ਭਾਰਤੀ ਸੈਨਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਸਿੱਖ ਧਾਰਮਿਕ ਮਰਿਆਦਾ ਨਾਲ ਸੁਰੱਖਿਆਤ ਥਾਂ ਤੇ ਪਹੁੰਚਾਇਆ

ਭਾਰਤੀ ਸੈਨਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਸਿੱਖ ਧਾਰਮਿਕ ਮਰਿਆਦਾ ਨਾਲ ਸੁਰੱਖਿਆਤ ਥਾਂ ਤੇ ਪਹੁੰਚਾਇਆ

ਜਲੰਧਰ-

ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਨਾਲ ਪੰਜਾਬ ਪਾਣੀ-ਪਾਣੀ ਹੋ ਗਿਆ ਹੈ ਅਤੇ ਫਿਲੌਰ ਦੇ ਆਸ ਪਾਸ ਦੇ ਇਲਾਕੇ ਵੀ ਹੜ੍ਹ ਨਾਲ ਪ੍ਰਭਾਵਿਤ ਹਨ। ਉੱਥੇ ਹੀ ਫਿਲੌਰ ਨੇੜੇ ਪੈਂਦੇ ਪਿੰਡ ਮੋਤੀਪੁਰ ਖਾਲਸਾ ਦੀ ਇਕ ਖ਼ਬਰ ਸਾਹਮਣੇ ਆਈ ਹੈ ਜਿਥੇ ਭਾਰੀ ਮੀਂਹ ਕਾਰਨ ਉੱਥੋਂ ਦੇ ਗੁਰਦੁਆਰਾ ਸਾਹਿਬ ਪਾਣੀ ਦੀ ਚਪੇਟ ਵਿਚ ਆ ਗਏ ਪਰ ਭਾਰਤੀ ਸੈਨਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਸਿੱਖ ਧਾਰਮਿਕ ਮਰਿਆਦਾ ਨਾਲ ਇਕ ਕਿਸ਼ਤੀ ਰਾਹੀਂ ਸੁਰੱਖਿਆਤ ਥਾਂ ਤੇ ਪਹੁੰਚਾਇਆ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫੌਜੀ ਜਵਾਨਾਂ ਅਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਹੀ ਇਹ ਸੰਭਵ ਹੋ ਸਕਿਆ ਕਿਉਂਕਿ ਸਾਰਾ ਇਲਾਕਾ ਪਾਣੀ ਦੀ ਚਪੇਟ ਵਿਚ ਬਹੁਤ ਬੁਰੀ ਤਰ੍ਹਾਂ ਆਇਆ ਹੋਇਆ ਹੈ। ਉਧਰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਪਾਣੀ ਨੇ ਸਾਰੇ ਇਲਾਕੇ ਵਿਚ ਕਹਿਰ ਮਚਾਇਆ ਹੋਇਆ ਹੈ। ਉਨ੍ਹਾਂ ਦੇ ਖੇਤਾਂ ਵਿਚ 88 ਫੁੱਟ ਪਾਣੀ ਵੜ ਗਿਆ ਅਤੇ ਉਨ੍ਹਾਂ ਦੀ ਬੀਜੀ ਝੋਨੇ ਦੀ ਸਾਰੀ ਫ਼ਸਲ ਬੁਰੀ ਤਰਾਂ ਤਬਾਹ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ ਅਤੇ ਸਬਜ਼ੀਆਂ ਬੀਜੀਆਂ ਵੀ ਖ਼ਰਾਬ ਹੋ ਗਈਆਂ। ਘਰਾਂ ਵਿਚ ਪਾਣੀ ਵੜਣ ਕਾਰਨ ਲੋਕਾਂ ਨੂੰ ਆਪਣਾ ਸਾਰਾ ਸਮਾਂ ਘਰ ਦੀਆਂ ਛੱਤਾਂ ਤੇ ਰਹਿ ਕੇ ਗੁਜ਼ਾਰਨਾ ਪੈ ਰਿਹਾ ਹੈ। ਦੱਸ ਦਈਏ ਕਿ ਜਲੰਧਰ ਦੇ ਨੇੜੇ 81 ਪਿੰਡ ਪਾਣੀ ਦੀ ਮਾਰ ਹੇਠ ਆਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦੀ ਮਦਦ ਐਲਾਨ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਜ਼ਾਇਜ਼ਾ ਵੀ ਲਿਆ ਹੈ।