ਸਿੱਖਿਆ ਦਾ ਮਕਸਦ :- ਪਵਨਪ੍ਰੀਤ ਕੌਰ

ਸਿੱਖਿਆ ਦਾ ਮਕਸਦ   :-    ਪਵਨਪ੍ਰੀਤ ਕੌਰ

 

 

ਸਿੱਖਿਆ ਦਾ ਮਕਸਦ


ਆਦਿ ਕਾਲ ਤੋਂ ਹੀ ਮਨੁੱਖ ਜਿਗਿਆਸੂ ਪ੍ਰਾਣੀ ਹੈ।ਜੋ ਜੋ ਅਸੀਂ ਦੇਖਦੇ ਹਾਂ ਆਪਣੇ ਆਸ ਪਾਸ ਉਸ ਨੂੰ ਜਾਨਣ ਦੀ ਜਿਗਿਆਸਾ ਹੋਣਾਂ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਹੈ।ਇਸ ਜਿਗਿਆਸਾ ਦੀ ਪੂਰਤੀ ਅਧੀਨ ਹੀ ਸ਼ਾਇਦ ਹੁਣ ਤੱਕ ਬਹੁਤ ਗਿਆਨ ਅਸੀਂ ਹਾਸਿਲ ਕੀਤਾ। ਬਹੁਤ ਕੁਝ ਸਮਝਿਆ ਜਾਣਿਆਂ।ਜੋ ਕਲਪਨਾ ਚ ਵੀ ਨਹੀਂ ਸੀ ਉਹ ਸਭ ਕੁਝ ਸੰਭਵ ਹੋ ਸਕਿਆ।
ਭੌਤਿਕਵਾਦੀ ਗਿਆਨ ਦੀ ਤਰੱਕੀ ਨੇ ਅੰਬਰਾਂ ਨੂੰ ਛੂਹਿਆ।ਦੂਜੇ ਗ੍ਰਹਿਆਂ ਤੱਕ ਪਹੁੰਚ ਹੋਈ।ਹਵਾਈ ਜ਼ਹਾਜ਼ਾਂ ਦਾ ਸਫਰ ਤੇ ਬਹੁਤ ਕੁਝ ਜੋ ਸਾਡੀ ਜ਼ਿੰਦਗੀ ਵਿੱਚ ਯਕੀਨਨ ਹੀ ਮਾਣਯੋਗ ਬਦਲਾਅ ਨੇ।


ਇਹ ਸਭ ਨੂੰ ਹਾਸਿਲ ਕਰਨ ਦਾ ਮਕਸਦ ਇਨਸਾਨੀਅਤ ਦੀ ਸੇਵਾ ਹੀ ਸੀ।ਮੈਂ ਨਮਨ ਕਰਦੀ ਹਾਂ ਉਨ੍ਹਾਂ ਮਹਾਨ ਰੂਹਾਂ ਨੂੰ ਜਿਨ੍ਹਾਂ ਨੇ ਆਪਣੀ ਸਾਰੀ ਸਾਰੀ ਜ਼ਿੰਦਗੀ ਇਸ ਸੇਵਾ ਵਿੱਚ ਲਾਕੇ ਸਾਨੂੰ ਪੱਥਰ ਯੁੱਗ ਵਿਚੋਂ ਕੱਢਕੇ ਇਸ ਯੁੱਗ ਦੇ ਹਾਣੀ ਬਣਾਇਆ।
ਪਰ ਅਸੀਂ ਜਾਣਦੇ ਹਾਂ ਕਿ ਹਰ ਤਰੱਕੀ ਦੇ ਹਾਂ ਪੱਖੀ ਪੱਖਾਂ ਦੇ ਨਾਲ ਹੀ ਨਾਂਹ ਪੱਖੀ ਦਿਮਾਗਾਂ ਨੂੰ ਵੀ ਤਰੱਕੀ ਦੇ ਮੌਕੇ ਜ਼ਰੂਰ ਮਿਲਦੇ ਨੇ।ਅਸੀਂ ਇਸ ਤਰੱਕੀ ਨੂੰ ਸਹੀ ਸੇਧ ਦੇਣ ਵਿੱਚ ਸ਼ਾਇਦ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ।ਇੱਕ ਅਨਪੜ੍ਹ ਤੇ ਅਗਿਆਨੀ ਮਨੁੱਖ ਦੀ ਗਲਤੀ ਵੀ ਛੋਟੀ ਹੀ ਹੋਵੇਗੀ। ਪਰ ਜਦ ਕੋਈ ਪੜ੍ਹਿਆ ਲਿਖਿਆ ਤੇ ਗਿਆਨੀ ਬੰਦਾ ਗਲਤੀ ਕਰਦਾ ਹੈ ।ਇਤਿਹਾਸ ਗਵਾਹ ਹੈ ਕਿ ਉਸਦਾ ਤੋੜ ਲੱਭਣਾਂ ਸਮੇਂ ਦੇ ਵਾਰਿਸਾਂ ਨੂੰ ਬਹੁਤ ਮਹਿੰਗਾ ਪੈਂਦਾ ਹੈ।ਹਿਟਲਰ ਦਾ ਗਿਆਨ ਉਸਨੂੰ ਢਾਈ ਕਰੋੜ ਬੰਦਿਆਂ ਦਾ ਕਾਤਿਲ ਬਣਾ ਗਿਆ।ਇੱਕ ਪੜ੍ਹਿਆ ਲਿਖਿਆ ਬੰਦਾ ਹੀ ਜ਼ਹਾਜ਼ ਹਾਈਜੈਕ ਕਰ ਸਕਦਾ ਹੈ। ਐਟਮ ਬੰਬ ਬਣਾ ਸਕਦਾ ਹੈ।ਹਵਾਈ ਜ਼ਹਾਜ਼ ਦੀ ਟੱਕਰ ਨਾਲ ਅਮਰੀਕਾ ਵਰਗੇ ਵਿਕਸਿਤ ਦੇਸ਼ ਦੇ ਟਾਵਰ ਤਬਾਹ ਕਰ ਸਕਦਾ ਹੈ।


ਤਰਾਸਦੀ ਹੈ ਸਾਡੀ ਕਿ ਅਸੀਂ ਗਿਆਨ ਨੂੰ ਦਿਸ਼ਾ ਦੇਣ ਤੋਂ ਅਵੇਸਲੇ ਹੀ ਰਹਿੰਦੇ ਹਾਂ।ਅਤੇ ਦਿਸ਼ਾਹੀਣ ਗਿਆਨ ਹਮੇਸ਼ਾ ਮੁਸੀਬਤਾਂ ਦਾ ਕਾਰਨ ਹੀ ਬਣੇਗਾ। ੫੦ ੫੦ ਸਾਲ ਵਿਦੇਸ਼ਾਂ ਵਿੱਚ ਕਾਲਜਾਂ ਯੂਨੀਵਰਸਿਟੀਆਂ ਵਿੱਚ ਧੱਕੇ ਖਾਣ ਤੋਂ ਬਾਅਦ ਵੀ ਜੇਕਰ ਆਪਣੀਆਂ ਕਮਜ਼ੋਰੀਆਂ ਦਿਖਾਈ ਦੇਣ ਨਾ ਲੱਗਣ ਤਾਂ ਇਹ ਗਿਆਨ ਸਿਰ ਦਾ ਬੋਝ ਹੋਵੇਗਾ ਅਜਿਹਾ ਗਿਆਨੀ ਹੰਕਾਰ ਤੋਂ ਸਿਵਾ ਕੁਝ ਹਾਸਿਲ ਨਹੀਂ ਕਰ ਸਕੇਗਾ। ਉਸਦਾ ਗਿਆਨ ਵਾਹ ਵਾਹ ਸੁਨਣ ਤੋਂ ਅੱਗੇ ਨਹੀਂ ਜਾ ਸਕੇਗਾ।ਉਹ ਇਸਦੇ ਮਕਸਦ ਤੋਂ ਹਮੇਸ਼ਾਂ ਅਨਜਾਣ ਰਹੇਗਾ।


ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਨੂੰ ਅੰਦਰ ਦੀਆਂ ਕਮਜ਼ੋਰੀਆਂ ਦਿਖਾਈ ਨਹੀਂ ਦਿੰਦੀਆਂ ਕਿਉਂਕਿ ਉਹ ਬਾਹਰੀ ਕਮਜ਼ੋਰੀਆਂ ਨਾਲ ਲੜ੍ਹਨ ਲਈ ਮਜ਼ਬੂਰ ਹੈ।ਉਸਨੂੰ ਮੌਕਾ ਹੀ ਨਹੀਂ ਮਿਲਿਆ ਅੰਦਰ ਜਾਣ ਦਾ ਪਰ ਜੇ ਕੋਈ ਬਾਹਰੋਂ ਸਮਰੱਥ ਤੇ ਗਿਆਨਵਾਨ ਹੋਣ ਦੇ ਬਾਵਯੂਦ ਵੀ ਆਪਣਾ ਅੰਦਰ ਦੇਖ ਨਾ ਸਕੇ। ਜਾਂ ਜਾਣਦੇ ਹੋਏ ਵੀ ਦੋਹਰਾ ਕਿਰਦਾਰ ਨਿਭਾ ਰਿਹਾ ਹੋਵੇ ਤਾਂ ਇਹ ਮਨੁੱਖ ਪੜ੍ਹਿਆ ਲਿਖਿਆ ਮੂਰਖ ਹੋਵੇਗਾ। ਸਿਆਣਪ ਜਾਂ ਅਗਵਾਈ ਦੀ ਉਮੀਦ ਅਜਿਹੇ ਮਨੱਖਾਂ ਤੋਂ ਨਹੀਂ ਕਰਨੀ ਚਾਹੀਦੀ। ਅਜਿਹੇ ਮਨੁੱਖ ਲਈ ਗੁਰਬਾਣੀ ਵਿੱਚ ਫੁਰਮਾਨ ਹੈ। 
ਪੜਿਆ ਮੂਰਖ ਆਖੀਐ ਜਿਤੁ ਲਬੁ ਲੋਭੁ ਅਹੰਕਾਰੁ।।


ਸੋ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਅਜਿਹੇ ਬਦਲਾਵ ਹੋਣੇ ਲਾਜ਼ਮੀ ਨੇ ਜੋ ਇਨਸਾਨ ਨੂੰ ਇਨਸਾਨ ਬਨਣ ਤੇ ਜ਼ੋਰ ਦੇਣ।ਇਨ੍ਹਾਂ ਸਭ ਤਰੱਕੀਆਂ ਦਾ ਵੀ ਮਕਸਦ ਫਿਰ ਹੀ ਉੱਚਾ ਹੋ ਸਕੇਗਾ। ਅਸੀਂ ਸਫਲ ਤੇ ਕਾਮਯਾਬ ਮਸ਼ੀਨਾਂ ਪੈਦਾ ਕਰ ਰਹੇ ਹਾਂ। ਇਨਸਾਨੀਅਤ ਸਾਡੇ ਹੱਥੋਂ ਕਿਰਦੀ ਜਾ ਰਹੀ ਹੈ।ਸੋਸ਼ਲ ਮੀਡੀਆ ਦੀ ਵਰਤੋਂ ਆਮ ਇਨਸਾਨ ਦੀ ਪਹੁੰਚ ਵਿੱਚ ਆ ਜਾਣ ਤੋਂ ਵੀ ਸਾਡੀ ਮਾਨਸਿਕ ਅਵਸਥਾ ਦਾ ਅੰਦਾਜ਼ਾ ਅਸੀਂ ਸਹਿਜੇ ਹੀ ਲਾ ਸਕਦੇ ਹਾਂ ਕਿ ਅਸੀਂ ਕੀ ਹਾਂ? 


ਕਦੇ ਵੀ ਕਾਨੂੰਨ ਸਜ਼ਾਵਾਂ ਸੋਚ ਵਿੱਚ ਉਹ ਬਦਲਾਅ ਨਹੀਂ ਲਿਆ ਸਕਦੀਆਂ ਜੋ ਸਿੱਖਿਆ ਪ੍ਰਣਾਲੀ ਨਾਲ ਸੰਭਵ ਹੋਣ। ਕੰਡੇਦਾਰ ਝਾੜੀਆਂ ਦੇ ਬੀਜ ਹਮੇਸ਼ਾ ਕੰਡੇ ਪੈਦ ਕਰਨਗੇ। ਤੁਸੀਂ ਜਿੰਨਾ ਮਰਜ਼ੀ ਕਾਂਟ ਛਾਂਟ ਤੇ ਸਜਾਵਟ ਕਰੋ।ਇਸ ਲਈ ਜ਼ਰਖੇਜ਼ ਜ਼ਮੀਨ ਸਾਫ ਹਵਾ ਪਾਣੀ ਤੇ ਸਵਸਥ ਬੀਜ ਬਹੁਤ ਜ਼ਰੂਰੀ ਨੇ।ਯਾਦ ਇਹ ਰੱਖਣਾ ਪੈਣਾਂ ਕਿ ਸਵਸਥ ਬੀਜ ਸਵਸਥ ਪੌਦਾ ਹੀ ਪੈਦਾ ਕਰ ਸਕਦਾ ਹੈ।


 ਪਵਨਪ੍ਰੀਤ ਕੌਰ