ਜਗੇ ਹੋਏ ਦੀਵੇ-----ਸ਼ਾਇਰ ਭੱਟੀ

ਜਗੇ ਹੋਏ ਦੀਵੇ-----ਸ਼ਾਇਰ ਭੱਟੀ

ਸਾਡੇ ਜਗੇ ਹੋਏ ਦੀਵੇ ਕਿਉਂ *ਬੁਝਾਉਣ ਲੱਗਿਐਂ*।

ਯਾਰਾ ਦੱਸ ਕਿਹੜੀ ਰੋਸ਼ਨੀ *ਜਗਾਉਣ ਲੱਗਿਐਂ*।

ਤੇਰਾ ਰੁਤਬਾ ਸੀ ਨਜ਼ਰਾਂ 'ਚ ਰੱਬ ਦੇ ਸਮਾਨ,

ਕਾਹਤੋਂ ਆਪਣਾ ਹੀ ਅਕਸ *ਮਿਟਾਉਣ ਲੱਗਿਐਂ*।

ਇੱਥੇ ਸਾਰੇ ਨੇ ਦੁਖੀ ਦੇਵੀਂ ਵਿਸ਼ਾ ਤੂੰ ਬਦਲ , 

ਕੁਝ ਵੱਖਰਾ ਸੁਣਾਈਂ, ਜੇ *ਸੁਣਾਉਣ ਲੱਗਿਐਂ*।

ਅਸਮਾਨਾਂ ਦੀ ਚਾਹਤ 'ਚ ਜ਼ਮੀਨ ਨਾ ਗਵਾ ਲਈਂ, 

ਵਰਜੀ ਖੁਦ ਨੂੰ, ਜੇ ਪਰਾਂ ਨੂੰ *ਫੈਲਾਉਣ ਲੱਗਿਐਂ*।

ਤੱਤੀਆਂ ਹਵਾਵਾਂ 'ਤੇ ਬਲ਼ਾਵਾਂ ਵੀ ਨੇ ਏਥੇ,

ਕਾਹਤੋਂ ਖੌਫ਼ ਉਸ ਖ਼ੁਦਾ ਦਾ *ਭੁਲਾਉਣ ਲੱਗਿਐਂ*।

ਪਹਿਲਾਂ ਵਾਂਗ ਨਾ ਰੱਖੀਂ ਤੂੰ ਨੀਂਹ ਕਮਜ਼ੋਰ,

ਯਾਰਾ ਨਵਾਂ ਘਰ ਕੋਈ ਜੇ *ਬਣਾਉਣ ਲੱਗਿਐਂ*।

ਭੱਟੀ ਓਹਦਾ ਹੱਥ ਫੜ ਕੇ ਤੂੰ ਕਦੇ ਵੀ ਨਾ ਛੱਡੀਂ ,

ਸੁਣ ਸਾਨੂੰ ਜਿਹਦੇ ਕਰਕੇ *ਗਵਾਉਣ ਲੱਗਿਐਂ*। 

ਹੰਝੂਆਂ ਬਣ ਜਾਣਾ ਤੇਰੇ ਵੀ ਨੈਣਾਂ ਦਾ ਸ਼ਿੰਗਾਰ,

ਗੱਲ ਸੋਚ ਲਈਂ ਜੇ ਕਿਸੇ ਨੂੰ *ਰੁਵਾਉਣ ਲੱਗੀਐਂ*।

 ਗੱਲ ਸੋਚ ਲਈਂ ਜੇ ਕਿਸੇ ਨੂੰ *ਰੁਵਾਉਣ ਲੱਗੀਐਂ*...