ਕੁੱਝ ਭ੍ਰਿਸ਼ਟ ਲੋਕ ਪੈਕ ਕੀਤੇ ਹੋਏ ਪੀਣ ਯੋਗ ਪਾਣੀ ਦੀ ਆੜ ਵਿੱਚ ਅਸੁਰੱਖਿਅਤ ਪੀਣ ਯੋਗ ਪਾਣੀ ਦੀ ਵਿਕਰੀ ਕਰ ਰਹੇ ਹਨ :- ਪਨੂੰ
Thu 27 Sep, 2018 0ਐਸ ਪੀ ਸਿੱਧੂ
ਚੰਡੀਗੜ੍ਹ, 27 ਸਤੰਬਰ 2018 :
ਪੰਜਾਬ ਭਰ ਵਿਚ ਫੂਡ ਸੇਫਟੀ ਟੀਮਾਂ ਵਲੋਂ ਚਲਾਈ ਜਾ ਰਹੀ ਜਾਂਚ ਮੁਹਿੰਮ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੈਰ ਮੰਨਜੂਰਸ਼ੁਦਾ ਪੈਕਡ ਪਾਣੀ ਦੀ ਵਿਕਰੀ ਵਿੱਚ ਕੁੱਝ ਗੈਰ-ਸਮਾਜਿਕ ਤੱਤ ਸ਼ਾਮਿਲ ਹਨ। ਇਸ ਦਾ ਪ੍ਰਗਟਾਵਾ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ, ਪੰਜਾਬ ਸ੍ਰੀ ਕੇ ਐਸ ਪੰਨੂੰ ਨੇ ਕੀਤਾ। ਉਨਾਂ ਕਿਹਾ ਕਿ ਇਹ ਹੈਰਾਨੀਯੋਗ ਗੱਲ ਹੈ ਕਿ ਛਬੀਲਾਂ ਲਗਾ ਕੇ ਰਾਹ ਜਾਂਦੇ ਲੋਕਾਂ ਦੀ ਪਿਆਸ ਬੁਝਾਉਣ ਦੀ ਮਹਾਨ ਰਵਾਇਤ ਦੀ ਪਾਲਣਾ ਕਰਨ ਵਾਲੀ ਧਰਤੀ ਉਤੇ ਕੁੱਝ ਭ੍ਰਿਸ਼ਟ ਲੋਕ ਪੈਕ ਕੀਤੇ ਹੋਏ ਪੀਣ ਯੋਗ ਪਾਣੀ ਦੀ ਆੜ ਵਿੱਚ ਅਸੁਰੱਖਿਅਤ ਪੀਣ ਯੋਗ ਪਾਣੀ ਦੀ ਵਿਕਰੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ ਦੀਆਂ ਧਾਰਾਵਾਂ ਅਨੁਸਾਰ ਕੋਈ ਵੀ ਵਿਅਕਤੀ ਆਈ.ਐਸ.ਆਈ ਸਰਟੀਫਿਕੇਸ਼ਨ ਤੋਂ ਬਗੈਰ ਨਾ ਤਾਂ ਪੈਕ ਕੀਤੇ ਹੋਏ ਪੀਣ ਯੋਗ ਪਾਣੀ ਦਾ ਉਤਪਾਦਨ ਕਰ ਸਕਦਾ ਹੈ ਤੇ ਨਾ ਹੀ ਵਿਕਰੀ ਕਰ ਸਕਦਾ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ 2011 ਦੇ ਅਨੁਸਾਰ ਕੋਈ ਵੀ ਵਿਅਕਤੀ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵਲੋਂ ਤਸਦੀਕ ਮਾਰਕੇ ਬਿਨਾਂ ਪੈਕ ਕੀਤੇ ਹੋਏ ਪੀਣ ਯੋਗ ਪਾਣੀ/ਮਿਨਰਲ ਵਾਟਰ ਦਾ ਉਤਪਾਦਨ ਤੇ ਵਿਕਰੀ ਨਹੀਂ ਕਰ ਸਕਦਾ।
ਪਰ ਇਹ ਵੇਖਿਆ ਗਿਆ ਹੈ ਕਿ ਕਈ ਲੋਕ/ਫਰਮਾਂ ਹਰਬਲ ਵਾਟਰ, ਅਰੋਮਾ ਵਾਟਰ, ਵਿਟਾਮਿਨ ਵਾਟਰ ਆਦਿ ਦੀ ਬਿਨਾਂ ਬੀ.ਆਈ.ਐਸ. ਸਰਟੀਫਿਕੇਸਨ ਜਾਂ ਫਿਰ ਨਕਲੀ ਮਾਰਕੇ ਲਗਾ ਕੇ ਗੁਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰਦਿਆਂ 200 ਮਿਲੀ ਲੀਟਰ ਦੇ ਕੱਪਾਂ, 01 ਲੀਟਰ ਦੀਆਂ ਬੋਤਲਾਂ, 15-25 ਲੀਟਰ ਦੀ ਪੈਕਿੰਗ ਦੀ ਸਪਲਾਈ ਜਾਂ ਵਿਕਰੀ ਕਰ ਰਹੇ ਹਨ। ਸ੍ਰੀ ਪੰਨੂੰ ਨੇ ਦੱਸਿਆ ਕਿ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕੋਈ ਵੀ ਵਿਅਕਤੀ ਬੀ.ਆਈ.ਐਸ. ਸਰਟੀਫਿਕੇਸ਼ਨ ਅਤੇ ਐਫ.ਐਸ.ਏ.ਆਈ ਲਾਇਸੈਂਸ/ਸਰਟੀਫਿਕੇਸ਼ਨ ਬਿਨਾਂ ਕਿਸੇ ਵੀ ਤਰ੍ਹਾਂ ਦਾ ਪੀਣ ਯੋਗ ਪਾਣੀ ਦੀ ਵਿਕਰੀ ਨਹੀਂ ਕਰ ਸਕਦਾ।
Drinking Water
ਪਾਣੀ ਦੀ ਪੈਕਿੰਗ ਕਰਨ ਵਾਲੀਆਂ ਅਜਿਹੀਆਂ ਅਨੈਤਿਕ ਇਕਾਈਆਂ ਜਿਹਨਾਂ ਕੋਲ ਬੀ.ਆਈ.ਐਸ. ਸਰਟੀਫਿਕੇਸਨ ਅਤੇ ਐਫ.ਐਸ.ਏ.ਆਈ ਲਾਇਸੈਂਸ/ਸਰਟੀਫਿਕੇਸ਼ਨ ਦੀ ਮਾਨਤਾ ਨਹੀਂ ਹੈ, ਉਹ ਵੱਡੇ ਪੱਧਰ 'ਤੇ ਉਪਭੋਗਤਾ ਜਿਵੇਂ ਕੈਟਰਰਜ਼ ਨੂੰ ਵਿਆਹ ਸਮਾਗਮਾਂ ਵਿਚ ਵਰਤੋਂ ਲਈ ਅਤੇ ਹੋਰ ਸਮਾਜਿਕ ਸਮਾਗਮਾਂ ਦੇ ਨਾਲ ਨਾਲ ਕਰਿਆਨਾ ਸਟੋਰਾਂ ਅਤੇ ਹੋਰ ਦੁਕਾਨਾਂ ਨੂੰ ਪੈਕ ਕੀਤੇ ਹੋਏ ਪੀਣ ਯੋਗ ਪਾਣੀ ਦੀ ਵਿਕਰੀ ਕਰ ਰਹੇ ਹਨ। ਸ਼ੱਕ ਹੈ ਕਿ ਅਜਿਹੀਆਂ ਇਕਾਈਆਂ ਉਪਭੋਗਤਾਵਾਂ ਨੂੰ ਦੂਸ਼ਿਤ ਜਾਂ ਹਾਨੀਕਾਰਕ ਪਾਣੀ ਦੀ ਸਪਲਾਈ ਕਰ ਰਹੇ ਹਨ।
ਇਸ ਕਰਕੇ ਅਗਾਮੀ ਛਾਪੇਮਾਰੀਆਂ ਵਿਚ ਬੀ.ਆਈ.ਐਸ ਮਾਨਤਾ ਨਾ ਰੱਖਣ ਵਾਲੇ ਉਤਪਾਦਕਾਂ/ਵਿਕਰੇਤਾਵਾਂ 'ਤੇ ਪੈਣੀ ਨਜ਼ਰ ਰੱਖੀ ਜਾਵੇਗੀ ਅਤੇ ਅਜਿਹੀਆਂ ਇਕਾਈਆਂ ਖਿਲਾਫ ਬਣਦੀ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਅਤੇ ਡਰੱਗ ਪ੍ਰਬੰਧਨ ਕਮਿਸ਼ਨਰ ਨੇ ਅਜਿਹੀਆਂ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਿਲ ਵਿਅਕਤੀਆਂ ਨੂੰ ਅਗਾਊਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਆਪਣਾ ਵਪਾਰ ਕਾਨੂੰਨ ਅਨੁਸਾਰ ਕਰਨ ਜਾਂ ਫਿਰ ਬਣਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
Comments (0)
Facebook Comments (0)