ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹਾਂ ਵਿਚ ਦਰਿਆਵਾਂ ਨੂੰ ਬੰਨ੍ਹ ਮਾਰਕੇ ਵਿਖਾ ਦਿੱਤੇ ^ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹਾਂ ਵਿਚ ਦਰਿਆਵਾਂ ਨੂੰ ਬੰਨ੍ਹ ਮਾਰਕੇ ਵਿਖਾ ਦਿੱਤੇ ^ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਚੋਹਲਾ ਸਾਹਿਬ 8 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਨਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਅਗਵਾਈ ਅਤੇ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ਼੍ਰੋ।ਗੁ।ਪ੍ਰ।ਕਮੇਟੀ) ਦੇ ਪ੍ਰਬੰਧ ਅਧੀਨ ਅੱਜ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜਥੇਦਾਰ ਸਾਹਿਬ ਜੀ ਨੇ ਇਸ ਮੌਕੇ ਬੋਲਦਿਆਂ ਆਖਿਆ,” ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਗੁਰਦੁਆਰਿਆਂ ਦੀਆਂ ਇਮਾਰਤਾਂ, ਸਕੂਲਾਂ, ਕਾਲਜਾਂ, ਲੰਗਰਾਂ ਦੀਆਂ ਸੇਵਾਵਾਂ ਦੇ ਨਾਲ-ਨਾਲ ਮਾਨਵਤਾ ਦੇ ਭਲੇ ਲਈ ਹੋਰ ਕਈ ਸੇਵਾਵਾਂ ਕਰਦੀ ਰਹੀ ਹੈ। ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਪੰਜਾਬ ਨੂੰ ਵੱਡੇ ਕੁਦਰਤੀ ਕਹਿਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਹਿਰ ਵਿਚ ਸੰਤ ਬਾਬਾ ਸੁੱਖਾ ਸਿੰਘ ਨੇ ਅਤਿ ਸਾਲਾਹੁਣਯੋਗ ਸੇਵਾ ਕਾਰਜ ਕੀਤੇ। ਆਮ ਕਹੀ^ਸੁਣੀ ਜਾਣ ਵਾਲੀ ਲੋਕ ਕਹਾਵਤ ਹੈ- ਦਰਿਆਵਾਂ ਨੂੰ ਕਦੇ ਬੰਨ੍ਹ ਨਹੀਂ ਲਗਦੇ। ਪਰ ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹਾਂ ਵਿਚ ਕਈ ਥਾਂਈਂ ਦਰਿਆਵਾਂ ਨੂੰ ਬੰਨ੍ਹ ਮਾਰੇ ਅਤੇ ਲੋਕਾਂ ਨੂੰ ਰਾਹਤ ਪਹੁੰਚਾਈ। ਸੰਤ ਬਾਬਾ ਸੁੱਖਾ ਸਿੰਘ ਨੇ ਬੰਨ੍ਹਾਂ ਦੀਆਂ ਸੇਵਾਵਾਂ ਦੇ ਨਾਲ-ਨਾਲ ਹੜ੍ਹ ਪੀੜਤਾਂ ਨੂੰ ਬੇੜੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਣ, ਲੋੜਵੰਦਾਂ ਨੂੰ ਰਾਸ਼ਨ ਵੰਡਣ, ਪਸ਼ੂਆਂ ਲਈ ਚਾਰਾ ਵੰਡਣ ਅਤੇ ਬਾਅਦ ਵਿਚ ਗਰੀਬ ਕਿਸਾਨਾਂ ਜ਼ਮੀਨਾਂ ਪੱਧਰੀਆਂ ਕਰਨ ਤੇ ਬੀਜ ਵੰਡਣ ਤਕ ਕਈ ਵਡਮੁੱਲੀਆਂ ਸੇਵਾਵਾਂ ਨਿਭਾਈਆਂ। ਅਜੋਕੇ ਸਮੇਂ ਵਿਚ ਸੰਤ ਬਾਬਾ ਸੁੱਖਾ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਨੌਜਵਾਨਾਂ ਲਈ ਵੱਡਾ ਮਾਰਗ ਦਰਸ਼ਨ ਬਣੀਆਂ ਹਨ। ਇਹਨਾਂ ਸੇਵਾਵਾਂ ਬਦਲੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਅਸਥਾਨ ‘ਤੇ ਆਪ ਜੀ ਨੂੰ ਸਨਮਾਨਤ ਕੀਤਾ ਗਿਆ। ਅਸੀਂ ਅਰਦਾਸ ਕਰਦੇ ਹਾਂ ਕਿ ਆਪ ਭਵਿੱਖ ਵਿਚ ਵੀ ਏਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਸੇਵਾ ਵਿਚ ਜੁੱਟੇ ਰਹਿਣ।” ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰੋਡੇ (ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ), ਹਰਦੇਵ ਸਿੰਘ (ਐਡੀਸ਼ਨਲ ਮੈਨੇਜਰ), ਗੁਰਨੈਬ ਸਿੰਘ (ਮੀਤ ਮੈਨੇਜਰ), ਜਸਬੀਰ ਸਿੰਘ (ਮੀਤ ਮੈਨੇਜਰ), ਅਕਾਊਂਟੈਂਟ ਭੁਪਿੰਦਰ ਸਿੰਘ, ਰਾਗੀ ਭਾਈ ਜਗਰੂਪ ਸਿੰਘ, ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਇੰਚਾਰਜ ਸਰਵਨ ਸਿੰਘ, ਜਥੇਦਾਰ ਜੋਗਿੰਦਰ ਸਿੰਘ ਰਾਏਪੁਰ, ਜਥੇਦਾਰ ਬਾਬਰ ਸਿੰਘ, ਸੇਠ ਪ੍ਰਭਜੋਤ ਸਿੰਘ, ਭਾਈ ਬਲਦੇਵ ਸਿੰਘ ਹੈਡ ਗ੍ਰੰਥੀ ਅਤੇ ਹੋਰ ਕਈ ਗੁਰਸਿੱਖ ਸੱਜਣ ਹਾਜ਼ਰ ਸਨ।