ਧਰਮ ਅਤੇ ਨੈਤਿਕਤਾ

ਧਰਮ ਅਤੇ ਨੈਤਿਕਤਾ

 

ਸੁਨਣ ਨੂੰ ਇਹ ਸ਼ਬਦ ਸਾਨੂੰ ਸਮਅਰਥੀ ਜਿਹੇ ਲੱਗਦੇ ਨੇ। ਪਰ ਅਜੋਕੇ ਦੌਰ ਵਿੱਚ ਇਹ ਦੋ ਬਿਲਕੁਲ ਹੀ ਅਲੱਗ ਅਲੱਗ ਵਿਸ਼ੇ ਨੇ।ਧਰਮ ਦੀ ਪਰਿਭਾਸ਼ਾ ਕੱਟੜਤਾ ਤੋਂ ਵੱਧ ਕੁਝ ਨਹੀਂ ਰਹੀ। ਨੈਤਿਕਤਾ ਨੂੰ ਧਰਮਾਂ ਨੇ ਹਾਈਜੈਕ ਕਰ ਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਸਾਨੂੰ ਕੀ ਮਿਲ ਰਿਹਾ ਹੈ ਇਸ ਧਾਰਮਿਕ ਸੋਚ ਵਿਚੋਂ। ਜਿੰਨੀ ਮਾਰਧਾੜ ਧਰਮਾਂ ਦੇ ਨਾਮ ਤੇ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਕਿਤੇ ਹੋਰ ਨਹੀਂ ਹੁੰਦੀ। ਜਿੰਨੀ ਜ਼ਹਿਰੀਲੀ ਸੋਚ ਤੇ ਨਫਰਤ ਧਰਮਾਂ ਦੇ ਠੇਕੇਦਾਰ ਫੈਲਾਉਂਦੇ ਨੇ। ਹੋਰ ਕਿਸੇ ਲਈ ਸ਼ਾਇਦ ਸੰਭਵ ਵੀ ਨਹੀਂ ਹੈ। ਸਦੀਆਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ।ਜਿਨ੍ਹਾਂ ਮਹਾਨ ਤੇ ਉਸਾਰੂ ਸੋਚ ਦੇ ਲੋਕਾਂ ਨੇ ਇਸ ਸਭ ਦੇ ਖਿਲਾਫ ਆਵਾਜ਼ ਉਠਾਈ ਅਸੀਂ ਏਨੇ ਢੀਠ ਹਾਂ ਕਿ ਉਨ੍ਹਾਂ ਦੀ ਸੋਚ ਨੂੰ ਵੀ ਧਰਮਾਂ ਵਿੱਚ ਜਕੜਨ ਤੋਂ ਗੁਰੇਜ਼ ਨਹੀਂ ਕਰਦੇ।ਵੇਦਾਂ ਪੁਰਾਣਾਂ ਦੀਆਂ ਕਥਾਵਾਂ ਔਰਤਾਂ ਨੂੰ ਅਤੇ ਸ਼ੂਦਰਾਂ ਨੂੰ ਸਿੱਖਿਆ ਦੇਣ ਦੇ ਖਿਲਾਫ ਨੇ । ਕਿਉਂ? ਕਿਉਂਕਿ ਗਿਆਨਵਾਨ ਨੂੰ ਹੀ ਖਤਰਨਾਕ ਸਮਝਿਆ ਗਿਆ।ਜਿਸਨੂੰ ਕੁਝ ਸਿਖਾਇਆ ਹੀ ਨਾ ਜਾਵੇ ਉਹ ਸਿਰਫ ਇਨ੍ਹਾਂ ਧਾਰਮਿਕ ਪਾਖੰਡੀਆਂ ਦੀ ਪੂਜਾ ਕਰਨ ਜੋਗਾ ਹੀ ਰਹੇਗਾ। ਜਿਹੜਾ ਧਰਮ ਅਗਲੇ ਜਨਮ ਨੂੰ ਸੁਧਾਰਨ ਲਈ ਇਸ ਜਨਮ ਨੂੰ ਪਾਖੰਡ ਤੋਂ ਕੁਰਬਾਨ ਕਰਨ ਦੀ ਸਿੱਖਿਆ ਦੇਵੇ ਉਹ ਧਰਮ ਕਦੇ ਵੀ ਕਲਿਆਣਕਾਰੀ ਨਹੀਂ ਹੋ ਸਕਦਾ। ਇਨ੍ਹਾਂ ਧਰਮਾਂ ਨੇ ਸਦੀਆਂ ਤੋਂ ਲੋਕਾਂ ਨੂੰ ਅਜਿਹੀਆਂ ਬਚਕਾਨੀਆਂ ਕਹਾਣੀਆਂ ਵਿੱਚ ਉਲਝਾ ਕੇ ਇਨਸਾਨੀਅਤ ਦਾ ਰੱਜ ਕੇ ਸ਼ੋਸ਼ਣ ਕੀਤਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਇਹ ਡਰਾਮੇਬਾਜ਼ੀ ਨਹੀਂ ਚੱਲਦੀ ਉਹ ਵਿਕਾਸ ਕਰ ਰਹੇ ਨੇ। ਪਰ ਸਾਡਾ ਵਿਕਾਸ ਹੁਣ ਵੀ ਹਵਨਾਂ ਯੱਗਾਂ ਦਾ ਮੋਹਤਾਜ ਹੈ।ਜਿੰਨੇ ਬਾਹਰੀ ਲੋਕਾਂ ਨੇ ਇਸ ਦੇਸ਼ ਤੇ ਹਮਲੇ ਕੀਤੇ ਉਨ੍ਹਾਂ ਨੇ ਮੰਦਰਾਂ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਕਿਉਂਕਿ ਉਹ ਜਾਣਦੇ ਸਨ ਕਿ ਇਸ ਦੇਸ਼ ਦੇ ਲੋਕਾਂ ਦੀ ਸੋਚ ਏਦਾਂ ਦੀ ਹੈ ਕਿ ਉਹ ਇਨਸਾਨੀਅਤ ਨੂੰ ਲੁੱਟ ਕੇ ਨਪੀੜ ਕੇ ਸਭ ਕੁੱਝ ਪੱਥਰਾਂ ਦੇ ਅੱਗੇ ਭੇਟ ਕਰ ਦਿੰਦੇ ਨੇ।ਜਦ ਉਨ੍ਹਾਂ ਨੇ ਇਨ੍ਹਾਂ ਮੰਦਰਾਂ ਵਿਚੋਂ ਕੀਮਤੀ ਭਗਵਾਨਾਂ ਨੂੰ ਲੁੱਟ ਕੇ ਆਪਣੇ ਖਜ਼ਾਨੇ ਦਾ ਹਿੱਸਾ ਬਣਾ ਲਿਆ ਸਾਡੇ ਅਖੌਤੀ ਧਾਰਮਿਕ ਰਹਿਬਰ ਕੁਝ ਨਾ ਕਰ ਸਕੇ।ਜੋ ਕਹਿੰਦੇ ਸਨ ਕਿ ਇਨ੍ਹਾਂ ਮੰਦਰਾਂ ਤੇ ਹਮਲਾ ਕਰਨ ਵਾਲੇ ਅੰਨ੍ਹੇ ਹੋ ਜਾਣਗੇ।ਪਰ ਅਸੀਂ ਅੱਖਾਂ ਨਾਲ ਦੇਖਿਆ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ ਕਿ ਉਹ ਲੁੱਟ ਕੇ ਜਾਂਦੇ ਨੇ ਅਸੀਂ ਫਿਰ ਤੋਂ ਆਪਣੇ ਦੇਸ਼ ਦੇ ਵਿਕਾਸ ਵਿੱਚ ਲੱਗਣ ਵਾਲੀ ਪੂੰਜੀ ਇਨ੍ਹਾਂ ਅੱਗੇ ਇਕੱਠੀ ਕਰ ਕਰ ਪੱਥਰਾਂ ਨਾਲ ਮੱਥੇ ਪਟਕਣੇ ਸ਼ੁਰੂ ਕਰ ਦਿੰਦੇ ਹਾਂ।ਸਾਰੀ ਦੁਨੀਆਂ ਨੂੰ ਛੱਡ ਕੇ ਬੱਸ ਇਹੀ ਦੇਸ਼ ਹੈ ਜਿੱਥੇ ਕਰੋੜਾਂ ਦੀ ਗਿਣਤੀ ਦੇਵੀ ਦੇਵਤਿਆਂ ਦੀ ਹੈ। ਅਤੇ ਜੋ ਭ੍ਰਿਸ਼ਟਾਚਾਰ ਵਿੱਚ ਅਵੱਲ ਦਰਜਾ ਰੱਖਦਾ ਹੈ।
ਜਦੋਂ ਤੱਕ ਲੋਕਾਂ ਨੂੰ ਸਮਝ ਨਹੀਂ ਸੀ ਜਾਂ ਕਹੋ ਕਿ ਉਨ੍ਹਾਂ ਨੂੰ ਜਾਣਬੁਝ ਕੇ ਬੇਸਮਝ ਰੱਖਿਆ ਜਾਂਦਾ ਸੀ। ਉਹ ਸਿਰਫ ਗਿਆਨੀ ਅਖਵਾਉਣ ਵਾਲੇ ਤੇ ਵੇਦਾਂ ਸ਼ਾਸਤਰਾਂ ਦੀ ਰਚਨਾ ਕਰਨ ਵਾਲਿਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਰਹੇ।ਉਸ ਸਮੇਂ ਦੇ ਗਿਆਨੀਆਂ ਨੇ ਮੰਤਰਾਂ ਦੇ ਜਾਪ ਕਰਨ ਤੋਂ ਇਲਾਵਾ ਕੀ ਕੋਈ ਖੋਜ ਕੀਤੀ ?ਜੋ ਇਨਸਾਨੀਅਤ ਦੇ ਕੰਮ ਆਉਣ ਯੋਗ ਹੋਵੇ। ਜਦੋਂ ਤੁਹਾਡਾ ਸਿਰਫ ਸ਼ੋਸ਼ਣ ਕੀਤਾ ਗਿਆ ਉਸਨੂੰ ਤੁਸੀਂ ਧਰਮ ਕਹਿੰਦੇ ਹੋ।ਉਸ ਸਮੇਂ ਨੂੰ ਤੁਸੀਂ ਸਤਯੁੱਗ ਕਹਿੰਦੇ ਹੋ।
ਜਦੋਂ ਆਮ ਲੋਕ ਸਿਖਿੱਅਤ ਹੋ ਗਏ ਡਾਕਟਰ ਵਕੀਲ ਇੰਜੀਨੀਅਰ ਵਿਗਿਆਨਕ ਅਤੇ ਵਿਦਵਾਨ ਬਨਣ ਲੱਗੇ ਹਜ਼ਾਰਾਂ ਖੋਜਾਂ ਹੋਂਦ ਵਿੱਚ ਆਈਆਂ ਤੁਹਾਡਾ ਜੀਵਨ ਜਿਉਣ ਲਾਇਕ ਹੋ ਗਿਆ।ਤਾਂ ਵੀ ਤੁਸੀਂ ਇਨ੍ਹਾਂ ਪਾਖੰਡੀਆਂ ਦੀ ਭਾਸ਼ਾ ਨਹੀਂ ਛੱਡੀ ਅਤੇ ਇਨ੍ਹਾਂ ਸੁਖ ਸੁਵਿਧਾਵਾਂ ਦੇਣ ਵਾਲਿਆਂ ਨੂੰ ਨਾਸਤਿਕ ਅਤੇ ਇਸ ਸਮੇਂ ਨੂੰ ਤੁਸੀਂ ਕਲਯੁੱਗ ਦਾ ਨਾਮ ਦੇ ਦਿੱਤਾ ਸਾਰੀਆਂ ਸੁਵਿਧਾਵਾਂ ਲੈਣ ਦੇ ਬਾਵਜੂਦ। ਕਿਉਂਕਿ ਤਹਾਨੂੰ ਧਰਮਾਂ ਨੇ ਇਹੀ ਸਿਖਾਇਆ ਹੈ ਕਿ ਗੁਲਾਮੀ ਹੀ ਸਤਯੁੱਗ ਹੈ ਅਤੇ ਗਿਆਨਵਾਨ ਹੋ ਜਾਣਾ ਹੀ ਕਲਯੁੱਗ । 


ਗੁਸਤਾਖੀ ਲਈ ਮੁਆਫੀ ਜੀ।
ਪਵਨਪ੍ਰੀਤ ਕੌਰ