ਹੁਣ ਸਮਾਂ ਏ ਪੀਜ਼ਾ, ਪੀਜੀ ਤੇ ਪਲਾਜ਼ਾ ਦਾ

ਹੁਣ ਸਮਾਂ ਏ ਪੀਜ਼ਾ, ਪੀਜੀ ਤੇ ਪਲਾਜ਼ਾ ਦਾ

ਕਹਿੰਦੇ ਨੇ ਸਮਾਂ ਸਦਾ ਇਕੋ ਜਿਹਾ ਨਹੀਂ ਰਹਿੰਦਾ ਸਗੋਂ ਇਹ ਤਾਂ ਬਹੁਤ ਤੇਜ਼ੀ ਨਾਲ ਬਦਲਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਅਪਣੇ ਬਜ਼ੁਰਗਾਂ ਵਲੋਂ ਦੱਸੀਆਂ ਗੱਲਾਂ ਬਹੁਤ ਹੀ ਅਜੀਬ ਅਤੇ ਅਸੰਭਵ ਜਿਹੀਆਂ ਲਗਦੀਆਂ ਹਨ। ਜਦੋਂ ਕੋਈ ਬਜ਼ੁਰਗ ਕਹਿੰਦਾ ਹੈ ਕਿ ਪੁਰਾਣੇ ਸਮੇਂ ਵਿਚ ਉਹ ਇਕ ਆਨੇ ਵਿਚ ਮੇਲਾ ਵੇਖ ਆਉਂਦੇ ਸੀ ਤਾਂ ਅੱਜ ਦੇ ਬੱਚਿਆਂ ਨੂੰ ਪਹਿਲਾ ਤਾਂ ਆਨੇ ਬਾਰੇ ਪਤਾ ਨਹੀਂ ਚਲਦਾ ਪਰ ਜੇ ਉਹ ਸਮਝਾਉਣ ਤੇ ਸਮਝ ਜਾਣ ਤਾਂ ਉਹ ਹੈਰਾਨ ਜ਼ਰੂਰ ਹੁੰਦੇ ਹਨ ਕਿ ਸਿਰਫ਼ ਚਾਰ ਪੈਸਿਆਂ ਵਿੱਚ ਮੇਲਾ ਕਿਵੇਂ ਵੇਖ ਹੋ ਗਿਆ ਜਦੋਂ ਕਿ ਅੱਜ ਦੇ ਬੱਚੇ ਤਾਂ ਮੇਲੇ ਜਾ ਕੇ ਸੈਂਕੜਿਆਂ ਵਿਚ ਰੁਪਏ ਖ਼ਰਚ ਕਰ ਦੇਂਦੇ ਹਨ।

ਇਸ ਦਾ ਜਵਾਬ ਵੀ ਉਹ ਬਜ਼ੁਰਗ ਬਹੁਤ ਹੀ ਸਲੀਕੇ ਨਾਲ ਦੇਂਦਾ ਹੋਇਆ ਦਸਦਾ ਏ ਕਿ ਇਕ ਪੈਸੇ ਦੇ ਬੇਰ ਲਏ ਪੱਲਾ ਭਰ ਗਿਆ, ਇਕ ਪੈਸੇ ਤੇ ਪਕੌੜੇ ਖਾਂਦੇ, ਇਕ ਪੈਸੇ ਦੀਆਂ ਅਸੀ ਚਾਰ ਦੋਸਤਾਂ ਨੇ ਚਾਰ ਕੁਲਫ਼ੀਆਂ ਲੈ ਲਈਆਂ ਅਤੇ ਇਕ ਪੈਸੇ ਦੀ ਅਸੀ ਖੇਡਣ ਲਈ ਦੋਹਾਂ ਭਰਾਵਾਂ ਦੇ ਵਧੀਆ ਗੇਂਦ ਲੈ ਲਈ, ਬਸ ਹੋ ਗਿਆ ਮੇਲਾ। ਉਹ ਬਜ਼ੁਰਗ ਇਹ ਵੀ ਦਸਦਾ ਕਿ ਉਨ੍ਹਾਂ ਨੇ ਅਪਣੀ ਸਾਰੀ ਉਮਰ ਵਿਚ ਸਮੇਂ ਨੂੰ ਬਹੁਤ ਰੰਗ ਬਦਲਦੇ ਵੇਖਿਆ ਹੈ। ਦਸਦੇ-ਦਸਦੇ ਉਹ ਬਦਲਦੇ ਜ਼ਮਾਨੇ ਦੀਆਂ ਕਈ ਗੱਲਾਂ, ਗੱਲਾਂ ਵਿਚ ਹੀ ਦੱਸ ਜਾਂਦਾ ਹੈ।

ਜਿਵੇਂ ਉਹ ਕਹਿੰਦਾ ਹੈ ਕਿ ਭਾਈ ਪਹਿਲਾਂ ਕੁੜੀਆਂ ਪੜ੍ਹਦੀਆਂ ਨਹੀਂ ਸਨ, ਸਗੋਂ ਘਰ ਵਿਚ ਕੱਤਣ ਜਾਂ ਕੱਢ-ਕਢਾਈ ਦਾ ਕੰਮ ਕਰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਕੁੜੀਆਂ ਹੁੰਦੀਆਂ ਵੀ ਬੜੀਆਂ ਸ਼ਰਮੀਲੀਆਂ ਸਨ। ਬੁੱਢੀਆਂ ਵੀ ਘਰੋਂ ਬਾਹਰ ਜਾਣ ਲੱਗੀਆਂ ਵੱਡੇ-ਵੱਡੇ ਘੱਗਰੇ ਪਾਉਂਦੀਆਂ ਤੇ ਔਰਤਾਂ ਘੁੰਡ ਕੱਢੇ ਕੇ ਰਖਦੀਆਂ ਤੇ ਕਦੇ ਚੁੰਨੀ ਸਿਰ ਤੋਂ ਨਹੀਂ ਸੀ ਲਹਿਣ ਦਿੰਦੀਆਂ। ਚੰਗਾ ਸੀ ਜ਼ਮਾਨਾ, ਉਸ ਬਜ਼ੁਰਗ ਨੇ ਹਉਕਾ ਭਰ ਕੇ ਕਹਿ ਹੀ ਦਿਤਾ। ਜੇ ਅੱਜ ਅਸੀ ਦੇਸ਼ ਦੇ ਜਾਂ ਅਪਣੇ ਸੂਬੇ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਮੁੰਡੇ-ਕੁੜੀਆਂ ਅਪਣੀ ਪੜ੍ਹਾਈ ਕਰਨ ਲਈ ਮਾਪਿਆਂ ਤੋਂ ਦੂਰ ਪੀਜੀ ਦੇ ਤੌਰ ਉਤੇ ਰਹਿੰਦੇ ਹਨ।

ਇਨ੍ਹਾਂ ਵਿਚ ਬਹੁਤੇ ਬਚੇ ਦੂਰ-ਦੁਰਾਡੇ ਦੇ ਪਿੰਡਾਂ ਜਾਂ ਦੂਜੇ ਸ਼ਹਿਰਾਂ ਤੋਂ ਆਉਂਦੇ ਹਨ। ਵੇਖਣ ਵਿਚ ਆਇਆ ਹੈ ਕਿ ਅਜਕਲ ਪੀਜੀ ਦਾ ਖ਼ਰਚਾ ਦਿਨ-ਬ-ਦਿਨ ਵਧਦਾ ਹੀ ਜਾਂਦਾ ਹੈ। ਇਥੋਂ ਤਕ ਕਿ ਇਕ ਬੱਚੇ ਦਾ ਇਕ ਮਹੀਨੇ ਦਾ ਪੀਜੀ ਦਾ ਖ਼ਰਚਾ ਲੱਗਭਗ ਦਸ ਹਜ਼ਾਰ ਰੁਪਏ ਆ ਜਾਂਦਾ ਹੈ। ਮਾਪੇ ਮਜ਼ਬੂਰ ਹਨ, ਚੰਗਾ ਮਕਾਨ ਤੇ ਚੰਗਾ ਖਾਣਾ ਬੱਚੇ ਲਈ ਜ਼ਰੂਰੀ ਹੈ। ਅਜਕਲ ਇਹ ਪੀਜੀ ਦੀ ਪ੍ਰਥਾ ਬਹੁਤ ਪੈਰ ਪ੍ਰਸਾਰ ਰਹੀ ਹੈ ਪਰ ਇਸ ਦਾ ਮੁੱਖ ਕਾਰਨ ਚੰਗੇ ਸ਼ਹਿਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਤੇ ਲੋੜ ਅਨੁਸਾਰ ਸਰਕਾਰ ਵਲੋਂ ਚੰਗੇ ਹੋਸਟਲ ਪ੍ਰਦਾਨ ਨਾ ਕਰਨਾ ਹੈ, ਜਿੱਥੇ ਬੱਚਿਆਂ ਨੂੰ ਚੰਗਾ ਖਾਣਾ ਤੇ ਰਿਹਾਇਸ਼ ਮਿਲ ਸਕੇ।

ਅਜਿਹੇ ਹੋਸਟਲਾਂ ਵਿਚ ਰਹਿਣ ਵਾਲੇ ਮੁੰਡੇ-ਕੁੜੀਆਂ ਦੇ ਮਾਪਿਆਂ ਦੀ ਚਿੰਤਾ ਵੀ ਘੱਟ ਜਾਂਦੀ ਹੈ। ਪੀਜੀ ਵਿਚ ਬੱਚਿਆਂ ਦੀ ਵੱਧ ਆਜ਼ਾਦੀ ਕਾਰਨ ਉਨ੍ਹਾਂ ਦੇ ਵਿਗੜਣ ਦਾ ਡਰ ਵੀ ਰਹਿੰਦਾ ਹੈ ਜਿਸ ਕਰ ਕੇ ਮਾਪੇ ਵੀ ਚਿੰਤਤ ਰਹਿੰਦੇ ਹਨ।ਇਸ ਤਰ੍ਹਾਂ ਅਜਕਲ ਦੇ ਬੱਚੇ ਚੰਗੇ ਭੋਜਨ ਦੀ ਥਾਂ, ਫਾਸਟ ਫ਼ੂਡ ਨੂੰ ਤਰਜੀਹ ਦੇਂਦੇ ਹਨ ਅਤੇ ਉਨ੍ਹਾਂ ਵਿਚ ਜ਼ਿਆਦਾ ਚਟਪਟੇ ਤੇ ਬਜ਼ਾਰੂ ਖਾਣੇ ਹੀ ਹੁੰਦੇ ਹਨ। ਅਜਕਲ ਦੇ ਮੁੰਡਿਆਂ-ਕੁੜੀਆਂ ਵਿਚ ਪੀਜ਼ਾ ਖਾਣ ਦਾ ਸ਼ੌਕ ਸਿਖਰਾਂ ਉਤੇ ਹੈ। ਉਹ ਪੀਜ਼ੇ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਇਸ ਪੀਜ਼ੇ ਦੀ ਹੀ ਅਪਣੇ ਦੋਸਤਾਂ ਨੂੰ ਪਾਰਟੀ ਕਰਦੇ ਹਨ।

ਨਤੀਜੇ ਵਜੋਂ ਉਹ ਪੀਜ਼ੇ ਦੀ ਚਾਟ ਉਤੇ ਹੀ ਲੱਗ ਜਾਂਦੇ ਹਨ ਤੇ ਇਸ ਉਤੇ ਵਾਧੂ ਖ਼ਰਚ ਵੀ ਕਰਦੇ ਹਨ। ਉਧਰ ਪੀਜ਼ਾ ਬਣਾਉਣ ਵਾਲੀਆਂ ਨਵੀਂਆਂ-ਨਵੀਂਆਂ ਦੁਕਾਨਾਂ ਖੁਲ੍ਹ ਰਹੀਆਂ ਹਨ ਤੇ ਮਨਮਰਜ਼ੀ ਦੇ ਪੈਸੇ ਵਸੂਲ ਰਹੀਆਂ ਹਨ। ਘਰਾਂ ਵਿਚ ਛੋਟੇ ਬੱਚੇ ਵੀ ਰੋਟੀ ਦੀ ਥਾਂ ਪੀਜ਼ਾ ਪਸੰਦ ਕਰਨ ਲੱਗ ਪਏ ਹਨ ਭਾਵੇਂ ਉਹ ਵੱਧ ਬਿਮਾਰ ਹੀ ਕਿਉਂ ਨਾ ਰਹਿਣ ਲੱਗਣ। ਇਸ ਲਈ ਮਾਪਿਆਂ, ਅਧਿਆਪਕਾਂ ਤੇ ਸਿਹਤ ਵਿਭਾਗਾਂ ਨੂੰ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਖ਼ੂਬ ਪ੍ਰਚਾਰ ਕਰਨਾ ਚਾਹੀਦਾ ਹੈ।

ਪੀਜ਼ੇ ਦੀ ਲੁੱਟ ਤੋਂ ਬੱਚਿਆਂ ਨੂੰ ਬਚਾਉਣ ਲਈ ਹਰ ਇਸ ਤਰ੍ਹਾਂ ਦੀ ਆਈਟਮ ਦੇ ਰੇਟ ਨਿਰਧਾਰਤ ਕਰਨੇ ਚਾਹੀਦੇ ਹਨ ਤੇ ਇਸ ਲਈ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਕਿ ਬੱਚਿਆਂ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਤੀਜੀ ਗੱਲ ਜੋ ਅੱਜ ਦੇ ਜ਼ਮਾਨੇ ਵਿਚ ਘਰ ਕਰ ਗਈ ਹੈ, ਉਹ ਹੈ ਪਲਾਜ਼ਾ। ਕਈ ਦੁਕਾਨਾਂ ਦੀ ਯੋਜਨਾਬੱਧ ਕਰ ਕੇ ਨਵਾਂ ਕੰਪਲੈਕਸ ਬਣਾ ਕੇ ਇਸ ਨੂੰ ਪਲਾਜ਼ਾ ਦਾ ਨਾਂ ਦਿਤਾ ਜਾਂਦਾ ਹੈ। ਇਸ ਨਵੇਂ ਨਾਂ ਦੀ ਖਿੱਚ ਵਿਚ ਲੋਕ ਆਉਂਦੇ ਹਨ ਤੇ ਜੋ ਚੀਜ਼ਾਂ ਆਮ ਦੁਕਾਨਾਂ ਤੋਂ ਸਸਤੇ ਭਾਅ ਮਿਲਦੀਆਂ ਹਨ, ਉਹੀ ਪਲਾਜ਼ਾ ਤੋਂ ਮਹਿੰਗੀਆਂ ਖਰੀਦੀਆਂ ਜਾਂਦੀਆਂ ਹਨ।

ਪਰ ਇਨ੍ਹਾਂ ਪਲਾਜ਼ਿਆਂ ਨੂੰ ਚਲਾਉਣ ਵਾਲੇ ਜਾਣਦੇ ਹਨ ਕਿ ਅਜਕਲ ਦੇ ਲੋਕ ਨਵੀਨਤਾ ਦੀ ਦੌੜ ਵਿਚ ਹਨ, ਕੁੱਝ ਵੀ ਨਵਾਂ ਕਰ ਕੇ ਚੰਗਾ ਪੈਸਾ ਕਮਾਇਆ  ਜਾ ਸਕਦਾ ਹੈ। ਅਮੀਰ ਲੋਕ ਤਾਂ ਅਪਣੀਆਂ ਮਹਿੰਗੀਆਂ ਕਾਰਾਂ ਵਿਚ ਆ ਇਨ੍ਹਾਂ ਪਲਾਜ਼ਿਆਂ ਤੋਂ ਮਹਿੰਗੀਆਂ ਚੀਜ਼ਾਂ ਖਰੀਦਣ ਵਿਚ ਅਪਣੀ ਸ਼ਾਨ ਸਮਝਦੇ ਹਨ। ਪਰ ਗ਼ਰੀਬ ਲੋਕਾਂ ਲਈ ਇਹ ਪਲਾਜ਼ੇ ਸੁਖਦਾਈ ਨਹੀਂ ਹਨ। ਪੇਂਡੂ ਲੋਕ ਤਾਂ ਇਨ੍ਹਾਂ ਪੀਜੀ, ਪੀਜ਼ਾ ਅਤੇ ਪਲਾਜ਼ਿਆਂ ਤੋਂ ਡਰਦੇ ਹਨ ਕਿਉਂਕਿ ਜਿਨ੍ਹਾਂ ਨੂੰ ਰੋਟੀ ਦਾ ਫਿਕਰ ਹੋਵੇ ਉਹ ਕਿਸ ਤਰ੍ਹਾਂ ਏਨੇ ਵੱਡੇ ਸ਼ਹਿਰਾਂ ਵਿਚ ਇਨ੍ਹਾਂ ਚੀਜ਼ਾਂ ਦਾ ਲੁਤਫ਼ ਲੈ ਸਕਣਗੇ।

ਇਨ੍ਹਾਂ ਤਿੰਨ ਚੀਜ਼ਾਂ ਦਾ ਕਾਰੋਬਾਰ ਬੇਤਹਾਸ਼ਾ ਵੱਧ ਰਿਹਾ ਹੈ ਤਾਂ ਸਰਕਾਰਾਂ ਨੂੰ ਇਨ੍ਹਾਂ ਪ੍ਰਤੀ ਕੁੱਝ ਅਹਿਮ ਕਦਮ ਉਠਾ ਕੇ, ਲੋਕ ਭਲਾਈ ਲਈ ਇਨ੍ਹਾਂ ਦਾ ਉਪਯੋਗ ਸੀਮਤ ਕਰਨਾ ਚਾਹੀਦਾ ਹੈ।           

ਸੰਪਰਕ : 98764-52223