
ਇਟਲੀ ਵਿਚ ਦੀਪਿਕਾ ਤੇ ਰਣਵੀਰ ਨੇ ਕਰਵਾਇਆ ਵਿਆਹ
Thu 15 Nov, 2018 0
15 ਨਵੰਬਰ -ਵਿਆਹ ਕਰਵਾਉਣਗੇ, ਨਹੀਂ ਕਰਵਾਉਣਗੇ ਦੀਆਂ ਇਕ ਮਹੀਨੇ ਤੱਕ ਲਾਈਆਂ ਜਾ ਰਹੀਆਂ ਅਟਕਲਾਂ ਦੇ ਬਾਅਦ ਬਾਲੀਵੁੱਡ ਦੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਹਰਮਨ ਪਿਆਰੀ ਜੋੜੀ ਇਟਲੀ ਦੇ ਲੋਂਬਾਰਡੀ ‘ਚ ਲੇਕ ਕੋਮੋ ‘ਤੇ ਬਣੇ ਵਿਲਾ ਬਾਲਬਿਯਾਨੇਲੋ ‘ਚ ਵਿਆਹ ਬੰਧਨ ‘ਚ ਬੱਝ ਗਈ ਪਰ ਇਸ ਜੋੜੀ ਨੇ ਇਸ ਵਿਆਹ ਸਮਾਗਮ ਨੂੰ ਨਿੱਜੀ ਰੱਖਣ ਦੀ ਕੋਸ਼ਿਸ਼ ਕੀਤੀ | ਇਕ ਸੈਲੀਬਿ੍ਟੀ ਦੇ ਵਿਆਹ ‘ਚ ਸਿਤਾਰੇ ਅਤੇ ਮਹਿਮਾਨ ਪਹਾੜਾਂ ‘ਚ ਘਿਰੀ ਝੀਲ ਦੇ ਉਪਰ ਬਣੇ ਰਿਜ਼ੋਰਟ ਵਿਖੇ ਹਾਜ਼ਰ ਸਨ ਜਦਕਿ ਵਿਆਹ ਸਮਾਰੋਹ ਦੀ ਇਕ ਝਲਕ ਨੂੰ ਦੇਖਣ ਦੀ ਉਮੀਦ ‘ਚ ਪੱਤਰਕਾਰ ਇਕ ਸੁਰੱਖਿਅਤ ਦੂਰੀ ‘ਤੇ ਹਾਜ਼ਰ ਸਨ | ਭਾਵੇਂ ਕਿ ਮਹੀਨੇ ਭਰ ਦੀਆਂ ਅਟਕਲਾਂ ਦੇ ਬਾਅਦ ਜੋੜੇ ਨੇ ਅਕਤੂਬਰ ‘ਚ ਵਿਆਹ ਦੀ ਤਰੀਕ ਦਾ ਐਲਾਨ ਕਰ ਦਿੱਤਾ, ਦੀਪਿਕਾ ਅਤੇ ਰਣਵੀਰ ਨੇ ਨਿਸਚਿਤ ਕੀਤਾ ਵਿਆਹ ਸਮਾਗਮ ਨੂੰ ਨਿੱਜੀ ਰੱਖਿਆ ਜਾਵੇ | ਬਾਲੀਵੁੱਡ ਜੋੜੀ ਨੇ ਲੇਕ ਕੋਮੋ ਵਿਖੇ ਕੋਂਕਣੀ ਰੀਤੀ-ਰਿਵਾਜ ਨਾਲ ਵਿਆਹ ਕਰਵਾਇਆ | ਦੀਪਿਕਾ ਕੋਂਕਣੀ ਹੈ ਅਤੇ ਰਣਵੀਰ ਸਿੰਘ ਸਿੰਧੀ ਹੈ | 15 ਨਵੰਬਰ ਨੂੰ ਸਿੰਧੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਹੋਵੇਗਾ | ਬਾਲੀਵੁੱਡ ਦੇ ਪਹਿਲਾਂ ਹੋਏ ਦੋ ਵਿਆਹ, ਮੁੰਬਈ ‘ਚ ਸੋਨਮ ਕਪੂਰ ਅਤੇ ਅਨੰਦ ਅਹੂਜਾ ਦਾ ਅਤੇ ਇਟਲੀ ‘ਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ, ਤੋਂ ਅਲੱਗ ਇਸ ਜੋੜੇ ਨੇ ਮੀਡੀਆ ਨੂੰ ਆਪਣੀ ਪ੍ਰੇਮ ਕਹਾਣੀ ਨੂੰ ਮੌਕੇ ‘ਤੇ ਪ੍ਰਸਾਰਿਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ | ਫਿਲਮ ਨਿਰਮਾਤਾ ਕਰਨ ਜੌਹਰ ਨੇ ਕਿਹਾ ਕਿ ਕਿੰਨੀ ਖੂਬਸੂਰਤ ਜੋੜੀ ਹੈ | ਨਜ਼ਰ ਉਤਾਰ ਲਓ | ਵਧਾਈ ਹੋਵੇ | ਦੋਵਾਂ ਨੂੰ ਪਿਆਰ | ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਿਆ ਹੋਵੇ | ਚਿੱਟੇ ਰੰਗ ਦੇ ਕੱਪੜਿਆਂ ‘ਚ ਸਜੇ ਦੋਵੇਂ ਅਦਾਕਾਰਾਂ ਦੀਆਂ ਫ਼ੋਟੋਆਂ, ਜਿਨ੍ਹਾਂ ਨੇ ‘ਰਾਮ ਲੀਲਾ’, ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤ’ ਫ਼ਿਲਮਾਂ ‘ਚ ਕੰਮ ਕੀਤਾ ਸੀ, ਮੁੰਬਈ ਦੇ ਹਵਾਈ ਅੱਡੇ ‘ਤੇ 10 ਨਵੰਬਰ ਨੂੰ ਇਟਲੀ ਲਈ ਰਵਾਨਾ ਹੋਣ ਮੌਕੇ ਖਿੱਚੀਆਂ ਗਈਆਂ ਸਨ | ਰਿਪੋਰਟਾਂ ਅਨੁਸਾਰ ਸ਼ਾਹਰੁਖ ਖ਼ਾਨ, ਸੰਜੇ ਲੀਲਾ ਭੰਸਾਲੀ ਅਤੇ ਫਰਾਹ ਖ਼ਾਨ ਸਮੇਤ ਸਿਰਫ 40 ਲੋਕਾਂ ਨੂੰ ਹੀ ਵਿਆਹ ਲਈ ਸੱਦਾ ਭੇਜਿਆ ਗਿਆ ਸੀ | ਜੋੜੇ ਦੀ ਪ੍ਰਵਾਨਗੀ ਦੇ ਬਿਨਾਂ ਕਿਸੇ ਵੀ ਮਹਿਮਾਨ ਨੂੰ ਵਿਆਹ ਰਸਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਰੋਕਿਆ ਗਿਆ | 10 ਨਵੰਬਰ ਨੂੰ ਰਣਵੀਰ ਦੀ ਸਟਾਈਲਿਸਟ ਨਿਤਾਸ਼ਾ ਗੌਰਵ ਨੇ ਟਵਿਟਰ ‘ਤੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੇ ਟੀਜ਼ਰ ਸ਼ੇਅਰ ਕੀਤੇ | ਉਸ ਨੇ ਮਾਈਕ੍ਰੋਬਲੋਗਿੰਗ ਸਾਈਟ ‘ਤੇ ਲਿਖਿਆ ਕੋਈ ਤਸਵੀਰ ਨਹੀਂ ਪਰ ਅੱਜ ਉਨ੍ਹਾਂ ਨੂੰ ਇਕੱਠੇ ਦੇਖਣਾ ਇਕ ਪਿਆਰਾ ਅਹਿਸਾਸ ਹੈ | ਆਪਣੇ ਹੰਝੂ ਰੋਕ ਨਹੀਂ ਪਾ ਰਹੀ ਹਾਂ ਪਰ ਇਹ ਖੁਸ਼ੀ ਦੇ ਹੰਝੂ ਹਨ | ਦੀਪਵੀਰ ਕੀ ਸ਼ਾਦੀ, ਰਣਵੀਰ ਕੀ ਸ਼ਾਦੀ, ਹਮੇਸ਼ਾਂ ਲਈ ਪਿਆਰ | ਗਾਇਕਾ ਹਰਸ਼ਦੀਪ ਕੌਰ, ਜਿਸ ਨੇ ਮੰਗਲਵਾਰ ਨੂੰ ਸੰਗੀਤ ਸਮਾਰੋਹ ਦੌਰਾਨ ਪ੍ਰੋਗਰਾਮ ਪੇਸ਼ ਕੀਤਾ, ਨੂੰ ਸੋਸ਼ਲ ਮੀਡੀਆ ‘ਤੇ ਪਾਈ ਤਸਵੀਰ ਨੂੰ ਹਟਾਉਣਾ ਪਿਆ ਸੀ, ਜਿਸ ਵਿਚ ਉਹ ਆਪਣੇ ਪਤੀ ਨਾਲ ਝੀਲ ਦੇ ਨੇੜੇ ਖੜ੍ਹੀ ਦਿਖਾਈ ਦਿੱਤੀ ਸੀ | ਪਰ ਹੁਣ ਹਟਾਈਆਂ ਗਈਆਂ ਫ਼ੋਟੋਆਂ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ | ਇਕ ਵੈਬਸਾਈਟ ਅਨੁਸਾਰ ਮੰਗਲਵਾਰ ਨੂੰ ਹੋਈ ਰਿੰਗ ਸੈਰੇਮਨੀ ਦੌਰਾਨ ਰਣਵੀਰ ਨੇ ਗੋਡਿਆਂ ਭਾਰ ਹੋ ਕੇ ਦੀਪਿਕਾ ਕੋਲੋਂ ਉਸ ਦਾ ਹੱਥ ਮੰਗਿਆ, ਮੁੰਦਰੀਆਂ ਬਦਲਣ ਦੇ ਬਾਅਦ ਰਣਵੀਰ ਨੇ ਕੁਝ ਸ਼ਬਦ ਬੋਲੇ ਜਿਸ ਨਾਲ ਦੀਪਿਕਾ ਭਾਵੁਕ ਹੋ ਗਈ | ਨੱਚਣ ਗਾਉਣ ਦੇ ਬਾਅਦ ਰਾਤ ਦਾ ਖਾਣਾ ਦਿੱਤਾ ਗਿਆ, ਲਾੜੇ ਦੇ ਪਿਤਾ ਜਗਜੀਤ ਸਿੰਘ ਭਾਗਨਾਨੀ ਨੇ ਵੀ ਪੈਰ ਥਿਰਕਾਏ | ਰਿਪੋਰਟਾਂ ਅਨੁਸਾਰ ਮਹਿੰਦੀ ਦੀ ਰਸਮ ਮੌਕੇ ਦੁਲਹਨ ਦੀਆਂ ਅੱਖਾਂ ‘ਚ ਹੰਝੂ ਸਨ | ਇਸ ਮਹੀਨੇ ਦੇ ਸ਼ੁਰੂ ‘ਚ ਦੀਪਿਕਾ ਦੇ ਸਟਾਈਲਿਸਟ ਸ਼ਾਲੀਨ ਨਥਾਨੀ ਨੇ ਇੰਸਟਾਗ੍ਰਾਮ ‘ਤੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ‘ਚ ਹੋਈ ਨੰਦੀ ਪੂਜਾ ਦੀ ਜਾਣਕਾਰੀ ਸਾਂਝੀ ਕੀਤੀ ਸੀ | ਉਸੇ ਦਿਨ ਰਣਵੀਰ ਅਤੇ ਉਸ ਦੇ ਕਰੀਬੀ ਦੋਸਤ ਅਤੇ ਕਾਸਟਿੰਗ ਡਾਇਰੈਕਟਰ ਸ਼ਾਨੂੰ ਸ਼ਰਮਨ ਨੂੰ ਬਾਲਕਨੀ ਤੋਂ ਮਹਿੰਦੀ ਦੀ ਰਸਮ ਦੌਰਾਨ ਦੇਖਿਆ ਗਿਆ ਸੀ | ਇਹ ਨਵ-ਵਿਆਹੀ ਜੋੜੀ ਬੈਂਗਲੁਰੂ ਅਤੇ ਮੁੰਬਈ ‘ਚ 21 ਅਤੇ 28 ਨਵੰਬਰ ਨੂੰ ਰਿਸੈਪਸ਼ਨ ਕਰੇਗੀ | ਦੀਪਿਕਾ ਅਤੇ ਰਣਵੀਰ ਦਰਮਿਆਨ ਪਿਛਲੇ 6 ਸਾਲਾਂ ਤੋਂ ਦੋਸਤੀ ਸੀ |
Comments (0)
Facebook Comments (0)