ਜੁਦਾਈ ਮੌਤ ਹੁੰਦੀ ਹੈ , ( ਸਾਹਿਤ ਮੰਚ, ਕਥਾ-ਕਹਾਣੀਆਂ )

ਜੁਦਾਈ ਮੌਤ ਹੁੰਦੀ ਹੈ ,  ( ਸਾਹਿਤ ਮੰਚ, ਕਥਾ-ਕਹਾਣੀਆਂ )

ਪਾਰਕ ਵਿਚ ਦਾਖਲ ਹੁੰਦਿਆਂ ਹੀ ਮੇਰੀ ਨਜ਼ਰ ਪਾਰਕ ਵਿਚ ਪਏ ਬੈਂਚ ਤੇ ਪਈ ।ਇਕ ਸਖਸ਼ ਜੋ ਕਾਫੀ ਬਜੁਰਗ ਸੀ ਖਾਮੋਸ਼ ਬੈਠਾ ਬੜੀ ਗਹਿਰੀ ਚਿੰਤਾ ਵਿਚ ਡੁੱਬਿਆ ਹੋਇਆ ਸੀ।ਮੈਂ ਵੀ ਖਾਮੋਸ਼ੀ ਨਾਲ ਜਾ ਕੇ ਉਸਦੇ ਕੋਲ ਬੈਠ ਗਿਆ ।
ਚਿਹਰੇ ਤੇ ਝੁਰੜੀਆਂ, ਅੱਖਾਂ ਵਿਚ ਨਮੀ, ਹੱਥ ਵਿੱਚ ਸੋਟੀ ਪਕੜੇ ਉਹ ਬੜੇ ਗੌਰ ਨਾਲ ਆਪਣੇ ਹੱਥਾਂ ਵੱਲ ਵੇਖ ਰਿਹਾ ਸੀ।
ਮੇਰੇ ਵੱਲ ਉਹਨੇ ਬੜੀ ਉਦਾਸ ਜਿਹੀ ਮੁਸਕਰਾਹਟ ਨਾਲ ਵੇਖਿਆ ਤੇ ਬੋਲਿਆ
‘ਜਾਣਦਾ ਹੈਂ ਪੁੱਤਰ, ਦੁਨੀਆਂ ਵਿੱਚ ਸਭ ਤੋਂ ਜਾਨ ਲੇਵਾ ਸ਼ੈ ਕੀ ਹੈ? ‘
ਮੈਂ ਬੜੀ ਖਾਮੋਸ਼ੀ ਨਾਲ ਨਹੀਂ ਵਿੱਚ ਸਿਰ ਹਿਲਾ ਕੇ ਜਵਾਬ ਦਿੱਤਾ।
ਉਹ ਫਿਰ ਬੋਲਿਆ’ ਕਿਸੇ ਦਾ ਆਪਣੀ ਜਿੰਦਗੀ ਵਿੱਚ ਆ ਜਾਣਾ, ਫਿਰ ਆਪਣੀ ਆਦਤ ਲਵਾ ਕੇ ਬਿਨ ਦੱਸੇ ਆਪਣੀ ਜਿੰਦਗੀ ਚੋਂ ਵਾਪਸ ਚਲੇ ਜਾਣਾ।’
ਦਰਦ ਤੇ ਦੁੱਖ ਉਹਨਾਂ ਦੀ ਆਵਾਜ ਵਿਚ ਸਾਫ ਝਲਕ ਰਿਹਾ ਸੀ ‘ਬੰਦਾ ਬੜਾ ਬੇਬਸ ਹੋ ਜਾਂਦਾ,ਨਾ ਜੀ ਪਾਉਂਦਾ ਨਾ ਮਰ ਪਾਉਂਦਾ, ਇਹ ਸਭ ਤੋਂ ਦਰਦਨਾਕ ਹੁੰਦਾ ਹੈ, ਇਸ ਤੋਂ ਵੱਧ ਜਾਨਲੇਵਾ ਹੋਰ ਕੁਝ ਵੀ ਨਹੀਂ ਕਿ ਜਿਸਦਾ ਹੱਥ ਪਕੜ ਕੇ ਤੁਸੀਂ ਜਿੰਦਗੀ ਭਰ ਚਲਦੇ ਰਹੇ ਉਹ ਇਕ ਝਟਕੇ ਵਿਚ ਹੀ ਛੱਡ ਜਾਵੇ ।ਇਨਸਾਨ ਫਿਰ ਆਪਣੇ ਆਪ ਨਾਲ ਹੀ ਇਕ ਜੰਗ ਛੇੜ ਬਹਿੰਦਾ, ਤੇ ਇਸੇ ਜੰਗ ਵਿਚ ਹੀ ਆਪਣਾ ਆਪ ਗਵਾ ਬਹਿੰਦਾ।ਦਰਅਸਲ ਇਹ ਜੋ ਇਨਸਾਨ ਆਦਤਾਂ ਪਾਲਦਾ ਨਾ ਇਹ ਇਕ ਜਾਨਲੇਵਾ ਬੀਮਾਰੀ ਹੈ।ਹੌਲੀ ਹੌਲੀ ਇਹ ਆਦਤ ਘੁਣ ਵਾਂਗੂ ਬੰਦੇ ਨੂੰ ਅੰਦਰੋਂ ਅੰਦਰ ਤੋਂ ਖੋਖਲਾ ਕਰਦਾ ਜਾਂਦੀ ਹੈ, ਖਤਮ ਕਰ ਦਿੰਦੀ।ਇਹ ਜੋ ਜੁਦਾਈ ਹੈ ਨਾ ਇਹ ਮੌਤ ਹੀ ਹੁੰਦੀ ਹੈ,ਬੰਦਾ ਸਾਹ ਤਾਂ ਲੈਂਦਾ ਪਰ ਜੀ ਨਹੀਂ ਸਕਦਾ ।ਉਹ ਹੱਸਦਾ ਤਾਂ ਹੈ ਪਰ ਅੱਖਾਂ ਵਿਚ ਹੰਝੂਆਂ ਦੀ ਚਮਕ ਨਾਲ ਹੱਸਦਾ।ਹਰ ਪਲ ਇਹ ਅਹਿਸਾਸ ਕਿ ਉਹ ਜੋ ਇਕ ਸ਼ਖਸ਼ ਸੀ ਜੋ ਜਿੰਦਗੀ ਭਰ ਸਾਥ ਨਿਭਾਉਣ ਦੇ ਵਾਅਦੇ ਕਰਦਾ ਸੀ ਉਹ ਸਭ ਕੁਝ ਭੁਲਾ ਕੇ ਛੱਡ ਗਿਆ, ਇਹ ਗੱਲ ਹਰ ਪਲ ਟੀਸ ਪਹੁੰਚਾਉਂਦੀ ਹੈ ।’
ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਪੁੱਛ ਲਿਆ, ਤੁਹਾਨੂੰ ਕੋਈ ਛੱਡ ਗਿਆ ਬਾਬਾ ਜੀ ?
ਸੁਰਖ ਅੱਖਾਂ ਵਿਚ ਮੋਟੇ ਮੋਟੇ ਹੰਝੂ ਲੈ ਕੇ ਉਹ ਮੇਰੇ ਵੱਲ ਵੇਖ ਕੇ ਬੋਲਿਆ ‘ਮੇਰੀ ਘਰਆਲੀ ਮੈਨੂੰ 71 ਸਾਲਾਂ ਬਾਅਦ ਕੱਲ ਸੁਰਗ ਸਿਧਾਰ ਗਈ, ਤੇ ਮੈਨੂੰ ਬੇਬਸ ਤੇ ਤਨਹਾ ਕਰ ਗਈ ਹੈ ।’

-ਸਰੂਚੀ ਕੰਬੋਜ