
ਨਸ਼ਿਆ ਨੂੰ ਖਤਮ ਕਰਨ ਅਤੇ ਲੋਕਾਂ ਵਿੱਚ ਵਿਰਾਸਤੀ ਖੇਡਾਂ ਨੂੰ ਫਿਰ ਤੋਂ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਪਿੰਡ ਪਿੰਡ ਖੇਡ ਮੇਲਾ ਮੁਹਿੰਮ- ਡਿਪਟੀ ਕਮਿਸ਼ਨਰ
Tue 28 Aug, 2018 0
ਡਾ ਜਗਦੇਵ ਸਿੰਘ
ਤਰਨ ਤਾਰਨ, 27 ਅਗਸਤ 2018:
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲੇ ਵਿੱਚੋਂ ਨਸ਼ਿਆ ਨੂੰ ਖਤਮ ਕਰਨ ਅਤੇ ਲੋਕਾਂ ਵਿੱਚ ਵਿਰਾਸਤੀ ਖੇਡਾਂ ਨੂੰ ਫਿਰ ਤੋਂ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਪਿੰਡ ਪਿੰਡ ਖੇਡ ਮੇਲਾ ਮੁਹਿੰਮ ਅਧੀਨ ਅੱਜ ਸਬ-ਡਵੀਜ਼ਨ ਤਰਨ ਤਾਰਨ ਦੇ ਪਿੰਡ ਵੜਿੰਗਾਂ ਵਿਖੇ ਕਰਵਾਏ ਗਏ ਟੂਰਨਾਮੈਂਟ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਬੱਡੀ ਅਤੇ ਰੱਸ਼ਾਕਸੀ ਦੇ ਮੁਕਾਬਲਿਆਂ ਤੋਂ ਇਲਾਵਾ ਕੁੜੀਆਂ ਦੀ ਓਪਨ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਵਿੱਚ ਸ਼ੁਰੂ ਕੀਤੀ ਗਈ ਪਿੰਡ-ਪਿੰਡ ਖੇਡ ਮੇਲਾ ਮੁਹਿੰਮ ਨੂੰ ਪਿੰਡਾਂ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਇਹਨਾਂ ਖੇਡ ਮੁਕਾਬਲਿਆਂ ਦੌਰਾਨ ਨੌਜਵਾਨਾਂ ਦਾ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਚੰਗੀ ਸਿਹਤ ਅਤੇ ਚੰਗੀ ਸੋਚ ਪ੍ਰਦਾਨ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਬਲਾਕ ਪੱਧਰ, ਸਬ-ਡਵੀਜ਼ਨ ਪੱਧਰ ਅਤੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਨਸ਼ੇ ਦੇ ਮੁਕੰਮਲ ਖਾਤਮੇ ਲਈ ਵੱਡੀ ਪੱਧਰ ‘ਤੇ ਮੁਹਿੰਮ ਵਿੱਡੀ ਗਈ ਹੈ ਅਤੇ ਤਰਨ ਤਾਰਨ ਜ਼ਿਲੇ ਨੂੰ ਲੋਕਾਂ ਦੇ ਸਯਿੋਗ ਨਾਲ ਹਰ ਹੀਲੇ ਨਸ਼ਾ ਮੁਕਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦਾ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਲੱਗਭੱਗ 10 ਹਜ਼ਾਰ ਵਿਅਕਤੀਆਂ ਦਾ ਵੱਖ-ਵੱਖ ਕੇਂਦਰਾਂ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਬੀ. ਡੀ. ਪੀ. ਓ. ਸ਼੍ਰੀਮਤੀ ਰਜਿੰਦਰ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਵੀ ਹਾਜ਼ਰ ਸਨ।
Comments (0)
Facebook Comments (0)