ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਭਵਿੱਖ 'ਚ ਨਹੀਂ ਲੜ ਸਕਣਗੇ ਕਿਸੇ ਵੀ ਤਰ੍ਹਾਂ ਦੀ ਚੋਣ--ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ
Sat 20 Oct, 2018 0ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਘਟਦੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ: ਸ੍ਰੀ ਵਿਕਾਸ ਗਰਗ
ਕਿਸਾਨਾਂ ਨੂੰ ਜਾਗਰੂਕ ਕਰਨ ਲਈ 513 ਪੰਚਾਇਤਾਂ ਵਿੱਚ ਨਿਯੁਕਤ ਕੀਤੇ ਗਏ ਹਨ ਨੋਡਲ ਅਫਸਰ
ਡਾ ਜਗਦੇਵ ਸਿੰਘ
ਤਰਨਤਾਰਨ,20 ਅਕਤੂਬਰ
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਤਾਂ ਹੁੰਦਾ ਹੈ ਪਰ ਨਾਲ ਹੀ ਜਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ । ਝੋਨੇ ਦੀ ਪਰਾਲੀ ਦੀ ਰਹਿੰਦ-ਖਹੂੰਦ ਦੀ ਸਾਂਭ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ 80 ਫੀਸਦੀ ਸਬਸਿਡੀ ‘ਤੇ ਕਿਸਾਨਾਂ ਨੂੰ ਮੁਹੱਈਆਂ ਕਰਵਾਈ ਜਾ ਰਹੀ ਹੈ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਵਿਕਾਸ ਗਰਗ, ਆਈ.ਏ.ਐੱਸ., ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਕੀਤਾ ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ,ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਦੀਪ ਰਿਸ਼ੀ, ਸਹਾਇਕ ਜਨਰਲ ਸ੍ਰੀਮਤੀ ਮਨਜੀਤ ਕੌਰ, ਐੱਸ.ਡੀ.ਐਮ. ਪੱਟੀ ਸ੍ਰੀ ਮਤੀ ਅਨੂਪ੍ਰੀਤ ਕੌਰ, ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਪਲਵਿੰਦਰ ਸਿਘ ਬੱਲ ਤੋਂ ਇਲਾਵਾ ਹੋਰ ਸਬੰਧਿਤ ਅਧਿਕਾਰੀ ਵੀ ਹਾਜ਼ਰ ਸਨ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਵਾਤਾਵਰਨ ਦਾ ਮੁੁੱਦਾ ਨੈਸ਼ਨਲ ਪੱਧਰ ਦਾ ਹੈ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਹਰੇਕ ਨਾਗਰਿਕ ਦਾ ਫਰਜ਼ ਹੈ । ਉਹਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਚੋਣ ਨਹੀਂ ਲੜ ਸਕਣਗੇ ।ਉਹਨਾਂ ਦੱਸਿਆ ਕਿ ਪਹਿਲਾਂ ਨਾਲੋਂ ਕਾਫੀ ਲੋਕਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਦੀ ਚੇਤਨਾ ਪੈਦਾ ਹੋਈ ਹੈ । ਉਹਨਾਂ ਨੇ ਬਿਜਲੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਕਿਹਾ ਕਿ ਵਿਸ਼ੇਸ ਤੌਰ ਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ।
ਉਹਨਾਂ ਨੇ ਸਹਿਕਾਰੀ ਸਭਾਵਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਿਹੜੇ ਛੋਟੇ ਕਿਸਾਨਾਂ ਕੋਲ ਵੱਡੇ ਟਰੈਕਟਰ ਜਾਂ ਹੋਰ ਸੰਦ ਨਹੀਂ ਹਨ ਉਹ ਸੁਸਾਇਟੀਆਂ ਕੋਲੋ ਕਿਰਾਏ ਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਖਪਤ ਕਰ ਸਕਦੇ ਹਨ, ਇਸ ਲਈ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ । ਉਹਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਮਿਲਾਇਆ ਜਾਵੇ ਤਾਂ ਇਹ ਖਾਦ ਦਾ ਕੰਮ ਕਰਦੀ ਹੈ ।
ਉਹਨਾਂ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਹਨਾਂ ਕੋਲੋ ਦੂਜੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਸਹਿਯੋਗ ਲਿਆ ਜਾਵੇ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਸਭਾਵਾਂ ਰਾਹੀਂ ਜ਼ਿਲੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ 3 ਕੈਂਪ ਜ਼ਿਲ੍ਹਾ ਪੱਧਰੀ, 16 ਕੈਂਪ ਬਲਾਕ ਪੱਧਰ ਕੈਂਪ ਅਤੇ ਵਿਚ ਪਿੰਡਾਂ 445 ਕੈਂਪ, ਲਗਾਏ ਜਾ ਚੁੱਕੇ ਹਨ, ਅਤੇ 28 ਵੈਨਾਂ ਨੂੰ ਜ਼ਿਲ੍ਹੇ ਦੇ ਪਿੰਡਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਭੇਜਿਆ ਗਿਆ ਹੈ । ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ 90 ਹਜ਼ਾਰ ਇਸ਼ਤਿਹਾਰ ਛਪਾ ਕੇ ਵੰਡੇ ਗਏ ਹਨ । ਉਹਨਾਂ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ 513 ਪੰਚਾਇਤਾਂ ਵਿਚ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਇਸ ਲਈ ਜੀ.ਓ.ਜੀ., ਸਹਿਕਾਰੀ ਸਭਾਵਾਂ ਦੇ ਕਰਮਚਾਰੀ,ਪੰਚਾਇਤ ਸੈਕਟਰੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤੇ ਗਏ ਹਨ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 20 ਪਿੰਡਾਂ ਦੇ ਕਲਸਟੱਰ ਲਈ 1 ਸੁਪਰਵਾਈਜ਼ਰ ਪੱਧਰ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿੰਨਾਂ ਵਿਚ ਨਾਇਬ ਤਹਿਸੀਲਦਾਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਸ਼ਾਮਲ ਹਨ।
ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਸਰਕਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਇਸ ਸੀਜਨ ਦੌਰਾਨ ਜ਼ਿਲੇ ਵਿਚ ਜਿੰਨਾਂ ਕੰਬਾਇਨ ਤੇ ਸੁਪਰ ਐਸ. ਐਮ. ਐਸ. ਨਹੀਂ ਲੱਗੇ ਸੀ, ਉਹਨਾਂ ਦੇ ਪਰਚੇ ਵੀ ਦਰਜ਼ ਕੀਤੇ ਗਏ ਹਨ ।
Comments (0)
Facebook Comments (0)