ਅਗਲੇ 24 ਘੰਟਿਆਂ ਤਕ ਹੋਰ ਪੈ ਸਕਦੀ ਹੈ ਬਾਰਿਸ਼!
Mon 6 Jan, 2020 0ਚੰਡੀਗੜ੍ਹ: ਉੱਤਰੀ ਭਾਰਤ ਦੇ ਇਲਾਕਿਆਂ 'ਚ ਧੁੰਦ ਦੇ ਕਹਿਰ ਕਾਰਨ ਨਾਰਦਰਨ ਰੇਲਵੇ ਰੀਜਨ ਦੀਆਂ 19 ਟ੍ਰੇਨਾਂ ਲੇਟ ਚੱਲ ਰਹੀਆਂ ਹਨ। ਤਾਮਿਲਨਾਡੂ 'ਚ ਚੇਨਈ ਏਅਰਪੋਰਟ 'ਤੇ ਘੱਟ ਦ੍ਰਿਸ਼ਤਾ ਕਾਰਨ ਚਾਰ ਉਡਾਨਾਂ ਦੇ ਰੂਟ ਬਦਲਣੇ ਪਏ ਜਦਕਿ 10 ਲੇਟ ਹਨ। ਪਿਛਲੇ ਕੁੱਝ ਦਿਨਾਂ ਵਿਚ ਮੌਸਮ ਵਿਭਾਗ ਨੇ ਦੱਸਿਆ ਸੀ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਪੱਛਮੀ ਯੂਪੀ, ਪੰਜਾਬ ਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ 'ਚ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ।
ਅੱਜ ਸੋਮਵਾਰ ਦੀ ਸਵੇਰ ਦਾ ਚਾਨਣ ਪੰਜਾਬ ਵਿਚ ਹਲਕੀ ਬਾਰਿਸ਼ ਨਾਲ ਹੋਈ ਹੈ। ਸੂਬੇ ਦੇ ਕਈਂ ਸ਼ਹਿਰਾਂ ਵਿਚ ਬੂੰਦਾ-ਬਾਂਦੀ ਨਾਲ ਠੰਡੀਆ ਹਵਾਵਾਂ ਵੀ ਚੱਲੀਆ। ਜਿਸ ਨਾਲ ਠੰਡ ਵੀ ਵੱਧ ਗਈ ਹੈ ਅਤੇ ਪਾਰਾ ਵੀ ਹੇਠਾ ਡਿੱਗਿਆ ਹੈ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਦਿੱਲੀ-ਐੱਨਸੀਆਰ 'ਚ 8 ਜਨਵਰੀ ਤਕ ਸੀਤ ਲਹਿਰ ਨਹੀਂ ਚੱਲੇਗੀ। ਮੌਜੂਦਾ ਪੱਛਮੀ ਪੌਣਾਂ ਦੀ ਗੜਬੜੀ ਕਾਰਨ 6 ਤੋਂ 8 ਜਨਵਰੀ ਦੇ ਵਿਚਕਾਰ ਦਿੱਲੀ 'ਚ ਬਾਰਿਸ਼ ਹੋ ਸਕਦੀ ਹੈ।
ਇਸ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਕਮੀ ਆਵੇਗੀ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ 300 ਦਰਜ ਕੀਤਾ ਗਿਆ। ਨਵੇਂ ਸਾਲ ਤੋਂ ਬਾਅਦ ਚੜਿਆ ਸੂਰਜ ਅੱਜ ਇਕ ਵਾਰ ਫਿਰ ਤੋਂ ਬੱਦਲਾਂ ਵਿਚਾਲੇ ਛਿਪ ਗਿਆ ਹੈ। ਅੱਜ ਮੋਹਾਲੀ, ਚੰਡੀਗੜ੍ਹ, ਪਟਿਆਲਾ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਤੜਕ ਸਵੇਰ ਹਲਕੀ ਬਾਰਿਸ਼ ਹੋਈ ਹੈ ਜਿਸ ਨਾਲ ਇਕ ਵਾਰ ਫਿਰ ਠੰਡ ਨੇ ਲੋਕਾਂ ਨੂੰ ਆਪਣੀਆਂ ਬਾਹਾਂ ਵਿਚ ਸਮੇਟ ਲਿਆ ਹੈ।
ਬਾਰਿਸ਼ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 7 ਅਤੇ 8 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਮੁੜ ਬਾਰਿਸ਼ ਹੋ ਸਕਦੀ ਹੈ। ਜਿਸ ਦੀ ਰਫ਼ਤਾਰ 2 ਤੋਂ 3 ਐਮ,ਐਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕੀ ਹਨੇਰੀ ਦੇ ਨਾਲ-ਨਾਲ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਦਾ ਅਨੁਮਾਨ ਵੀ ਲਗਾਇਆ ਗਿਆ ਹੈ।
ਦੱਸ ਦਈਏ ਕਿ ਨਵੇ ਸਾਲ ਦੀ ਸਵੇਰ ਸੂਰਜ ਦੀਆਂ ਕਿਰਨਾਂ ਨਾਲ ਚਮਕ ਉੱਠੀ ਸੀ ਜਿਸ ਨਾਲ ਲੋਕਾਂ ਨੂੰ ਪਿਛਲੇ ਪੰਦਰਾਂ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਤੋਂ ਰਹਾਤ ਮਿਲੀ ਸੀ। ਖੈਰ ਇਸ ਬਾਰਿਸ਼ ਦੇ ਨਾਲ ਜਿੱਥੇ ਇਕ ਪਾਸੇ ਠੰਡ ਵਧੀ ਹੈ ਉੱਥੇ ਹੀ ਦੂਜੇ ਪਾਸੇ ਇਸ ਨਾਲ ਕਿਸਾਨਾਂ ਦੇ ਚਹਿਰੇ 'ਤੇ ਖੁਸ਼ੀ ਵੀ ਹੈ ਕਿਉਂਕਿ ਇਸ ਨਾਲ ਕਣਕ ਦੀ ਫ਼ਸਲ ਨੂੰ ਇਕ ਨਵੀਂ ਊਰਜਾ ਮਿਲਦੀ ਹੈ ਪਰ ਭਾਰੀ ਬਾਰਿਸ਼ ਹੋਣ ਨਾਲ ਇਸ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।
Comments (0)
Facebook Comments (0)