ਚੁੱਪ-------ਅਨੀਤਾ ਸਹਿਗਲ ਨੀਤਪੁਰੀ

ਚੁੱਪ-------ਅਨੀਤਾ ਸਹਿਗਲ ਨੀਤਪੁਰੀ

ਚੁੱਪ-------ਅਨੀਤਾ ਸਹਿਗਲ ਨੀਤਪੁਰੀ

-------
ਚੁੱਪ ਸ਼ੋਰ ਹੈ,
ਚੁੱਪ ਚਕੋਰ ਹੈ,
ਮਾਲਕ ਨਾਲ ਜੁੜੀ ਡੋਰ ਹੈ ਚੁੱਪ।
--------
ਚੁੱਪ ਸਬਰ ਹੈ,
ਚੁੱਪ ਜਬਰ ਹੈ,
ਅਰਮਾਨਾਂ ਦੱਬੀ ਕਬਰ ਹੈ ਚੁੱਪ।
--------
ਚੁੱਪ ਦੁੱਖ ਹੈ,
ਚੁੱਪ ਸੁੱਖ ਹੈ,
ਧੀਆਂ ਨੂੰ ਤਾਂਘਦੀ ਕੁੱਖ ਹੈ ਚੁੱਪ।
----------
ਚੁੱਪ ਧਿਆਨ ਹੈ,
ਚੁੱਪ ਗਿਆਨ ਹੈ,
ਕਾਇਰ ਨਹੀਂ ਬਲਵਾਨ ਹੈ ਚੁੱਪ।
-------
ਚੁੱਪ ਹੱਲ ਹੈ,
ਚੁੱਪ ਬਲ ਹੈ,
ਸਬਰਾਂ ਦਾ ਪੱਕਦਾ ਫ਼ਲ ਹੈ ਚੁੱਪ।
--------
ਚੁੱਪ ਪੀੜ ਹੈ,
ਚੁੱਪ ਨੀਰ ਹੈ,
ਹਾਰ ਨਹੀਂ ਤਿੱਖਾ ਤੀਰ ਹੈ ਚੁੱਪ।
--------
ਚੁੱਪ ਹੂਕ ਹੈ,
ਚੁੱਪ ਕੂਕ ਹੈ,
ਤੂਫ਼ਾਨ 'ਚ ਸਮਾਈ ਸ਼ੂਕ ਹੈ ਚੁੱਪ।
---------
ਚੁੱਪ ਸਵਾਲ ਹੈ,
ਚੁੱਪ ਜਵਾਬ ਹੈ,
ਚੁੱਪ ਚੁੱਪ ਨਹੀਂ ਆਪੇ 'ਚ ਬਵਾਲ ਹੈ ਚੁੱਪ।
---------
ਚੁੱਪ ਪਿਆਰ ਹੈ,
ਚੁੱਪ ਤਕਰਾਰ ਹੈ,
ਉਡਾਰੀਆਂ ਲਾਉਂਦਾ ਖਿਆਲ ਹੈ ਚੁੱਪ।
--------
ਚੁੱਪ ਅਹਿਸਾਸ ਹੈ,
ਚੁੱਪ ਕਿਆਸ ਹੈ,
ਝੂਠਾ ਜਿਹਾ ਲਿਬਾਸ ਹੈ ਚੁੱਪ।
--------
ਚੁੱਪ ਲਫ਼ਜ਼ ਹੈ,
ਚੁੱਪ ਤੜਫ਼ ਹੈ,
ਸ਼ੀਤ ਵਾਂਙਰਾਂ ਬਰਫ਼ ਹੈ ਚੁੱਪ।
--------
ਚੁੱਪ ਸਜ਼ਾ ਹੈ,
ਚੁੱਪ ਰਜ਼ਾ ਹੈ,
ਦਿਮਾਗੀ ਚੜ੍ਹਿਆ ਨਸ਼ਾ ਹੈ ਚੁੱਪ।
--------
ਚੁੱਪ ਰਾਜ਼ ਹੈ,
ਚੁੱਪ ਸਾਜ਼ ਹੈ,
ਸੁਪਨਿਆਂ ਦੀ ਪਰਵਾਜ਼ ਹੈ ਚੁੱਪ।
--------
ਚੁੱਪ ਬੇਕਰਾਰੀ ਹੈ,
ਚੁੱਪ ਚੜ੍ਹੀ ਖੁਮਾਰੀ ਹੈ,
ਰੂਹ ਦੀ ਕਲਾਕਾਰੀ ਹੈ ਚੁੱਪ।
--------
ਚੁੱਪ ਰਾਤ ਹੈ,
ਚੁੱਪ ਬਾਤ ਹੈ,
ਆਪੇ ਨਾਲ ਮੁਲਾਕਾਤ ਹੈ ਚੁੱਪ।
 -----------
ਅਨੀਤਾ ਸਹਿਗਲ ਨੀਤਪੁਰੀ