ਚੰਡੀਗੜ੍ਹ ਦੀਆਂ ਸੜਕਾਂ 'ਤੇ ਬਸਾਂ ਦੇ ਰੂਟ ਦੂਜੇ ਵਾਹਨਾਂ ਨਾਲੋਂ ਅਲੱਗ-ਅਲੱਗ (ਇਕ ਪਾਸੇ) ਹੀ ਚਲਣਗੇ
Wed 12 Sep, 2018 0ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼ਹਿਰ ਵਿਚ ਪਬਲਿਕ ਟਰਾਂਸਪੋਰਟ ਸੇਵਾਵਾਂ ਦੀ ਮਜ਼ਬੂਤੀ ਲਈ ਬੱਸ ਰੈਪਿਡ ਸਿਸਟਮ ਦੀ ਤਰਜ਼ 'ਤੇ ਸ਼ਹਿਰ ਵਾਸੀਆਂ ਨੂੰ ਸੇਵਾਵਾਂ ਦੇਣ ਲਈ ਪੱਕੀ ਯੋਜਨਾ ਬਣਾ ਰਿਹਾ ਹੈ। ਇਸ ਲਈ ਫਰਾਂਸੀਸੀ ਸਰਕਾਰ ਤਕਨੀਕੀ ਸਹਿਯੋਗ ਦੇਵੇਗੀ। ਸੂਤਰਾਂ ਅਨੁਸਾਰ ਇਸ ਸਿਸਟਮ ਅਧੀਨ ਚੰਡੀਗੜ੍ਹ ਦੀਆਂ ਸੜਕਾਂ 'ਤੇ ਬਸਾਂ ਦੇ ਰੂਟ ਦੂਜੇ ਵਾਹਨਾਂ ਨਾਲੋਂ ਅਲੱਗ-ਅਲੱਗ (ਇਕ ਪਾਸੇ) ਹੀ ਚਲਣਗੇ। ਚੰਡੀਗੜ੍ਹ 'ਚ ਟਰਾਂਸਪੋਰਟ ਸਿਸਟਮ ਦੀ ਮਜ਼ਬੂਤੀ ਲਈ ਪਿਛਲੇ ਸਾਲ 2017 'ਚ ਟਰਾਂਸਪੋਰਟ ਸਕੱਤਰ ਕੇ.ਕੇ. ਜਿੰਦਲ ਦੀ ਅਗਵਾਈ ਵਿਚ ਫਰਾਂਸੀਸੀ ਕੰਪਨੀ ਨੇ ਸ਼ਹਿਰ ਦੀਆਂ ਸੜਕਾਂ ਦਾ ਸਰਵੇਖਣ ਵੀ ਕੀਤਾ ਸੀ।
ਸੂਤਰਾਂ ਅਨੁਸਾਰ ਇਸ ਸਿਸਟਮ ਰਾਹੀਂ ਬਸਾਂ ਦੇ ਰੂਟਾਂ ਦੇ ਸਮੇਂ ਵਿਚ ਵੀ ਕਈ ਤਬਦੀਲੀਆਂ ਆਉਣਗੀਆਂ। ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਸ਼ਹਿਰ ਮੈਟਰੋ ਰੇਲ ਵਰਗੇ 13 ਹਜ਼ਾਰ ਕਰੋੜ ਦੇ ਪ੍ਰਾਜੈਕਟ ਨਾਲੋਂ ਸਸਤੇ ਤੇ ਕਫ਼ਾਇਤੀ ਸਿਸਟਮ ਨੂੰ ਵਿਦੇਸ਼ੀ ਤਕਨੀਕ ਨਾਲ ਮਜ਼ਬੂਤ ਕੀਤਾ ਜਾਣਾ ਹੀ ਬਿਹਤਰ ਕਦਮ ਠੀਕ ਰਹੇਗਾ।
ਸਿਟੀ ਪ੍ਰਸ਼ਾਸਨ ਵਲੋਂ ਇਸ ਵੇਲੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਦੇ ਬੇੜੇ ਵਿਚ ਇਸ ਵੇਲੇ 392 ਦੇ ਕਰੀਬ ਬਸਾਂ ਹਨ ਜਿਨ੍ਹਾਂ ਵਿਚ 300 ਦੇ ਕਰੀਬ ਬਸਾਂ ਨੂੰ ਹੀ ਸੀ.ਟੀ.ਯੂ. ਬੜੀ ਮੁਸ਼ਕਲ ਨਾਲ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਆਸ-ਪਾਸ ਦੇ ਰੂਟਾਂ 'ਤੇ ਹੀ ਚਲਾ ਰਿਹਾ ਹੈ। ਇਸ ਬਸਾਂ ਦੇ ਲੋਕਲ ਰੂਟ ਦਾ ਸਮਾਂ 35-40 ਮਿੰਟ ਹੈ ਜਿਸ ਨਾਲ ਸਵਾਰੀਆਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਸਵਾਰੀਆਂ ਨੂੰ ਟੈਂਪੂਆਂ ਦਾ ਸਹਾਰਾ ਵੀ ਲੈਣਾ ਪੈਂਦਾ ਹੈ, ਜਿਸ ਕਾਰਨ ਸੀ.ਟੀ.ਯੂ. ਸੇਵਾ ਘਾਟੇ ਵਿਚ ਚਲਾ ਰਹੀ ਹੈ।
ਸੀ.ਟੀ.ਯੂ. ਦੇ ਡਾਇਰੈਕਟਰ ਅਮਿਤ ਤਲਵਾੜ ਨੇ ਕਿਹਾ ਕਿ ਇਸ ਲਈ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਲਈ ਕਮੇਟੀ ਦੀ ਮੀਟਿੰਗ ਛੇਤੀ ਹੋਵੇਗੀ। ਦੱਸਣਯੋਗ ਹੈ ਕਿ ਇਸ ਰੈਪਿਡ ਟਰਾਂਸਪੋਰਟ ਸਿਸਟਮ ਦੀ ਯੋਜਨਾ ਨਵੇਂ ਮਾਸਟਰ ਪਲਾਨ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਵੀ ਸੰਸਦ ਮੈਂਬਰ ਕਿਰਨ ਖੇਰ ਮਹਿੰਗੀ ਮੈਟਰੋ ਰੇਲ ਸੇਵਾ ਦੀ ਥਾਂ ਚੰਡੀਗੜ੍ਹ 'ਚ ਪਬਲਿਕ ਟਰਾਂਸਪੋਰਟ ਸਿਸਟਮ ਦੀ ਮਜ਼ਬੂਤੀ 'ਤੇ ਜ਼ੋਰ ਦੇ ਚੁਕੀ ਹੈ, ਜਿਸ ਨੂੰ ਪ੍ਰਸ਼ਾਸਨ ਨੇ ਸਰਬਸੰਮਤੀ ਨਾਲ ਮੰਨ ਲਿਆ ਸੀ।
Comments (0)
Facebook Comments (0)