋਂ ੴ ਸ਼ਬਦ ਦਾ ਉਚਾਰਣ 'ਇੱਕ ਓਅੰਕਾਰ' ਜਾਂ 'ਏਕੰਕਾਰ' ਕੀਤਾ ਗਿਆ, ਭਾਵੇਂ ਕਿ ਕਿਤੇ ਨਾ ਕਿਤੇ ਇਸ ਦੇ ਉਚਾਰਣ ਸਬੰਧੀ ਮੱਤਭੇਦ ਹੈ, ਪਰ ਸਾਂਝੇ ਤੌਰ ਤੇ ਸਿੱਖ ਕੌਮ ਵੱਲੋਂ 'ਇੱਕ ਓਅੰਕਾਰ' ਹੀ ਪ੍ਰਵਾਨ ਕੀਤਾ ਹੋਇਆ ਹੈ।
ਗੁਰੂ ਨਾਨਕ ਸਾਹਿਬ ਦਾ ੫੫੦ਵਾਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਪ੍ਰਮਾਤਮਾ ਵਿੱਚ ਆਪਣਾ ਵਿਸ਼ਵਾਸ਼ ਪੈਦਾ ਕਰੀਏ ਪਰ ਸਾਡੇ ਆਲੇ ਧਾਰਮਿਕ ਆਗੂ ਅਜੇ ਤੱਕ ਇਹ ਫਾਈਨਲ ਨਹੀਂ ਕਰ ਸਕੇ ਕਿ ਸਟੇਜਾਂ ਕਿੰਨੀਆਂ ਲੱਗਣੀਆਂ ਹਨ ਅਤੇ ਸਮੁੱਚੇ ਪੰਥ ਨੂੰ ਇੱਕ ਮਾਲਾ ਵਿੱਚ ਪਰੋਣ ਦੇ ਕੀ ਜਤਨ ਕਰਨੇ ਹਨ। ਸਿੱਖ ਸਮਾਜ ਦਾ ੴ ਪ੍ਰਤੀ ਵਤੀਰੇ ਦਾ ਵਰਨਣ ਉੱਪਰ ਕਰ ਚੁੱਕਿਆ ਹਾਂ। ਸੋ ਬਾਣੀ ਪੜ੍ਹਨ, ਸੁਣਨ ਵਾਲਿਆਂ ਲਈ ਜ਼ਰੂਰੀ ਹੈ ਕਿ ਇਸ ਪੁਰ ਅਮਲ ਵੀ ਕਰੀਏ। ਕੱਲ੍ਹ ਨੂੰ ਬਾਬੇ ਨਾਨਕ ਦੀ ਧਰਮਸ਼ਾਲਾ 'ਗੁਰਦੁਆਰਾ ਸਾਹਿਬ' ਬਾਰੇ ਗੱਲ ਕਰਾਂਗੇ।
*ਚੱਲਦਾ…*
ਇਕਵਾਕ ਸਿੰਘ ਪੱਟੀ
+91-9463333293
Comments (0)
Facebook Comments (0)