ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੁਬਾਰਾ ਲੱਗੀ ਦੂਰਬੀਨ

ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੁਬਾਰਾ ਲੱਗੀ ਦੂਰਬੀਨ

ਡੇਰਾ ਬਾਬਾ ਨਾਨਕ :

 ਨਾਨਕ ਨਾਮਲੇਵਾ ਸੰਗਤਾਂ ਲਈ ਇਕ ਖ਼ੁਸ਼ਖ਼ਬਰੀ ਇਹ ਹੈ ਕਿ ਲਾਂਘੇ ਨੂੰ ਬਣਾਉਣ ਲਈ ਜਿਹੜੀ ਦੂਰਬੀਨ ਹਟਾ ਦਿਤੀ ਗਈ ਸੀ ਉਹ ਮੁੜ ਲਗਾ ਦਿਤੀ ਗਈ ਹੈ ਜਿਸ ਕਾਰਨ ਕੌਮਾਂਤਰੀ ਸੀਮਾ ਡੇਰਾ ਬਾਬਾ ਨਾਨਕ ਵਿਖੇ ਸੰਗਤ ਦੀ ਆਮਦ ਵਧਣ ਲੱਗੀ ਹੈ। ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਲਈ ਰਸਤਾ ਬਣਾਉਣ ਸਮੇਂ ਦਰਸ਼ਨ ਸਥਲ 'ਤੇ ਲਾਈਆ ਦੂਰਬੀਨਾਂ ਹਟਾ ਦਿਤੀਆਂ ਗਈਆਂ ਸਨ ਪਰ ਹੁਣ ਬੀ.ਐਸ.ਐਫ਼. ਅਧਿਕਾਰੀਆਂ ਨੂੰ ਬਾਬਾ ਸੁਖਦੀਪ ਸਿੰਘ ਬੇਦੀ ਤੇ ਹੋਰਨਾਂ ਵਲੋਂ 'ਅਰਜ਼ੋਈ' ਕਰਨ 'ਤੇ ਸੰਗਤ ਦੀ ਸਹੂਲਤਾਂ ਲਈ ਆਰਜ਼ੀ ਸ਼ੈੱਡ ਬਣਾਇਆ ਗਿਆ, ਜਿਥੇ ਇਹ ਅਤਿ ਆਧੁਨਿਕ ਸਹੂਲਤ ਵਾਲੀ ਦੂਰਬੀਨ ਲਾਈ ਗਈ ਹੈ।

ਸੀਮਾ 'ਤੇ ਸਥਿਤ ਧੁੱਸੀ ਬੰਨ੍ਹ 'ਤੇ ਸੋਮਵਾਰ ਨੂੰ ਸੰਗਤ ਨੂੰ ਜਦੋਂ ਹੀ ਦੂਰਬੀਨ ਲੱਗਣ ਦੀ ਜਾਣਕਾਰੀ ਮਿਲੀ ਤਾਂ ਆਮ ਸੰਗਤ ਉਥੇ ਪਹੁੰਚੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤ ਨੇ ਦਸਿਆ ਕਿ ਅਸਲ 'ਚ ਦਰਸ਼ਨ ਸਥਲ 'ਤੇ ਲਗਾਈਆਂ ਦੋ ਦੂਰਬੀਨਾਂ ਨੂੰ ਲਾਂਘੇ ਦੇ ਕੰਮ ਚੱਲਣ ਕਾਰਨ ਨੇ ਹਟਾ ਲਿਆ ਸੀ ਪਰ ਹੁਣ ਇਕ ਦੇ ਮੁੜ ਤੋਂ ਲੱਗਣ ਨਾਲ ਸੰਗਤਾਂ ਬਹੁਤ ਖ਼ੁਸ਼ ਹਨ।

ਉਧਰ ਅੱਜ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਡੇਰਾ ਬਾਬਾ ਨਾਨਕ 'ਚ ਬਣਾਏ ਜਾ ਰਹੇ ਚੌਤਰਫਾ ਮੁੱਖ ਮਾਰਗ 'ਤੇ ਸਵਾਗਤੀ ਮੁੱਖ ਦਰਵਾਜ਼ਿਆਂ ਦੇ ਨੀਂਹ ਪੱਥਰ ਬਾਬਾ ਸੁਬੇਗ ਸਿੰਘ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਵਲੋਂ ਰੱਖੇ ਗਏ।

ਇਸ ਦੌਰਾਨ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਕਰਤਾਪੁਰ ਕੋਰੀਡੋਰ ਦੇ ਸਾਰੇ ਮਾਰਗਾਂ 'ਤੇ ਮੁੱਖ ਦਰਵਾਜ਼ੇ ਬਣਾਏ ਜਾਣਗੇ ਤੇ ਇਸ ਦੀ ਸੇਵਾ ਬਾਬਾ ਸੁਬੇਗ ਸਿੰਘ ਜੀ ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਅਕਤੂਬਰ ਤਕ ਮੁਕੰਮਲ ਕਰ ਲਿਆ ਜਾਵੇਗਾ ਤੇ ਜਿੰਨੇ ਵੀ ਮੁੱਖ ਦਰਵਾਜ਼ੇ ਬਣਾਏ ਜਾਣਗੇ, ਉਨ੍ਹਾਂ ਦਾ ਨਾਮ ਧਾਰਮਕ ਸ਼ਖ਼ਸੀਅਤਾਂ ਦੇ ਨਾਮ 'ਤੇ ਰੱਖੇ ਜਾਣਗੇ।