ਮੇਰੀ ਕਲਮ ਦੀ ਨੋਕ ਹੇਠ............................
Wed 21 Mar, 2018 0ਵਿਰਾਨੀਅਤ.....
ਜਦੋਂ ਮੇਰੇ ਅੰਦਰੋਂ ਹੈਵਾਨੀਅਤ ਖਤਮ ਹੋਈ
ਉਦੋਂ ਉਹਦੇ ਅੰਦਰੋਂ ਇਨਸਾਨੀਅਤ ਖਤਮ ਹੋਈ
ਜਦੋਂ ਉਹਦੇ ਅੰਦਰੋਂ ਕਾਦਰ ਦਿਖਣ ਲੱਗਾ ਮੈਨੂੰ
ਉਦੋਂ ਉਹਦੇ ਅੰਦਰੋਂ ਰੂਹਾਨੀਅਤ ਖਤਮ ਹੋਈ
ਉਹ ਕੁਫਰ ਸਹਿ ਸਹਿ ਕੇ ਜਦੋਂ ਹੋ ਗਿਆ ਕਾਫਰ
ਮੈਂ ਫਕੀਰ ਹੋਇਆ ਮੇਰੇ ਚੋਂ ਸੈਤਾਨੀਅਤ ਖਤਮ ਹੋਈ
ਮੇਰੀ ਕਲਮ ਦੀ ਨੋਕ ਹੇਠ ਉਹਦਾ ਨਾਂ ਉਦੋਂ ਆਇਆ
ਜਦੋਂ ਮੇਰੀਆਂ ਗ਼ਜ਼ਲਾਂ ਚੋਂ ਰਵਾਨੀਅਤ ਖਤਮ ਹੋਈ
ਉਸਨੇ ਗਮਾ ਨੂੰ ਬਣਾਇਆ ਹਮਸਫਰ ਆਪਣਾ,ਮੈਂ
ਵੀਰਾਨ ਹੋਇਆਂ ਉਹਦੀ ਵਿਰਾਨੀਅਤ ਖ਼ਤਮ ਹੋਈ
ਸਵਿੰਦਰ ਸਿੰਘ ਭੱਟੀ
3
"ਸਮਝਾ ਕੇ ਰੱਖ"
ਆਪਣਾ ਗ਼ਮ ਛੁਪਾ ਕੇ ਰੱਖ
ਚਿਹਰਾ ਤੂੰ ਮੁਸਕਾ ਕੇ ਰੱਖ
ਵੇਖ ਨਾ ਲਵੇ ਜ਼ਮਾਨਾ ਕਿਧਰੇ
ਸੌ - ਸੌ ਪਰਦੇ ਪਾ ਕੇ ਰੱਖ
ਜੇ ਉਹ ਤੈਥੋਂ ਬੇਮੁੱਖ ਹੋਇਆ
ਤੂੰ ਵੀ ਪਿੱਠ ਵਿਖਾ ਕੇ ਰੱਖ
ਫਿਸਲ ਨਾ ਜਾਵੀਂ ਇਸ਼ਕ ਦੇ ਰਾਹੀਂ
ਪੈਰਾਂ ਨੂੰ ਟਿਕਾ ਕੇ ਰੱਖ
ਜੇ ਉਹ ਹੁਸਨ ਦਾ ਮਾਣ ਹੈ ਕਰਦਾ
ਤਾਂ ਤੂੰ ਵੀ ਟੌਹਰ ਜਮਾ ਕੇ ਰੱਖ
ਬੇ-ਕਦਰੇ ਨਾਲ ਲਾਉਣ ਤੋਂ 'ਭੱਟੀ'
ਅਪਣਾ ਹੀ ਦਿਲ ਸਮਝਾ ਕੇ ਰੱਖ
ਸਵਿੰਦਰ ਸਿੰਘ ਭੱਟੀ
4.
"ਖਾਲੀਪਣ"
ਵੱਧ ਗੲੀ ਏ ਬੜੀ ਖਾਰ ਦਿਲਾਂ ਵਿੱਚ।
ਰਿਹਾ ਨਾ ਹੁਣ ੲੇਤਬਾਰ ਦਿਲਾਂ ਵਿੱਚ।
ਪਿਅਾਰ ਵੀ ਹੁਣ ਤਕਰਾਰ ਬਣ ਗਿਅਾ,
ਵਜਦੀ ਨਾ ਹੁਣ ਤਾਰ ਦਿਲਾਂ ਵਿੱਚ।
ਸੁਪਨਿਅਾਂ ਅੰਦਰ ਜਿੱਤਾਂ ਰੱਖੀਂ,
ਚੰਗੀ ਨਹੀਓ ਹਾਰ ਦਿਲਾਂ ਵਿੱਚ।
ਵਾਅਦੇ ਝੂਠੇ,ਲੋਕ ਫਰੇਬੀ,
ਵੱਧ ਗਿਆ ਏ ਹੰਕਾਰ ਦਿਲਾਂ ਵਿੱਚ।
ਸਭ ਪਾ ਕੇ ਵੀ ਖੁਸ਼ ਨਹੀਂ ਬੰਦਾ
ਖਾਲੀਪਣ ਦਾ ਭਾਰ ਦਿਲਾਂ ਵਿੱਚ ।
ਹਰ ਥਾਂ ਈਰਖਾ ਨਫ਼ਰਤ ਸਾੜਾ,
ਵੜ ਗਈ ਸੋਚ ਬੀਮਾਰ ਦਿਲਾਂ ਵਿੱਚ ।
ਢਹਿ ਢੇਰੀ ਅਕਸਰ ਉਹੀ ਕਰਦਾ,
ਜਿਸਦਾ ਉੱਚਾ ਮਿਆਰ ਦਿਲਾਂ ਵਿੱਚ
ਹਲਕੀਆਂ ਸੋਚਾਂ ਨਿੱਤ ਵਧਾਵਣ,
ਯਾਰੋ ਕਿਵੇਂ ਦਰਾਰ ਦਿਲਾਂ ਵਿੱਚ ।
ਪਾਕ ਮੁਹੱਬਤ ਮਨਫੀ ਹੋਈ,
ਮਤਲਬ ਖੋਰ ਵਿਚਾਰ ਦਿਲਾਂ ਵਿੱਚ ।
'ਭੱਟੀ' ਪਿਆਰ ਵਪਾਰ ਬਣ ਗਿਆ,
ਵੱਧ ਗਈ ਮਾਰੋ ਮਾਰ ਦਿਲਾਂ ਵਿੱਚ ।
ਸਵਿੰਦਰ ਸਿੰਘ ਭੱਟੀ
5.
" ਸਿਖਰ ਜੁਲਮਾਂ ਦੀ "
ਕਿਵੇਂ ਮੋੜ ਲਿਆਈਏ ਉਨ੍ਹਾਂ ਨੂੰ,
ਜਿਹੜੇ ਸੱਤ ਸਮੁੰਦਰੋਂ ਪਾਰ ਹੋਏ।
ਇਸ਼ਕ ਦੀ ਕੈਸੀ ਤਲਬ ਲੱਗੀ,
ਅਸੀ ਚੰਗੇ ਭਲੇ ਲਾਚਾਰ ਹੋਏ।
ਉਹ ਉੱਡਦੇ ਵਿੱਚ ਅਕਾਸ ਰਹੇ,
ਸਾਥੋਂ ਧਰਤੀ ਨਹੀਂ ਉਤਾਰ ਹੋਏ।
ਅਸੀਂ ਕੱਲੇ ਹੱਕ ਜਿਤਾਉਂਦੇ ਸੀ,
ਉਹਦੇ ਲੱਖਾਂ ਈ ਦਾਅਵੇਦਾਰ ਹੋਏ।
ਉਹ ਤੂੰਬਾ ਤੁਣ ਤੁਣ ਨਈਂ ਕਰਦਾ,
ਜਿਹਦੀ ਲੋਕੋ ਟੁੱਟੀ ਤਾਰ ਹੋਏ।
ਉਸ ਜਿਸਮ ਨੋਚਿਆ ਵਾਂਗ ਇੱਲਾਂ
ਸਾਡੀ ਰੂਹ 'ਤੇ ਜ਼ਖਮ ਹਜ਼ਾਰ ਹੋਏ।
ਮਤਲਬੀ ਮਤਲੱਬ ਕੱਢ ਗਿਆ,
ਦੁਸਵਾਰ ਤੇ ਖੱਜਲ ਖੁਆਰ ਹੋਏ।
ਹਰ ਮਰਜ਼ ਦੀ ਦਾਰੂ ਮਿਲ ਜਾਂਦੀ,
ਕੋਈ ਸੋਚ ਤੋਂ ਨਾ ਬੀਮਾਰ ਹੋਏ।
ਲੋਕੋ ਮੱਤ 'ਤੇ ਪਰਦਾ ਪੈ ਜਾਂਦਾ,
ਜਦੋਂ ਪਿਆਰ ਦਾ ਭੂਤ ਸਵਾਰ ਹੋਏ।
ਭੱਟੀ ਸਿਖਰ ਜੁਲਮਾਂ ਦੀ ਕੀ ਦੱਸੀਏ,
ਨਿਗ੍ਹਾਬਾਨ ਦੇ ਹਾਂ ਸ਼ਿਕਾਰ ਹੋਏ।
ਸਵਿੰਦਰ ਸਿੰਘ ਭੱਟੀ
6.
ਸੌਂਹ ਰੱਬ ਦੀ.....
ਉਹ ਪਲ ਜੋ ਤੇਰੇ ਨਾਲ ਗੁਜ਼ਾਰੇ ਸੀ
ਸੌਂਹ ਰੱਬ ਦੀ ਬੜੇ ਹੀ ਪਿਆਰੇ ਸੀ
ਬਸ ਤੂੰ ਹੀ ਤੂੰ ਹਰ ਪਾਸੇ ਸੀ
ਬਾਕੀ ਝੂਠੇ ਸਭ ਨਜ਼ਾਰੇ ਸੀ
ਤੇਰੇ ਨਾਲ ਸੀ ਸਾਂਝ ਰੂਹਾਂ ਦੀ
ਬਾਕੀ ਦੁਸ਼ਮਣ ਲੱਗਦੇ ਸਾਰੇ ਸੀ
ਤੇਰਾ ਵਜੂਦ ਸੀ ਸੱਚੇ ਰੱਬ ਜਿਹਾ
ਅਸੀਂ ਜਿਉਂਦੇ ਹੀ ਤੇਰੇ ਸਹਾਰੇ ਸੀ
ਤੈਨੂੰ ਵੇਖਦਿਆਂ ਦਿਨ ਚੜ੍ਹਦਾ ਸੀ
ਤੇਰੇ ਨਾਲ ਹੀ ਵੇਖੀਦੇ ਤਾਰੇ ਸੀ
ਚੰਦਰੇ ਜੱਗ ਦੀ ਲੱਗੀ ਨਜ਼ਰ ਸਾਨੂੰ
ਬਾਜ਼ੀ ਇਸ਼ਕ ਦੀ ਜਿੱਤ ਕੇ ਹਾਰੇ ਸੀ
ਸਵਿੰਦਰ ਸਿੰਘ ਭੱਟੀ
7.
"ਸਾਂਝਾ"
ਰਿਹਾ ਨਾ ਕੁੱਝ ਵੀ ਸਾਡੇ ਵਿੱਚ ਯਾਰ ਸਾਂਝਾ
ਦਸ ਕਿੱਦਾਂ ਕਰਾਂਗੇ ਆਪਾ ਹੁਣ ਪਿਆਰ ਸਾਂਝਾ
ਭੁੱਲਿਆ ਹਾਂ ਮੈਂ ਤੇ ਯਾਦ ਤੈਨੂੰ ਵੀ ਨਹੀਂ
ਗਿਆ ਕਿੱਥੇ ਸਾਡਾ ਕੀਤਾ ਕਰਾਰ ਸਾਂਝਾ
ਇਕੱਠਿਆਂ ਰਹਿਣਾ ਹੈ ਉਮਰ ਭਰ ਦੇ ਲਈ
ਮੁਨਕਰ ਹੋਏ ਹਾਂ ਕਿਉ ਕਰਕੇ ਵਿਚਾਰ ਸਾਂਝਾ
ਰੱਬ ਤੋਂ ਵੱਧ ਕੇ ਇਕ ਦੂਜੇ ਦਾ ਕਰਦੇ ਸੀ
ਕਿਤੇ ਦਿਸਦਾ ਹੀ ਨਹੀਂ ਕੀਤਾ ਇਤਬਾਰ ਸਾਂਝਾ
ਜੋ ਪੈ ਗਿਆ ਹੈ ਵੱਖਰਾ ਵੱਖਰਾ ਦੋਵਾਂ 'ਤੇ,
ਦੱਸ ਕਦੋਂ ਕਰਾਂਗੇ ਦਿਲਾਂ ਵਾਲਾ ਭਾਰ ਸਾਝਾ
ਜਿੱਥੋਂ ਇਕ ਦੂਜੇ ਦੇ ਦਰਦ ਮੁੱਲ ਲੈ ਲਈਏ
ਭੱਟੀ ਕਿੱਥੇ ਲੱਗੇਗਾ ਇਹੋ ਜਿਹਾ ਬਜ਼ਾਰ ਸਾਂਝਾ
ਸਵਿੰਦਰ ਸਿੰਘ ਭੱਟੀ
8.
" ਸਬਰ "
ਪੂਰੀ ਕਾਇਨਾਤ 'ਚ ਇਹ ਕੈਸਾ ਜਬਰ ਹੋ ਰਿਹਾ,
ਮਨੁੱਖ ਜਿਉਂਦਾ ਹੀ ਉਤਾਰ ਵਿੱਚ ਕਬਰ ਹੋ ਰਿਹਾ ।
ਪਾਉਣ ਲਈ ਨਈਂ, ਹੱਕ ਖੋਹਣ ਦੇ ਰੁਝਾਨ ਨੇ,
ਬੇਸਬਰਿਆਂ ਤੋਂ ਹੁਣ ਕਿਥੇ ਸਬਰ ਹੋ ਰਿਹਾ ।
ਕਾਨੂੰਨ ਨੇ ਬੰਨ੍ਹ ਲਈ ਏ ਪੱਟੀ ਅੱਖਾਂ 'ਤੇ,
ਦੋਸ਼ੀ ਦਾ ਜੋ ਦੋਸ਼ ! ਸਰੇਆਮ ਨਸ਼ਰ ਹੋ ਰਿਹਾ ।
ਹਕੀਕੀ ਨਹੀਂ ਮਿਜਾਜ਼ੀ ਇਸ਼ਕ ਸ਼ਰਗਰਮ ਹੈ
ਹਰ ਵਾਅਦੇ ਹਰ ਗੱਲ'ਤੇ ਅਗਰ ਮਗਰ ਹੋ ਰਿਹਾ ।
ਸਭ ਨੂੰ ਰੋਟੀ ਖਵਾਉਣ ਵਾਲਾ ਖੁਦ ਭੁੱਖਾ ਸੌਂਦਾ
ਵੇਖੋ ਕਿੰਨਾ ਔਖਾ ਕਿਸਾਨ ਦਾ ਬਸਰ ਹੋ ਰਿਹਾ
ਭਰਮਾਰ ਹੈ ਮੇਰੇ ਦੇਸ਼ ਅੰਦਰ ਗੁਰੂਆਂ ਪੀਰਾਂ ਦੀ
ਫਿਰ ਕਿਉਂ ਅਸਰ ਦੁਆਵਾਂ ਦਾ ਬੇਅਸਰ ਹੋ ਰਿਹਾ
ਸਵਿੰਦਰ ਸਿੰਘ ਭੱਟੀ
9.
''ਨਾਦਾਨੀ''
ਨੂੰਹ ਨੂੰ ਧੀ ਨਾ ਸਮਝੇ ਕੋਈ
ਤੇ ਨਾ ਉਸਦੀ ਪਰੇਸ਼ਾਨੀ ਨੂੰ,
ਦਾਜ ਦੀ ਖਾਤਰ ਸਾੜ ਦਿੰਦੇ ਨੇ,
ਸਹੁਰੇ ਧੀ ਬੇਗਾਨੀ ਨੂੰ।
ਹਰ ਕੋਈ ਆਪਣਾ ਫਾਇਦਾ ਵੇਖੇ
ਵੇਖੇ ਨਾ ਕੋਈ ਹਾਨੀ ਨੂੰ।
ਲਤ ਨਸ਼ੇ ਦੀ ਖਾ ਗਈ ਲੋਕੋ
ਦੇਸ਼ ਦੀ ਅੱਜ ਜਵਾਨੀ ਨੂੰ।
ਮੰਗਤਿਅਾਂ ਕੋਲੋ ਪੇਸੈ ਮੰਗਦੇ,
ਵੇਖਿਆ ਮੈਂ ਇਕ ਦਾਨੀ ਨੂੰ ।
ਦੋਸ਼ ਹੈ ਕਿਸਦਾ ਸਾਰੇ ਲੱਭਣ
ਰੋਕਣ ਨਾ ਮਨਮਾਨੀ ਨੂੰ,
ਏਥੇ ਬੈਠ ਕਿਸੇ ਨਹੀਂ ਰਹਿਣਾ
ਛੱਡ ਜਾਣਾ ਜੱਗ ਫਾਨੀ ਨੂੰ।
ਰੱਬ ਵੀ ਪੈ ਗਿਅਾ ਵਿੱਚ ਅਚੰਭੇ,
ਤੇਰੀ ਦੇਖ ਹੈਵਾਨੀ ਨੂੰ।
ਅੱਗੇ ਵਧ ਹੁਣ ਭੁੱਲ ਕੇ"ਭੱਟੀ",
ਪਿਛੇ ਹੋੲੀ ਨਾਦਾਨੀ ਨੂੰ।
ਸਵਿੰਦਰ ਸਿੰਘ ਭੱਟੀ
10.
" ਸੋਚਾਂ ਦੇ ਸਿਰਨਾਵੇਂ"
ਪਿਛਲੇ ਮੰਝ ਮੁਹਾਣੇ ਅੱਜ ਕੱਲ੍ਹ ਨਹੀ ਮਿਲਦੇ,
ਸੱਚੀ ਲੋਕ ਸਿਆਣੇ ਅੱਜ ਕੱਲ੍ਹ ਨਹੀਂ ਮਿਲਦੇ |
ਜ਼ਮੀਰ ਵੇਚਣਾ ਪੈਂਦਾ ਹੈ ਹਰ ਕੰਮ ਬਦਲੇ,
ਪੇਟ ਭਰਨ ਲਈ ਦਾਣੇ ਅੱਜ ਕੱਲ੍ਹ ਨਈਂ ਮਿਲਦੇ ।
ਜੋ ਹੱਕ- ਸੱਚ ਦੇ ਰਾਹ 'ਤੇ ਦੇਸ਼ ਚਲਾਉਂਦੇ ਸੀ,
ਅੈਸੇ ਹੁਕਮ, ਚਲਾਣੇ ਅੱਜ ਕੱਲ੍ਹ ਨਈਂ ਮਿਲਦੇ ।
ਨਿਰਦੋਸ਼ਾਂ ਨੂੰ ਜਿਥੇ ਕੋੲੀ ਇਨਸਾਫ਼ ਮਿਲੇ,
ਸੱਚੇ ਅਦਾਲਤ ਥਾਣੇ ਅੱਜ ਕੱਲ੍ਹ ਨਈਂ ਮਿਲਦੇ ।
ਰੁਤਬੇ ਦੇ ਅਨੁਸਾਰ ਹੀ ਮਰਜੀ ਚੱਲਦੀ ਹੈ,
ਮੰਨਣ ਰੱਬੀ ਜੋ ਭਾਣੇ ਅੱਜ ਕੱਲ੍ਹ ਨਈਂ ਮਿਲਦੇ ।
ਦਸਾਂ ਨੌਹਾਂ ਦੀ ਕਿਰਤ ਕਮਾਈ ਦਿਸਦੀ ਨੀਂ,
ਮਿਲ ਜੁਲ ਕੇ ਵੰਡ ਖਾਣੇ ਅੱਜ ਕੱਲ੍ਹ ਨਈਂ ਮਿਲਦੇ ।
ਮਾਂ ਪਿਓ ਨੂੰ ਜੋ ਦੇਵਣ ਰੁਤਬਾ ਰੱਬ ਵਰਗਾ,
ਸਰਵਣ ਪੁੱਤ ਨਿਆਣੇ ਅੱਜ ਕੱਲ੍ਹ ਨਈਂ ਮਿਲਦੇ ।
ਸਮਾਜ ਲਈ ਜੋ ਇੱਕ ਉਦਾਹਰਣ ਬਣ ਜਾਵਣ,
ਸੁਣਨ ਨੂੰ ਮਿਠੜੇ ਗਾਣੇ ਅੱਜ ਕੱਲ੍ਹ ਨਹੀੰ ਮਿਲਦੇ ।
ਪਾਕ ਮੁਹੱਬਤ ਪਤਾ ਨਹੀਂ ਕਿੱਥੇ ਉੱਡ ਗਈ ਏ,
ਸੱਚਾ ਇਸ਼ਕ ਕਮਾਣੇ ਅੱਜ ਕੱਲ੍ਹ ਨਈਂ ਮਿਲਦੇ ।
ਦੇਸ਼ ਲਈ ਜੋ ਜਾਨ ਤਲੀ 'ਤੇ ਧਰਦੇ ਸੀ,
ਸੂਰਬੀਰਾਂ ਦੇ ਲਾਣੇ ਅੱਜ ਕੱਲ੍ਹ ਨਈਂ ਮਿਲਦੇ ।
ਮੰਗਦੇ ਸਨ ਜੋ ਨਿੱਤ ਦੁਆਵਾਂ ਸ਼ਾਮ ਢਲੇ,
'ਭੱਟੀ 'ਲੋਕ ਪੁਰਾਣੇ ਅੱਜ ਕੱਲ੍ਹ ਨਈਂ ਮਿਲਦੇ ।
ਸਵਿੰਦਰ ਸਿੰਘ ਭੱਟੀ
9872989193
11.
" ਦੇਸ਼ ਦਾ ਹਾਲ "
ਇਸ ਜਹਾਨ ਦੀਆਂ ਅੱਖਾਂ ਦੋਵੇਂ ਪਾਸੇ
ਜਿਵੇਂ ਆਰੀ ਨੂੰ ਦੰਦੇ ਨੇ
ਬੰਦੇ ਨੂੰ ਬੰਦਾ ਕੋਈ ਸਮਝੇ ਨਾ
ਸਭ ਗੈਰ ਕਾਨੂੰਨੀ ਧੰਦੇ ਨੇ
ਇੱਥੇ ਰਿਸ਼ਵਤ ਨਾਲ ਸਭ ਕੰਮ ਹੁੰਦੇ
ਤੇ ਲੋਕ ਗੱਲ ਕਰਦੇ ਨੇ ਨੋਟਾਂ ਨਾਲ
ਏਥੇ ਮੰਤਰੀ ਵੀ ਨਕਲੀ ਬਣਦੇ ਨੇ
ਲੈ ਜਾਅਲੀ ਜਾਅਲੀ ਵੋਟਾਂ ਨਾਲ
ਇਹਨਾਂ ਪੰਜ ਦਰਿਆਵਾਂ ਦੇ ਪਾਣੀ ਵੀ
ਲੋਕੋ ਕਰ ਦਿੱਤੇ ਸਭ ਗੰਦੇ ਨੇ
ਬੰਦੇ ਨੂੰ ਬੰਦਾ ਕੋਈ ਸਮਝੇ ਨਾ
ਸਭ ਗੈਰ ਕਾਨੂੰਨੀ ਧੰਦੇ ਨੇ
ਸਭ ਗੈਰ ਕਾਨੂੰਨੀ. ....
ਅਮੀਰਾਂ ਨੂੰ ਸਲਾਮਾਂ ਹੁੰਦੀਆਂ ਨੇ
ਤੇ ਸ਼ੋਸ਼ਣ ਹੁੰਦਾ ਗਰੀਬੀ ਦਾ
ਇੱਥੇ ਇੱਜ਼ਤ ਵੀ ਉਹੀ ਲੁੱਟਦਾ ਏ
ਜਿਹਨੂੰ ਦੋਸਤ ਕਹਿੰਦੇ ਕਰੀਬੀ ਦਾ
ਇੱਥੇ ਕੌਣ ਲਾਚਾਰ ਦੀ ਸੁਣਦਾ ਏ
ਅਮੀਰਾਂ ਦੇ ਹੀ ਬਸ ਝੰਡੇ ਨੇ
ਬੰਦੇ ਨੂੰ ਬੰਦਾ ਕੋਈ ਸਮਝੇ ਨਾ
ਸਭ ਗੈਰ ਕਾਨੂੰਨੀ ਧੰਦੇ ਨੇ
ਸਭ ਗੈਰ ਕਾਨੂੰਨੀ. ...
ਨਸ਼ਿਆਂ ਦਾ ਵੀ ਏਥੇ ਜ਼ੋਰ ਹੈ
ਅੱਜ ਇਕ ਨਸ਼ਾ ਕੱਲ ਹੋਰ ਹੈ
ਮੇਰੇ ਦੇਸ਼ ਬਾਰੇ ਕੋਈ ਸੋਚੇ ਨਾ
ਕਹਿਣ ਨੂੰ ਸ਼ਾਂਤੀ ਵਾਲਾ ਮਾਹੌਲ ਹੈ
ਹੁਣ ਕੌਣ ਰੋਕੇ ਵਿਕਦੇ ਨਸ਼ਿਆਂ ਨੂੰ
ਪੁਲਿਸ ਨੇ ਵੀ ਪੈਸੇ ਵੰਡੇ ਨੇ
ਬੰਦੇ ਨੂੰ ਬੰਦਾ ਕੋਈ ਸਮਝੇ ਨਾ
ਸਭ ਗੈਰ ਕਾਨੂੰਨੀ ਧੰਦੇ ਨੇ
ਸਭ ਗੈਰ ਕਾਨੂੰਨੀ.
ਮਾਂ-ਪਿਉ ਦੀ ਇੱਜ਼ਤ ਕਰਦੇ ਨਾ
ਮਤਲਬ ਦੀ ਰਿਸ਼ਤੇਦਾਰੀ ਹੈ
ਦੁਨੀਆਂ ਫੈਸ਼ਨ ਦੇ ਵਿੱਚ ਡੁੱਬੀ ਏ
ਤੇ ਕੁੱਝ ਫਿਲਮਾਂ ਨੇ ਮੱਤ ਮਾਰੀ ਏ
ਇਕ ਦੂਜੇ ਦੀ ਗੱਲ ਸਹਾਰਦੇ ਨਾ
ਅਕਲਾਂ ਨੂੰ ਲੱਗੇ ਜਿੰਦੇ ਨੇ
ਬੰਦੇ ਨੂੰ ਬੰਦੇ ਕੋਈ ਸਮਝੇ ਨਾ
ਸਭ ਗੈਰ ਕਾਨੂੰਨੀ ਧੰਦੇ ਨੇ
ਸਭ ਗੈਰ ਕਾਨੂੰਨੀ.
ਇਸ ਜਹਾਨ ਦਾ ਹਾਲ ਵੇਖ ਯਾਰੋ
ਭੱਟੀ ਦਾ ਦਿਲ ਕੰਬਦਾ ਹੈ
ਸਭ ਸਿੱਧੇ ਰਸਤੇ ਪੈ ਜਾਵਣ
ਦੁਆ ਰੱਬ ਅੱਗੇ ਇਹੋ ਮੰਗਦਾ ਹੈ
ਏਥੇ ਝੂਠ ਹੈ ਵਿਕਦਾ ਬੋਲੀ ਤੇ
ਤੇ ਸੱਚ ਦੇ ਯਾਰੋ ਮੰਦੇ ਨੇ
ਬੰਦੇ ਨੂੰ ਬੰਦਾ ਕੋਈ ਸਮਝੇ ਨਾ
ਸਭ ਗੈਰ ਕਾਨੂੰਨੀ ਧੰਦੇ ਨੇ
ਸਭ ਗੈਰ ਕਾਨੂੰਨੀ....
ਸਵਿੰਦਰ ਸਿੰਘ ਭੱਟੀ
12.
"ਬਿਰਤੀ "
ੲਿਸ਼ਕੇ ਦਾ ਰੰਗ ਡਾਢਾ ਗਾੜ੍ਹਾ,
ਧੋੲਿਅਾਂ ਦਾਗ ਵੀ ਮਿਟਦੇ ਨਾ।
ਚਾਹੁਣ ਵਾਲੇ ਬੜਾ ਕੁਝ ਚਾਹੁੰਦੇ
ਖਾਂਦੇ ਪੀਂਦੇ ਭਿਟਦੇ ਨਾ।
ਦੌਲਤ ਸ਼ੌਹਰਤ ਨੂੰ ਵੇਖੇ ਬਿਨ,
ਗੋਟੀ ੲਿਸ਼ਕ ਦੀ ਸਿਟਦੇ ਨਾ।
ਕਿਦਾਂ ਦੀ ਹੈ ਬਿਰਤੀ ਹੋ ਗਈ,
ੲਿੱਕ ਥਾਂ ੳੁਪਰ ਟਿਕਦੇ ਨਾ।
ਜੋ ਕੁਝ ਲੇਖਾਂ ਦੇ ਵਿੱਚ ਲਿਖਿਅਾ,
ਮੇਟਿਅਾਂ ਕਦੇ ਵੀ ਮਿਟਦੇ ਨਾ।
ਜੇਕਰ ਗਮ ਛੁਪਾੲਿਅਾ ਹੁੰਦਾ,
ਜ਼ਖਮ ਕਦੇ ਵੀ ਰਿਸਦੇ ਨਾ
ਸਵਿੰਦਰ ਸਿੰਘ ਭੱਟੀ
13.
" ਬੜਾ ਬਦਲਿਆ "
ਕਰ ਗਿਆ ਉਹ ਜੋ ਨਹੀ ਸੀ ਕਰਨਾ
ਬੰਦਾ ਮੁਸੀਬਤਾਂ 'ਚ ਅੜਾ ਬਦਲਿਆ
ਜ਼ਿਆਦਾ ਮੁਨਾਫ਼ੇ ਖਾਤਿਰ ਕਈਆਂ
ਪਾਰਟੀ ਬਦਲੀ ਧੜਾ ਬਦਲਿਆ,,
ਝੂਠੇ ਬਿਆਨਾਂ ਫਾਹੇ ਲਾਇਆ
ਕਟਹਿਰੇ 'ਚ ਗਵਾਹ ਖੜਾ ਬਦਲਿਆ,,
ਅਕਲਾਂ ਮਾਰੇ ਨੂੰ ਅਕਲ ਨਾ ਆਈ
ਅਸੀ ਤਾਂ ਖ਼ੁਦ ਨੂੰ ਬੜਾ ਬਦਲਿਆ ,,
ਸਾਡੀਆਂ ਦਿਤੀਆਂ ਚੂੜੀਆਂ ਬਦਲੀਆਂ
ਫਿਰ ਅਸਾਂ ਵੀ ਦਿੱਤਾ ਕੜਾ ਬਦਲਿਆ,,
ਕੱਲਾ ਗਾਉਂਦਾ, ਮਹਿਫਲਾ ਲਾਉਂਦਾ
ਸ਼ਰਾਬ ਨੇ ਬੰਦਾ ਛੜਾ ਬਦਲਿਆ ,,
ਉਸ ਚੰਦਰੇ ਨੂੰ ਮੌਤ ਨਾ ਆਈ
ਜਿਨ੍ਹੇ ਸੋਹਣੀ ਦਾ ਘੜਾ ਬਦਲਿਆ,,
ਬਦਲ ਗਈ ਕਾਇਨਾਤ ਹੀ ਸਾਰੀ
ਹਨੇਰੀ ਬਦਲੀ ਗੜਾ ਬਦਲਿਆ ,,
ਨੀਂਹ ਕਮਜ਼ੋਰ ਕਰਨ ਲਈ ਭੱਟੀ
ਚੰਦਰੇ ਲੋਕਾਂ ਦੜਾ ਬਦਲਿਆ ,,
ਮਿੱਟੀ ਲਾਲ ਤੇ ਲਾਸ਼ਾਂ ਵਿਛੀਆਂ
ਮੈਦਾਨ ਅਣਖ ਨੇ ਰੜਾ ਬਦਲਿਆ !
ਸਵਿੰਦਰ ਸਿੰਘ ਭੱਟੀ
14.
" ਜਨਾਜ਼ਾ "
ਜਿਵੇਂ ਖਿੱਚਿਆ ਹੋਇਆ ਤੀਰ
ਕਮਾਨੋ ਨਿਕਲ ਗਿਆ
ਜਿਵੇਂ ਕੋਈ ਟੁੱਟਿਆ ਤਾਰਾਂ
ਅਸਮਾਨੋ ਨਿਕਲ ਗਿਆ
ਇਕ ਵਾਰ ਨਿਕਲਣ ਤੋ ਬਾਅਦ
ਜੋ ਨੈਂਣੀ ਵਾਪਿਸ ਨਹੀਂ ਪਰਤਦੇ
ਓ ਹੰਝੂਆਂ ਵਰਗਾ ਸੀ
ਜ਼ਿੰਦਗੀ ਚੋਂ ਨਿਕਲ ਗਿਆ....
ਉਹ ਸਾਹਾਂ 'ਚ ਨਹੀਂ ਸਗੋਂ
ਸਾਹ ਉਹਦੇ 'ਚ ਵਸਦੇ ਸੀ
ਉਹ ਦਿਲ ਚੋਂ ਕੀ ਨਿਕਲਿਆ
ਸੀਨੇ 'ਚੋ ਦਿਲ ਹੀ
ਨਿਕਲ ਗਿਆ....
ਹੁਣ ਹੋਰ ਕੁੱਝ ਵੀ
ਨਹੀਂ ਨਿਕਲਣਾ
ਮੇਰੇ ਅੰਦਰੋਂ ਦੋਸਤੋ
ਉਹ ਸਭ ਕੁੱਝ ਸੀ ਮੇਰਾ
ਜਦ ਉਹੀ
ਨਿਕਲ ਗਿਆ....
ਮੇਰੀ ਸੋਚ
ਮੇਰੀ ਸਮਝ
ਮੇਰੀ ਰੂਹ
ਮੇਰੀ ਧੜਕਣ
'ਤੇ ਕੁੱਝ ਵੀ ਕਰਨ ਦੀ
ਹਿੰਮਤ ਵੀ ਨਿਕਲ ਗਈ....
ਸੱਚੀ ਯਾਰੋ
ਉਹ ਜਿਓਂ ਹੀ ਨਿਕਲਿਆ
ਮੇਰੀ ਜ਼ਿੰਦਗੀ ਚੋਂ
ਮੇਰਾ ਤਾਂ ਜਨਾਜ਼ਾ ਹੀ
ਨਿਕਲ ਗਿਆ.......
ਸਵਿੰਦਰ ਸਿੰਘ ਭੱਟੀ
9872989193
15.
ਮਿਆਰ
ਏਥੇ ਰਸਤੇ ਉੱਚੇ ਨੀਵੇਂ ਨੇ ,ਮੌਸਮ ਵੀ ਇਕ ਸਾਰ ਨਹੀਂ
ਆਖਿਰ ਇਨਸਾਨ ਮਿਟ ਜਾਂਦਾ ਮਿਟਦੀ ਜਹਿਨ 'ਚੋਂ ਖਾਰ ਨਹੀਂ
ਬੇਰੰਗ ਜ਼ਿੰਦਗੀ ਫਿੱਕੇ ਰਿਸ਼ਤੇ ਕੋਈ ਸਾਂਝ ਦਿਲਾਂ ਵਿਚਕਾਰ ਨਹੀਂ
ਹੁਣ ਮੇਲ ਹੁੰਦੇ ਨੇ ਮੇਲਿਆਂ ਵਿਚ ਮਿਲਦੇ ਬਸ ਵਿਚਾਰ ਨਹੀਂ
ਉਦਾਸੀ ਹੱਦਾਂ ਬੰਨੇ ਤੋੜ ਰਹੀ ਕਿਤੇ ਖੁਸ਼ੀਆ ਦੀ ਭਰਮਾਰ ਨਹੀਂ
ਵਸਦੇ ਘਰਾਂ ਵਿਚ ਦਰਾਰਾਂ ਨੇ ਆਪਸ ਦੇ ਵਿਚ ਪਿਆਰ ਨਹੀਂ
ਅਨਪੜ੍ਹਤਾ, ਗਰੀਬੀ, ਭੀੜ ਵਧੀ ਬਸ ਵਧਦੇ ਕਾਰੋਬਾਰ ਨਹੀਂ
ਦੁਰਵਰਤੋਂ ਵੋਟਾਂ ਦੀ ਜਾਰੀ ਹੈ ਤਾਂ ਹੀ ਚੰਗੀ ਸਰਕਾਰ ਨਹੀਂ
ਕੋਈ ਐਸਾ ਮੈਨੂੰ ਨਹੀਂ ਦਿਸਦਾ ਜੋ ਪਿੱਠ 'ਤੇ ਕਰਦਾ ਵਾਰ ਨਹੀਂ
ਜਿਹਨੂੰ ਰੁਤਬਾ ਦੇਈਏ ਰੱਬ ਵਾਲਾ ਕੋਈ ਏਦਾਂ ਦਾ ਵੀ ਯਾਰ ਨਹੀਂ
ਭੱਟੀ ਸੱਚ ਦੇ ਰਸਤੇ ਚੱਲਣ ਲਈ ਹੁਣ ਹੁੰਦਾ ਕੋਈ ਤਿਆਰ ਨਹੀਂ
ਜੋ ਝੂਠ ਤੋਂ ਪਰਦਾ ਚੁੱਕ ਦੇਵੇ ਕੋਈ ਏਦਾਂ ਦੀ ਅਖਬਾਰ ਨਹੀਂ
ਭਗਤ ,ਰਾਜਗੁਰੂ,ਸੁਖਦੇਵ ਜਿਹਾ ਮਿਲਦਾ ਕਿਤੇ ਕਿਰਦਾਰ ਨਹੀਂ
ਆਪੋ- ਆਪਣੀ ਫਿਕਰ 'ਚ ਲੱਗੇ ਨੇ ਲੈਂਦੇ ਇਕ ਦੂਜੇ ਦੀ ਸਾਰ ਨਹੀਂ
-------------0-------------
ਸਵਿੰਦਰ ਸਿੰਘ ਭੱਟੀ 9872989193
16.
"ਮੌਨ"
ਕਾਲੇ ਰੰਗ ਤੋਂ ਗਾੜ੍ਹਾ ਇਸ ਦੌਰ ਦਾ ਇਸ਼ਕ
ਦਾਗ਼ ਨਹੀਂ ਮਿਟਦੇ ਧੋਣ ਤੋਂ ਬਾਅਦ ਵੀ ,
ਚਾਹੁਣ ਵਾਲੇ ਤੋਂ ਹੋਰ ਵੀ ਬੜਾ ਕੁਝ ਚਾਹੁੰਦੇ
ਜਾਗਦੇ ਹੀ ਨਹੀਂ ਲੁੱਟਦੇ ਸੌਣ ਤੋਂ ਬਾਅਦ ਵੀ
ਰੁਤਬਾ, ਦੌਲਤ ਸ਼ੌਹਰਤ ਵੀ ਵੇਖੀ ਜਾਂਦੀ ਹੈ
ਇਸ ਦੌਰ 'ਚ ਇਸ਼ਕ ਹੋਣ ਤੋਂ ਬਾਅਦ ਵੀ,
ਕਿਹੋ ਜਹੀ ਬਿਰਤੀ ਹੋ ਗਈ ਇਨਸਾਨ ਦੀ
ਭੁੱਖਾ ਰਹਿੰਦਾ ਸਭ ਕੁੱਝ ਪਾਉਣ ਤੋਂ ਬਾਅਦ ਵੀ
ਜੋ ਸਹਿ ਲੇਖਾ 'ਚ ਲਿਖੀ ਨਹੀ ਕਿੱਥੋਂ ਮਿਲੇਗੀ
ਪਰ ਮਨੁੱਖ ਉਹੀ ਭਾਲਦਾ ਰੋਣ ਤੋਂ ਬਾਅਦ ਵੀ
ਵਕਤ ਨੇ ਇਨਸਾਨ ਨੂੰ ਚੁੱਪ ਤਾਂ ਕਰਾ ਦਿੱਤਾ
ਅੰਦਰ ਬੜਾ ਕੁੱਝ ਚਲਦਾ ਮੌਨ ਤੋਂ ਬਾਅਦ ਵੀ
ਸਵਿੰਦਰ ਸਿੰਘ ਭੱਟੀ
17.
ਜੜ
ਅਵਾਜ਼ ਸੁਣਾਈ ਨਹੀਂ ਦਿੰਦੀ
ਦਿਲ ਧੜਕਣ ਤੋਂ ਬਾਅਦ,
ਪਹਾੜਾਂ 'ਚੋਂ ਨਦੀ ਵਹਿੰਦੀ ਏ
ਬਰਫ ਪਿਘਲਣ ਤੋਂ ਬਾਅਦ,
ਯਾਦ ਕਿਸੇ ਦੀ ਤੰਗ ਕਰੇ
ਯਾਰੋ ਵਿਛੜਨ ਤੋਂ ਬਾਅਦ,
ਪੁਲਿਸ ਪਹੁੰਚਦੀ ਬੇਵਕਤੀ
ਘਰ ਉਜੜਨ ਤੋਂ ਬਾਅਦ,
ਮਿਹਨਤ ਰੰਗ ਲਿਆਉਂਦੀ ਏ
ਜਾਨ ਰਗੜਨ ਤੋਂ ਬਾਅਦ,
ਆਖਿਰ ਫੈਸਲਾ ਹੁੰਦਾ ਹੈ
ਭਰਾ ਝਗੜਨ ਤੋਂ ਬਾਅਦ,
ਕਦੇ ਫਲ ਨਾ ਲੱਗਦੇ ਭੱਟੀ
ਜੜ ਉਖੜਨ ਤੋਂ ਬਾਅਦ ॥
ਸਵਿੰਦਰ ਸਿੰਘ ਭੱਟੀ
9872989193
18.
ਸ਼ੇਅਰ
ਧੜਕਣ ਬਣ ਕੇ ਤੂੰ ਸਾਡੇ ਸੀਨੇ 'ਚ
ਸਦਾ ਧੜਕਦੇ ਰਹਿਣਾ
ਸੁਣ ਤੇਰੀ ਖਾਤਿਰ ਮੇਰੇ ਨੈਣਾਂ ਨੇ
ਸਦਾ ਹੀ ਵਹਿੰਦੇ ਰਹਿਣਾ ।।
ਗੀਤ
"ਕਹਾਣੀ ਤੇਰੇ ਨੈਣਾਂ ਦੀ"
ਸਮਝ ਨਾ ਆਈ ਕਹਾਣੀ ਤੇਰੇ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ ਜਵਾਨੀ ਮੇਰੇ ਨੈਣਾਂ ਦੀ
ਤੈਨੂੰ ਵੇਖਣੇ ਨੂੰ ਤਰਸੀਆਂ ਅੱਖੀਆਂ
ਸਦਾ ਰਹੀਆਂ ਰੋਂਦੀਆ ਨਾ ਇਕ ਪਲ ਹੱਸੀਆ
ਹੋਈ ਨਈਂ ਕਦੇ ਮਿਹਰਬਾਨੀ ਤੇਰੇ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ..........
ਦਿਲ ਵਿਚ ਮੇਰੇ ਯਾਦਾਂ ਤੇਰੀਆਂ ਦਾ ਘਰ ਸੀ
ਲੱਥ ਗਿਆ ਸਾਰਾ ਹੀ ਜ਼ਮਾਨੇ ਵਾਲਾ ਡਰ ਸੀ
ਕੀ- ਕੀ ਦੱਸਾਂ ਯਾਰ ਮੈਂ ਸ਼ੈਤਾਨੀ ਤੇਰਾ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ............
ਕਾਹਤੋਂ ਹੋਇਆ ਦੂਰ ਕੀ ਹੋ ਗਿਆ ਕਸੂਰ ਸੀ
ਕੀਤਾ ਅਸੀਂ ਉਹੀ ਜੋ ਤੈਨੂੰ ਮਨਜੂਰ ਸੀ
ਹੋਰ ਕਿੰਨੀ ਜਰਾਂ ਮੈਂ ਗੁਮਾਨੀ ਤੇਰੇ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ............
ਸਮੁੰਦਰ ਦੇ ਵਿਚ ਯਾਰਾ ਜ਼ਹਿਰ ਕਦੇ ਘੋਲੀ ਨਾ
ਭੱਟੀ ਮਰਜਾਣੇ ਨੂੰ ਤੂੰ ਪੈਰਾ ਵਿਚ ਰੋਲੀ ਨਾ
ਜਰੀ ਹੋਰ ਨਹੀਓਂ ਜਾਣੀ ਨਾਦਾਨੀ ਤੇਰੇ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ............
ਜਦੋਂ ਜੋਤ ਇਸ਼ਕੇ ਦੀ ਯਾਰਾ ਜਗ ਜਾਏਗੀ
ਪਿਆਰ ਵਾਲੀ ਖਿੱਚ ਤੈਨੂੰ ਬੜਾ ਤੜਫਾਏਗੀ
ਫਿਰ ਤੈਨੂੰ ਦਿਸੇਗੀ ਵੈਰਾਨੀ ਮੇਰੇ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ............
ਸਮਝ ਨਾ ਆਈ ਕਹਾਣੀ ਤੇਰੇ ਨੈਣਾਂ ਦੀ
ਤੇਰੇ ਪਿੱਛੇ ਰੁਲ ਗਈ ਜਵਾਨੀ ਮੇਰੇ ਨੈਣਾਂ ਦੀ
ਸਵਿੰਦਰ ਸਿੰਘ ਭੱਟੀ
9872989193
19.
" ਗੀਤ "
ਜਿਥੋਂ ਕੋਈ ਨਹੀਂ ਮੁੜਦਾ
ਉਸ ਜਗ੍ਹਾ 'ਤੇ ਖੜ੍ਹੇ ਹੋਏ ਹਾਂ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ ਭਰੇ ਹੋਏ ਹਾਂ
ਅਸੀਂ ਦੁੱਖਾਂ ਨਾਲ.....
ਬੜੀ ਦੂਰ ਕਿਨਾਰਾ ਐ
ਸਾਨੂੰ ਯਾਰੋ ਉਹਨੇ ਡੋਬਿਆ
ਜਿਹਦਾ ਤੱਕਿਆ ਸਹਾਰਾ ਐ
ਅਸੀਂ ਯਾਰੋ ਹਾਰ ਹੰਬ ਕੇ
ਕਿਸਮਤ ਨਾਲ ਲੜੇ ਹੋਏ ਆ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ.....
ਪਿਆਰ ਵਿਚ ਹਾਰ ਹੋ ਗਈ
ਜਿੱਤਾ ਕੋਹਾਂ ਦੂਰ ਗਈਆਂ
ਅੱਜ ਉਹਨੂੰ ਵੇਖਣ ਨੂੰ
ਅੱਖਾਂ ਹੋ ਮਜਬੂਰ ਗਈਆਂ
ਅਜ਼ਾਦੀ ਵਾਲੀ ਮੁੱਕੀ ਜ਼ਿੰਦਗੀ
ਨਾਲ ਕੰਡਿਆਂ ਦੇ ਅੜੇ ਹੋਏ ਆ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ.....
ਫੁੱਲ ਤਲੀਆਂ 'ਚ ਮਲੇ ਹੋਏ ਨੇ
ਕਹਿੰਦੇ ਸੀ ਜੋ ਜਾਨ ਆਪਣੀ
ਅੱਜ ਦੂਜੀਆਂ ਨਾਲ ਰਲੇ ਹੋਏ ਨੇ
ਪਾਣੀ ਤੋਂ ਵੀ ਡਰ ਲੱਗਦਾ
ਉਂਝ ਸਾਗਰਾਂ 'ਚ ਤਰੇ ਹੋਏ ਆ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ.....
ਹੋਈ ਗੱਲ ਕਿਉਂ ਅਨੋਖੀ ਐ
ਲੋਕੀ ਸਾਨੂੰ ਮਿਹਣੇ ਮਾਰਦੇ
ਸਾਡੀ ਕਿਸਮਤ ਖੋਟੀ ਐ
ਰੱਬਾ ਸਾਡਾ ਕਰ ਖਾਤਮਾ
ਸਭ ਦੀਆਂ ਨਜ਼ਰਾਂ 'ਚ ਅੜੇ ਹੋਏ ਆ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ.....
ਰੱਬਾ ਹੌਂਸਲਾ ਨਾ ਢਾਹ ਦੇਵੀ
ਜਿੰਨੇ ਭੱਟੀ ਦਿਲੋਂ ਕੱਢਿਆ
ਉਹਨੂੰ ਮੰਜਿਲ ਵਿਖਾ ਦੇਵੀ
ਉਹਦੇ ਸੁੱਖ ਮੰਗਣੇ ਨੂੰ
ਤੇਰੇ ਦਰ ਅੱਗੇ ਖੜ੍ਹੇ ਹੋਏ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ.....
ਜਿਥੋਂ ਕੋਈ ਨਹੀਂ ਮੁੜਦਾ
ਉਸ ਜਗ੍ਹਾ 'ਤੇ ਖੜ੍ਹੇ ਹੋਏ ਹਾਂ
ਸਾਡੇ ਕੋਈ ਕੱਟਦਾ ਨਹੀਂ
ਅਸੀਂ ਦੁੱਖਾਂ ਨਾਲ ਭਰੇ ਹੋਏ ਹਾਂ
ਅਸੀਂ ਦੁੱਖਾਂ ਨਾਲ....
ਸਵਿੰਦਰ ਸਿੰਘ ਭੱਟੀ
9872989193
20.
ਉਚਾਈ "
ਮੇਰਾ ਜੀ ਕਰਦਾ ਹੈ ਕਿ
ਮੈਂ ਕਿਸੇ ਉੱਚੀ ਜਗਾ 'ਤੇ ਖਲੋ
ਹੇਠਾ ਝਾਤ ਮਾਰਾਂ ।
ਜਿੱਥੋਂ ਮੈਨੂੰ ਸਾਰੀ ਦੁਨੀਆਂ
ਬਹੁਤ ਛੋਟੀ ਨਜ਼ਰ ਆਵੇ....।
ਮੈਂ ਇੰਨਾ ਉੱਚਾ ਹੋਣਾ ਚਾਹੁੰਦਾ ਹਾਂ
ਕਿ ਮੈਨੂੰ ਦੇਖਣ ਲਈ
ਲੋਕਾਂ ਨੂੰ ਆਪਣੀ ਗਰਦਨ
ਉੱਪਰ ਕਰਨੀ ਪਵੇ .... ।
ਮੈਂ ਇਸ ਉਚਾਈ 'ਤੇ ਪਹੁੰਚਣ ਲਈ
ਆਪਣਿਆਂ ਨਾਲ ਦਗੇਬਾਜ਼ੀ ਤੇ ਕਤਲ
ਕਰਨ ਲਈ ਵੀ ਤਿਆਰ ਹਾਂ ....।
ਬੇਸ਼ੱਕ ਇਹ ਉਚਾਈ ਮੌਤ ਦਾ ਕਾਰਨ ਹੈ ।
ਕਿਉਂਕਿ ਇਸ ਉਚਾਈ 'ਤੇ ਪਹੁੰਚਣ
ਦੇ ਤਾਂ ਸੌ ਰਸਤੇ ਹਨ....
ਪਰ ਉਤਰਨ ਦੀ ਪ੍ਰਵਾਹ ਸ਼ਾਇਦ
ਕਿਸੇ ਨੂੰ ਵੀ ਨਹੀਂ ਹੁੰਦੀ ।
ਇਸਦਾ ਫਿਕਰ ਇਸ ਉਚਾਈ 'ਤੇ
ਪਹੁੰਚ ਕੇ ਹੀ ਹੁੰਦਾ ਹੈ,
ਪਤਾ ਹੁੰਦੇ ਹੋਏ ਵੀ ਕਿ
ਇਸ ਉਚਾਈ 'ਤੇ ਮੌਤ ਵਸਦੀ ਹੈ,
ਫਿਰ ਵੀ ਇਸ ਉਚਾਈ ਨੂੰ
ਛੂਹਣ ਵਾਲਿਆਂ ਦੀ
ਗਿਣਤੀ ਦਿਨ ਰਾਤ ਵੱਧਦੀ
ਹੀ ਜਾ ਰਹੀ ਹੈ !!
ਸਵਿੰਦਰ ਸਿੰਘ ਭੱਟੀ
9872989193
21.
. "ਲਾਸ਼"
ਜੋ ਜੀਣ ਦੀ ਦੇ ਕੇ ਆਸ ਗਿਆ
ਦੇ ਕੇ ਆਸ ਤੇ ਫਿਰ ਗੁਵਾਚ ਗਿਆ,
ਜੋ ਥੋੜ੍ਹੀ ਬਹੁਤੀ ਰਹਿ ਗਈ ਸੀ
ਕਰ ੳੁਹ ਵੀ ਜ਼ਿੰਦਗੀ ਨਾਸ ਗਿਆ,
ਸਾਨੂੰ ਡੋਬ ਕੇ ਡੂੰਘੇ ਪਾਣੀਆਂ 'ਚ
ਬੁਝਾ ੳੁਹ ਆਪਣੀ ਪਿਆਸ ਗਿਆ,
ਚਾਅ ਪੂਰੇ ਕੀਤੇ ਹਰ ਗੱਲ ਮੰਨੀ
ਸਾਰੇ ਸੁਪਨੇ ਕਰ ਉਦਾਸ ਗਿਆ,
ਸਾਨੂੰ ਦੇ ਕੇ ਰੁਤਬਾ ਰਹਿਬਰ ਦਾ
ਕਿਸੇ ਹੋਰ ਦਾ ਬਣ ੳੁਹ ਖਾਸ ਗਿਆ,
ਸਾਨੂੰ ਫਸਾ ਕੇ ਘੁੰਮਣ ਘੇਰੀ 'ਚ
ਕਿਸੇ ਹੋਰ ਦੀ ਵਿੱਚ ਤਲਾਸ਼ ਗਿਆ
ਧੋਖੇ, ਫਰੇਬ ਤੇ ਬੇਵਫਾਈ ਵਾਲੀਆਂ,
ਸਭ ਡਿਗਰੀਆਂ ੳੁਹ ਕਰ ਪਾਸ ਗਿਆ
ਯਕੀਨ ਹੁੰਦਾ ਨਹੀਂ ਅਣਹੋਣੀ ਤੇ
ਕਿਵੇਂ ਨਹੁੰ ਤੋਂ ਵੱਖ ਹੋ ਮਾਸ ਗਿਆ
ਰੱਬਾ ਖੈਰ ਕਰੀ ਉਸ ਚੰਦਰੇ ਦੀ
ਜੋ ਕਰਕੇ ਜ਼ਿੰਦਾ ਲਾਸ਼ ਗਿਆ !
ਸਵਿੰਦਰ ਸਿੰਘ ਭੱਟੀ
9872989193
22.
ਦਿਲ ਦਾ ਮਾਸ....
ਹੱਸਕੇ ਮਨਾ ਰੋਣਾ ਛੱਡਦੇ
ਖੁਦ ਨੂੰ ਸੂਲੀ ਲਟਕਾਉਣਾ ਛੱਡਦੇ ।
ਆਪਣਾ ਹੈ ਤਾਂ ਅਪਣਾਏਗਾ ਆਪੇ
ਜਬਰਦਸਤੀ ਕਿਸੇ ਦਾ ਹੋਣਾ ਛੱਡਦੇ ।
ਜੇ ਨਹੀਂ ਭੋਰਾ ਚਾਹੁੰਦਾ ਤੈਨੂੰ
ਤੂੰ ਵੀ ਉਸਨੂੰ ਚਾਹੁੰਣਾ ਛੱਡਦੇ ।
ਜੇ ਚਰਾਉਦਾ ਨਜ਼ਰਾਂ ਤੈਥੋਂ
ਪਲਕਾਂ ਤੇ ਬਿਠਾਉਣਾ ਛੱਡਦੇ ।
ਪੈਰ ਪਸਾਰ ਵੇਖਕੇ ਚਾਦਰ
ਵੱਡੇ ਖਾਬ ਸਜਾਉਣਾ ਛੱਡਦੇ ।
ਸਮਝਦਾ ਹੈ ਜੇ ਖੇਡ ਇਸ਼ਕ ਨੂੰ
ਉਹਦਾ ਦਿਲ ਪਰਚਾਉਣਾ ਛੱਡਦੇ ।
ਲਾ ਕੇ ਅੱਗ ਜੇ ਠੰਡਾ ਫਿਰਦਾ
ਤੂੰ ਵੀ ਰੂਹ ਤਪਾਉਣਾ ਛੱਡਦੇ ।
ਉਸਨੇ ਬਦਲ ਲਿਆ ਜੇ ਰਸਤਾ
ਰਾਹਾਂ 'ਚ ਖਲੋਣਾ ਛੱਡਦੇ ।
ਇਨ੍ਹਾਂ ਦਾ ਵਜੂਦ ਕੋਈ ਨਾ
ਰੇਤ ਦੇ ਮਹਿਲ ਬਣਾਉਣਾ ਛੱਡਦੇ ।
ਦੌਲਤ, ਜਿਸਮ ਦੇ ਭੁੱਖੇ ਨੂੰ
ਦਿਲ ਦਾ ਮਾਸ ਖਵਾਉਣਾ ਛੱਡਦੇ ।
ਪਰਵਾਜ ਪਰਿੰਦਾ ਭਰਨੀ ਚਾਹੁੰਦਾ
ਦਿਲ ਦੇ ਪਿੰਜਰੇ ਪਾਉਣਾ ਛੱਡਦੇ ।
ਭੱਟੀ ਆਉਣ ਵਾਲੇ ਖੁਦ ਆ ਜਾਣਾ
ਹਾਕਾਂ ਮਾਰ ਬਲਾਉਣਾ ਛੱਡਦੇ ll
ਸਵਿੰਦਰ ਸਿੰਘ ਭੱਟੀ
9872989193
23.
ਹਸਤਾਖ਼ਰ...
ਚਿੱਠੀ ਪੱਤਰ ਦਾ ਦੌਰ ਤਾਂ
ਕਦੋਂ ਦਾ ਬੀਤ ਚੁੱਕਿਆ ਹੈ ...
ਪਰ ਕੱਲ ਡਾਕ ਰਾਹੀਂ
ਤੇਰੇ ਵੱਲੋਂ ਭੇਜੇ
ਕਾਗਜ਼ਾਤ ਮਿਲੇ,
ਵੇਖ ਕੇ ਦਿਲ ਨੂੰ ਆਸ ਬੱਝੀ,
ਕਿ ਤੈਨੂੰ ਸ਼ਾਇਦ
ਆਪਣੀ ਗਲਤੀ ਦਾ
ਅਹਿਸਾਸ ਹੋ ਗਿਆ ਹੈ ...
ਜਿਵੇਂ ਕੋਈ ਸਵੇਰ ਦਾ ਭੁੱਲਿਆ
ਸ਼ਾਮੀਂ ਘਰ ਪਰਤ ਆਇਆ ਹੈਂ...
ਪਰ ਮੇਰਾ ਅੰਦਾਜ਼ਾ
ਖੋਖਲਾ,ਬੇਬੁਨਿਆਦ ਨਿਕਲਿਆ ...
ਤੇਰੀ ਹਉਮੇਂ ਨੀਵੀਂ ਕਿਵੇਂ ਹੋ ਜਾਉ,
ਇਹ ਕਾਗਜ਼ਾਤ ਮਾਫੀਨਾਮੇ ਦੇ ਨਹੀਂ ਸਗੋਂ
ਇਹ ਤਾਂ ਤੇਰੇ ਹਸਤਾਖ਼ਰ ਨਾਲ ਭੇਜਿਆ
ਕਾਲੇ ਅੱਖਰਾਂ ਨਾਲ ਲਿਖਿਆ
ਕੋਰਟ ਦਾ ਆਦੇਸ਼ ਸੀ ।
ਜੋ ਜੋੜਣ ਦਾ ਨਹੀਂ
ਸਗੋਂ ਤੋੜਨ ਦਾ
ਪੈਗਾਮ ਲੈ ਕੇ ਆਇਆ ਸੀ ।
ਜ਼ਾਲਮਾ ....
ਮੈਨੂੰ ਤੇਰੀ
ਇਹ ਕੋਰਟ ਕਚਹਿਰੀ ਵਾਲੀ
ਗੱਲ ਬਿਲਕੁਲ ਸਮਝ ਨਹੀਂ ਆਈ ।
ਕਿਉਂਕਿ...
ਮੈਂ ਅੱਜ ਤੀਕਰ ਤੇਰੀ ਕਿਸੇ ਵੀ ਗੱਲ ਨਾਲ
ਅਸਹਿਮਤੀ ਨਹੀਂ ਦਿਖਾਈ ।
ਬੇ ਸਮਝਾ ਜ਼ਰਾ ਮੈਨੂੰ
ਇੱਕ ਗੱਲ ਤਾਂ ਸਮਝਾ ...
ਆਖਰ ਤੈਨੂੰ
ਕੋਰਟ ਕਚਿਹਰੀ
ਜਾਣ ਦੀ ਕੀ ਲੋੜ ਸੀ ?
ਕੀ ਲੋੜ ਸੀ ਸੂਲੀ ਚਾੜ੍ਹਨ ਦੀ,
ਹਰ ਗੱਲ ਛਿੱਕੇ ਟੰਗਣ ਦੀ,
ਦੀਵਾਰਾਂ ਖੜੀਆਂ ਕਰਨ ਦੀ,
ਬੋਲ ਕਬੋਲ ਬੋਲਣ ਦੀ ,
ਛਾਪਾਂ ਛੱਲੇ ਮੋੜਨ ਦੀ,
ਜੱਜਾਂ ਦੀਆਂ ਦਲੀਲਾਂ ,
ਵਕੀਲਾਂ ਦੀਆਂ ਸਲਾਹਵਾਂ
ਤੇ ਮੋਟੀਆਂ ਰਕਮਾਂ ,
ਫੀਸਾਂ ਦੇ ਰੂਪ ਵਿਚ ਭਰਵਾਉਣ ਦੀ,
ਕੀ ਲੋੜ ਸੀ ?
ਪਾਗਲਾ...
ਤੂੰ ਇਨ੍ਹਾਂ ਖਲਾਰਾ
ਪਾ ਕੇ....
ਦੇ ਦਿੱਤਾ ਹੈ ਮੌਕਾ
ਮੇਰੇ ਦੁਸ਼ਮਣਾਂ,
ਮੇਰੇ ਸਾਕ ਸੰਬੰਧੀਆਂ,
ਤੇ ਮੇਰੇ ਸ਼ਰੀਕਾਂ ਨੂੰ
ਮੇਰੀ ਹਾਰ ਤੇ ਹੱਸਣ ਦਾ ।
ਦੱਸ ਇੰਨਾਂ ਵਿਖਾਵਾ ਕਿਉਂ ..?
ਆਖਰ ਤੇਰਾ ਵਕ਼ਤ ਨੇ
ਕੀ ਵਿਗਾੜਿਆ ਸੀ
ਜੋ ਵੀ ਵਿਗਾੜਿਆ ਸੀ
ਉਹ ਤਾਂ
ਮੈਂ ਵਿਗਾੜਿਆ ਸੀ
ਫਿਰ ਏ ਵਕ਼ਤ ਬਰਬਾਦ
ਕਰਨ ਦੀ ਕੀ ਲੋੜ ਸੀ...?
ਤੂੰ ਮੈਨੂੰ ਇਕ ਗੱਲ ਤਾਂ ਦੱਸ,
ਕਿ ਤੇਰਾ ਕਿਹਾ
ਮੈਂ ਕਦ ਟਾਲਿਆ ਹੈ।
ਤੂੰ ਤਾਂ ਇਹ ਗੱਲ ਵੀ
ਭਲੀਭਾਂਤ ਜਾਣਦਾ ਸੀ
ਕਿ ਤੇਰੀ ਕਹੀ ਹਰ ਗੱਲ
ਸਿੱਧਾ ਮੇਰੀ ਰੂਹ ਤੇ ਦਸਤਕ ਦਿੰਦੀ ਹੈ ।
ਪਾਗਲਾ
ਦਿਲ ਰੱਖਣਾ ਤਾਂ
ਮੈਨੂੰ ਸ਼ੁਰੂ ਤੋਂ ਹੀ ਆਉਦਾਂ ਸੀ
ਤੇਰੇ ਬੋਲਾਂ ਤੇ
ਮੈਂ ਸਦਾ ਫੁੱਲ ਹੀ ਚੜ੍ਹਾਏ ਨੇ
ਜੇ ਤੂੰ ਦੂਰ ਹੋਣ ਬਾਰੇ
ਸੋਚ ਹੀ ਲਿਆ ਸੀ
ਤਾਂ ਇੱਕ ਵਾਰੀ ਕਹਿ ਕੇ ਤਾਂ ਵੇਖ ਲੈਦਾਂ
ਮੈਂ ਵੈਸੇ ਹੀ ਤੇਰੀ ਜ਼ਿੰਦਗੀ 'ਚੋਂ
ਬਹੁਤ ਦੂਰ ਚਲੇ ਜਾਣਾ ਸੀ ।
ਇਨ੍ਹਾਂ ਕਾਨੂੰਨੀ ਕਾਗਜ਼ਾਤ
ਤੇ ਮੇਰੇ ਹਸਤਾਖ਼ਰ
ਹੀ ਤਾਂ ਚਾਹੀਦੇ ਸੀ ।
ਉਹ ਵੀ ਚੁੱਪ ਚਪੀਤੇ ਹੀ
ਕਰ ਦੇਣੇ ਸੀ ਮੈਂ ...
ਤੂੰ ਤਾਂ ਇਹ ਗੱਲ ਵੀ
ਭਲੀਭਾਂਤ ਜਾਣਦਾ ਸੈ,
ਕਿ ਮੈਂ ਤਾਂ ਪੜ੍ਹਿਆ ਲਿਖਿਆ ਹਾਂ
ਤੈਨੂੰ ਵੀ ਤਾਂ
ਆਪਣੀ ਜ਼ਿੰਦਗੀ ਵਿੱਚ
ਇੱਕ 'ਹਸਤਾਖ਼ਰ' ਕਰਕੇ ਹੀ
ਸ਼ਾਮਿਲ ਕੀਤਾ ਸੀ ।
'ਤੇ ਅੱਜ ਤੈਨੂੰ ਗਵਾਉਣ ਲੱਗੇ
ਗਮੀ ਵਿਚ ਹੀ ਸਹੀ
ਤੇਰੀ ਸਹਿਮਤੀ ਵਿੱਚ
ਪੂਰੇ ਹੋਸ਼ੋ ਹਵਾਸ ਵਿਚ
ਤੇਰੀ ਹਉਮੇ ਦੀ ਜਿੱਤ ਲਈ
ਕਰ ਹੀ ਦੇਣੇ ਸੀ
ਤੇਰੇ ਵਲੋਂ ਭੇਜੇ
ਕਾਗਜ਼ ਦੀ ਹਿੱਕ ਤੇ
ਆਪਣੇ ਕੰਬਦੇ ਹੱਥਾਂ ਨਾਲ
ਮੈਂ
" ਹਸਤਾਖ਼ਰ."....
ਹਾਂ
ਪਰ
ਇਕ ਗੱਲ ਤੂੰ ਵੀ
ਜ਼ਰੂਰ ਸੋਚ ਲਵੀਂ
ਜਿਸ ਖਾਤਿਰ
ਤੂੰ ਮੈਨੂੰ ਛੱਡ ਰਿਹਾ ਹੈਂ
ਜੇ ਉਹ ਸ਼ਖਸ
ਮੇਰੇ ਤੋਂ ਬਦਤਰ ਨਿਕਲਿਆ
ਤਾਂ ਫਿਰ ਸੋਚ
ਕੀ ਰਾਹ ਰਹਿ ਜਾਵੇਗਾ ਤੇਰੇ ਕੋਲ
ਇਸ ਲਈ ਇਕ ਵਾਰ
ਜ਼ਰੂਰ ਸੋਚ ਲਈ
ਕਿਸੇ ਹੋਰ ਨੂੰ
ਆਪਣੀ ਜ਼ਿੰਦਗੀ ਵਿੱਚ
ਸ਼ਾਮਿਲ ਕਰਨ ਤੋਂ ਪਹਿਲਾਂ
ਤੇ ਹੋਸ਼ੋ ਹਵਾਸ ਵਿਚ
ਹਸਤਾਖ਼ਰ
ਕਰਨ ਤੋਂ ਪਹਿਲਾਂ
ਕਿਉਂਕਿ
ਬਿਨਾਂ ਸੋਚ ਸਮਝ ਦੇ
ਸਿਕੇ ਦੇ ਇਕ ਹੀ ਪਹਿਲੂ ਨੂੰ
ਮਹੱਤਵ ਦਿੰਦੇ ਹੋਏ
ਜਜ਼ਬਾਤੀ ਹੋ ਕੇ
ਆਪਣੇ ਫਰਜ਼ਾਂ ਤੋਂ
ਮੁੱਖ ਮੋੜ ਕੇ
ਬੇਪਰਵਾਹੀ ਨਾਲ
ਕਿਸੇ ਵੀ ਕਾਗਜ਼ ਦੀ
ਹਿੱਕ 'ਤੇ ਕੀਤੇ
"ਹਸਤਾਖ਼ਰ"
ਮਹਿੰਗੇ ਨਹੀਂ
ਬਹੁਤ ਮਹਿੰਗੇ ਪੈਂਦੇ ਨੇ....
ਸਵਿੰਦਰ ਸਿੰਘ ਭੱਟੀ
9872989193
24.
ਸੰਭਲ ਗਿਆ ਹਾਂ ਮੈਂ "
ਮੰਜਿਲ ਦੂਰ ਸੀ
ਰਾਹ ਖੌਫਨਾਕ ਸੀ
ਕੰਬਦੇ ਪੈਰਾਂ ਦੀ ਅਵਾਜ਼
ਸਾਹਾਂ ਦੀ ਵਧੀ ਹੋਈ ਰਫ਼ਤਾਰ
ਨੂੰ ਕਾਬੂ ਵਿੱਚ ਰੱਖਦੇ ਹੋਏ
ਸੰਭਲ ਗਿਆ ਹਾਂ ਮੈ...
ਪੰਛੀ ਚੁੱਪ ਸ਼ਾਂਤ ਸਨ
ਸੂਰਜ ਦੀ ਲਾਲੀ ਨਾਲ
ਅਸਮਾਨ ਲਾਲ ਸੀ
ਰਾਹੀ ਆਪਣੇ ਘਰਾਂ ਨੂੰ
ਪਰਤ ਰਹੇ ਸਨ
ਰਸਤਾ ਭਟਕ ਗਿਆ ਸਾਂ ਮੈਂ
ਪਰ ਆਪਣਿਆ ਨੂੰ ਵੇਖਣ ਦੇ
ਜਜ਼ਬੇ ਨੇ,
ਮੇਰੇ ਦਿਲ ਦਾ ਸਾਰਾ ਖ਼ੌਫ
ਖਤਮ ਕਰ ਦਿੱਤਾ ਸੀ
ਕਿਉਂਕਿ
ਸੰਭਲ ਗਿਆ ਹਾਂ ਮੈ....
ਲੋਕ ਪਿੱਠ ਪਿੱਛੇ ਸੌ ਵਾਰ ਕਰਕੇ ਵੀ
ਅੱਖਾਂ ਮਿਲਾਉਣ ਦਾ ਹੌਂਸਲਾ ਰੱਖਦੇ ਨੇ
ਪਰ ਮੈਂ ਥੋੜ੍ਹੀ ਬੇਈਮਾਨੀ 'ਤੇ
ਆਪਣੇ ਆਪ ਨਾਲ ਨਜ਼ਰਾ ਹੀ
ਨਹੀਂ ਮਿਲਾ ਪਾਉਂਦਾ ,
ਹੁਣ ਮੇਰੇ ਸੀਨੇ ਚੋਂ ਵੀ
ਸੌ ਉਬਾਲ ਉਠਣ ਲੱਗ ਪਏ ਨੇ
ਝੂਠ ਨੇ ਮੈਨੂੰ ਲੱਖਾਂ
ਜ਼ਖਮ ਦਿੱਤੇ ਹਨ
ਸੌ ਧੋਖੇ ਖਾਂਦੇ ਨੇ ਮੈਂ
ਰੂਹ ਧੁਰ ਅੰਦਰ ਤਕ
ਸੜ ਚੁੱਕੀ ਹੈ !
ਜੀਣ ਦਾ ਵੀ ਕੋਈ ਹੱਜ ਨਹੀਂ ਰਿਹਾ
ਪਰ
ਹੁਣ ਜਿੰਨੇ ਵੀ ਸਾਹ ਰਹਿ ਗਏ ਨੇ
ਹੱਸ ਕੇ ਜੀਵਾਂਗਾਂ ਮੈਂ ...
ਕਿਉਂਕਿ
ਹੁਣ ਲੋਕਾਂ ਦੀਆਂ ਚਾਲਾਂ ਨੂੰ
ਸਮਝ ਗਿਆ ਹਾਂ ਮੈਂ....
ਸੰਭਲ ਗਿਆ ਹਾਂ ਮੈਂ...
ਸੰਭਲ ਗਿਆ ਹਾਂ ਮੈਂ.....
ਸਵਿੰਦਰ ਸਿੰਘ ਭੱਟੀ
9872989193
25.
ਅਕਸ
ਉਹ ਸਾਡਾ ਅਕਸ ਮਿਟਾਉਂਦੇ ਰਹੇ
ਅਸੀਂ ਹੋਰ ਵੀ ਉਸਨੂੰ ਚਾਹੁੰਦੇ ਰਹੇ
ਸਾਹਾਂ ਵਾਂਗ ਵਸੇ ਜੋ ਦਿਲ 'ਚ
ਨਿਤ ਉਹੀ ਸਾਨੂੰ ਭੁਲਾਉਦੇਂ ਰਹੇ
ਆਪਣੀ ਵਾਰੀ ਫੇਰ ਗਏ ਮੁੱਖ ਆਪਣਾ
ਜੋ ਹਰ ਥਾਂ ਸਾਨੂੰ ਅਜਮਾਉਂਦੇ ਰਹੇ
ਸਾਨੂੰ ਬਣਾ ਕੇ ਬੁੱਤ ਜਿੰਦਾ ਲਾਸ਼ ਕਰਕੇ
ਆਪ ਹੱਸਦੇ ਨੱਚਦੇ ਗਾਉਂਦੇ ਰਹੇ
ਜਿਹਦੇ ਕਰਕੇ ਹੋਏ ਹਾ ਖਾਕ ਅਸੀਂ
ਉਹ ਹੋਰਾਂ ਨਾਲ ਪੁਗਾਉਂਦੇ ਰਹੇ
ਉਹਦੇ ਦਰਦ ਸਮਝ ਦੁਵਾਵਾਂ ਅਸੀਂ
ਨਿੱਤ ਝੋਲੀ ਵਿੱਚ ਪਵਾਉਂਦੇ ਰਹੇ
ਉਹਨੂੰ ਹੋਇਆ ਨਾ ਗਮ ਛੱਡਣ ਦਾ
ਅਸੀਂ ਐਵੇਂ ਹੀ ਪਛਤਾਉਂਦੇ ਰਹੇ
ਉਹਦੀ ਖੁਸ਼ੀ ਖਾਤਿਰ ਅਸੀਂ ਸੁਣ ਭੱਟੀ
ਨਿੱਤ ਆਪਣਾ ਆਪ ਗਵਾਉਂਦੇ ਰਹੇ
ਨਾ ਭੋਰਾ ਕਦਰ ਤੇ ਨਾ ਸਾਰ ਸਾਡੀ
ਅਸੀਂ ਜਿਸਨੂੰ ਰੱਬ ਬਣਾਉਂਦੇ ਰਹੇ
ਸਵਿੰਦਰ ਸਿੰਘ ਭੱਟੀ
9872989193
26.
ਟੁੱਟਿਆ ਤਾਰਾ.....
ਤਸਵੀਰਾਂ, ਦੀਵਾਰਾਂ 'ਤੇ ਲਟਕਦੀਆਂ ਰਹਿ ਗਈਆਂ
ਮੈਂ ਹਵਾ ਬਣ ਕੇ ਜਦੋਂ ਮਕਾਨੋ ਨਿਕਲ ਗਿਆ
ਵੱਡੇ ਪੱਧਰ ਤੇ ਅਯੋਜਿਤ ਹੋਣ ਲੱਗੇ ਮੇਰੇ ਨਾਂ 'ਤੇ ਸਮਾਗਮ
ਉਮਰ ਢਲ ਗਈ ਮੇਰੀ ਜਦੋਂ ਮੈਂ ਮੈਦਾਨੋ ਨਿਕਲ ਗਿਆ
ਉਸ ਵਕਤ ਬਹੁਤ ਜੌਹਰੀ ਆਏ ਮੈਨੂੰ ਤਰਾਸ਼ਣ ਲਈ
ਮੈਂ ਕੋਲਾ , ਬਣ ਕੇ ਹੀਰਾ ਜਦੋਂ ਖਾਨੋ ਨਿਕਲ ਗਿਆ
ਸੂਰਜ ਨਾਲੋ ਵੱਧ ਰੋਸ਼ਨੀ ਸੀ ਮੇਰੇ ਅੰਦਰ,ਪਤਾ ਉਦੋਂ
ਲੱਗਾ ਜਦੋਂ ਬਣ ਕੇ ਜੁਗਨੂੰ ਮੈਂ ਜਹਾਨੋ ਨਿਕਲ ਗਿਆ
ਰੱਬੀ ਹੁਕਮ ਸਮਝਿਆ ਹਰ ਗੱਲ ਕੀਤੀ ਪੂਰੀ
ਜਿਹੜਾ ਬੋਲ ਜਦੋਂ ਵੀ ਉਸਦੀ ਜੁਬਾਨੋ ਨਿਕਲ ਗਿਆ
ਜਦੋਂ ਹੋਇਆ ਅਹਿਸਾਸ ਵਫਾ ਦਾ ਪਛਤਾਉਣ ਲੱਗੇ
ਮੇਰੇ ਵੱਲ ਸੇਧਿਆ ਤੀਰ ਜਦੋਂ ਕਮਾਨੋ ਨਿਕਲ ਗਿਆ
ਟਾਹਣੀ ਨਾਲੋਂ ਟੁੱਟ ਕੇ ਫੁੱਲ ਜਿੰਦਾ ਨਈ ਬਚਦਾ
ਲੀਰ ਬਣਦਾ ਜਿਹੜਾ ਕੱਪੜਾ ਕੱਟ ਕੇ ਥਾਨੋਂ ਨਿਕਲ ਗਿਆ
ਮਿੱਟੀ ਪਾ ਮੇਰੇ 'ਤੇ ਆਪਣਿਆਂ ਫੇਰ ਦਫਨਾ ਦਿੱਤਾ
ਮੈਂ ਕਿਸੇ ਤਰ੍ਹਾਂ ਬਚ ਕੇ ਜਦੋਂ ਖਤਾਨੋਂ ਨਿਕਲ ਗਿਆ
ਇੱਥੇ ਕਈਆਂ ਦੀਆਂ ਹੋਈਆਂ ਮੁਰਾਦਾ ਪੂਰੀਆਂ ਭੱਟੀ
ਮੈਂ "ਟੁੱਟਿਆ ਤਾਰਾ" ਜਦੋਂ ਅਸਮਾਨੋਂ ਨਿਕਲ ਗਿਆ
ਸਵਿੰਦਰ ਸਿੰਘ ਭੱਟੀ
27.
"ਮੇਰੇ ਮੁਤਾਬਿਕ"
ਟੁੱਟੇ ਹੋਏ ਪੱਤਿਆਂ ਦਾ ਖਿਆਲ
ਇਕ ਦਮ ਜ਼ਿਹਨ 'ਚ ਆਇਆ,
ਜਦੋਂ ਉਨ੍ਹਾਂ ਨੇ ਬੜੀ ਹਲੀਮੀ ਨਾਲ ਕਿਹਾ
ਕਿ ਬਦਲ ਗਿਆ ਹਾਂ ਮੈਂ ,
ਸਦਾ ਹੱਸਦੇ ਰਹਿਣਾ ਚੰਗੀ ਗੱਲ ਨਹੀਂ ਹੁੰਦੀ,
ਉਸਦੀ ਬੇਰੁੱਖੀ ਸਦਕਾ
ਸਿਆਣਿਆਂ ਦੀ ਕਹੀ ਗੱਲ ਪੂਰੀ ਤਰ੍ਹਾਂ ਨਾਲ
ਹਜ਼ਮ ਹੋ ਗਈ ਹੈ ਮੈਨੂੰ,
ਖਾਣ ਦਾ,ਪੀਣ ਦਾ, ਪਹਿਨਣ ਦਾ,ਬੂਟ ਪਾਲਿਸ਼ ਦਾ,
ਇਥੋਂ ਤਕ ਕਿ ਸਮੇਂ ਦਾ ਕਿੰਨਾ ਧਿਆਨ ਸੀ ਮੈਨੂੰ,
ਉਸਦੀ ਬੇ-ਧਿਆਨੀ ਨੇ
ਕਿੰਨਾ ਕੁੱਝ ਬੇ-ਧਿਆਨ ਕਰਵਾ ਦਿੱਤਾ ਹੈ
ਮੇਰੇ ਤੋਂ ,
ਕਾਰ ਲੈਣੀ ਹੈ,ਘਰ ਦੀ ਦੂਸਰੀ ਮੰਜਿਲ ਤੇ
ਬਾਲਕੋਨੀ ਬਣਵਾਉਣੀ ਹੈ ,
ਜਿਥੋਂ ਮੈਨੂੰ
ਅਲਵਿਦਾ ਹੋਣ ਦਾ ਇਸ਼ਾਰਾ ਹੋਇਆ ਕਰੇਗਾ,
ਉਸਦੀ ਬੇ-ਫਿਕਰੀ ਨੇ
ਸਾਰੇ ਦੇ ਸਾਰੇ ਫਿਕਰ ਮਿਟਾ
ਦਿੱਤੇ ਨੇ ਮੇਰੇ ,
ਸੱਚੀ ਆਇਆ ਹੈ ਮੇਰੇ 'ਚ ਬਦਲਾਵ
ਯਕੀਨਣ ਹੀ
ਉਸਦੀ ਬੇਰੁੱਖੀ ਹੁਣ
ਸਾਫ ਝਲਕਦੀ ਹੈ ਮੇਰੇ ਚੋਂ ,
ਉਸਦੇ ਬਦਲਣ ਨਾਲ ਬਹੁਤ ਕੁਝ ਬਦਲ
ਗਿਆ ਹੈ,
ਸਦਾ ਬੋਲਣ ਵਾਲਾ ਸਪੀਕਰ
ਹੁਣ ਸ਼ਾਤ ਹੋ ਗਿਆ ਹੈ,
ਬਦਲਾਵ ਕੁਦਰਤ ਦਾ ਨਿਯਮ ਹੈ,
ਜੇ ੳੁਹ ਵੀ ਬਦਲ ਗਏ ਨੇ ਤਾਂ
ਕੋਈ ਵੱਡੀ ਗੱਲ ਨਹੀਂ ਹੋਈ
ਮੇਰੇ ਮੁਤਾਬਿਕ !
ਸਵਿੰਦਰ ਸਿੰਘ ਭੱਟੀ
9872989193
28.
"ਪਹਿਲਾਂ ਤੇ ਹੁਣ"
ਉਹ ਵੀ ਰਾਣੀਆਂ ਵਰਗੀ ਨਾ ਰਹੀ,
ਅਸੀਂ ਵੀ ਮਹਿਲਾ ਵਰਗੇ ਨਾ ਰਹੇ ।
ਉਹ ਵੀ ਬਦਲ ਗਈ ਸਾਰੀ ਦੀ ਸਾਰੀ,
ਅਸੀਂ ਵੀ ਪਹਿਲਾਂ ਵਰਗੇ ਨਾ ਰਹੇ ।
ਮਿਥੀ ਹੋਈ ਹੈ ਹਾਰ ਜਿੱਤ ਪਹਿਲਾਂ ਹੀ,
ਖੇਲ ਵੀ ਹੁਣ ਖੇਲਾਂ ਵਰਗੇ ਨਾ ਰਹੇ !
ਲਾਉਂਦੇ ਕਿਤੇ ਤੇ ਨਿਭਾਉਂਦੇ ਕਿਤੇ ਹੋਰ ਨੇ,
ਵਾਅਦੇ ਵੀ ਹੁਣ ਗੁਲੇਲਾ ਵਰਗੇ ਨਾ ਰਹੇ ।
ਇਕ ਰੁਸਦਾ ਹੈ, ਤਾਂ ਸੌ ਮਨਾਉਂਦੇ ਨੇ,
ਪਿਆਰ ਵੀ ਹੁਣ ਜੇਲਾਂ ਵਰਗੇ ਨਾ ਰਹੇ ।
ਖੰਭ ਲਗ ਗਏ ਨੇ ਸਭ ਦੇ ਵਿਚਾਰਾਂ ਨੂੰ "ਭੱਟੀ"
ਲੋਕ ਹੁਣ ਬੱਸਾਂ ਰੇਲਾਂ ਵਰਗੇ ਨਾ ਰਹੇ !
ਸਵਿੰਦਰ ਸਿੰਘ ਭੱਟੀ
29.
"ਯਾਰੀ ਨਾ ਹੁੰਦੀ"
ਕੋਈ ਰੁਤ ਕਿਸੇ ਨੂੰ ਕਦੇ ਵੀ ਪਿਆਰੀ ਨਾ ਹੁੰਦੀ
ਜੇ ਨਾਲ ਪੌਦਿਆਂ ਦੇ ਹਵਾ ਦੀ ਯਾਰੀ ਨਾ ਹੁੰਦੀ,
ਪੰਛੀ ਫਸ ਜਾਣੇ ਸੀ ਸਾਰੇ ਜਾਲ ਦੇ ਵਿਚ
ਜੇ ਨਾ ਹੁੰਦਾ ਆਸਮਾਨ ਤੇ ਉਡਾਰੀ ਨਾ ਹੁੰਦੀ,
ਨਾ ਕੋਈ ਰੋਕ ਤੇ ਨਾ ਕੋਈ ਬੰਧਸ ਹੋਣੀ ਸੀ
ਜੇ ਮੁਹੱਬਤ ਦਿਲਾਂ ਵਾਲੀ ਕਦੇ ਬਜ਼ਾਰੀ ਨਾ ਹੁੰਦੀ,
ਭਰਾ-ਭਰਾ ਦਾ ਦੁਸ਼ਮਣ ਇਥੇ ਨਾ ਬਣਦਾ
ਜੇ ਜਾਇਦਾਦ ਨਾ ਹੁੰਦੀ ਹਿੱਸੇਦਾਰੀ ਨਾ ਹੁੰਦੀ,
ਕੀ ਲੋੜ ਸੀ ਐਨੇ ਵਧ ਹਸਪਤਾਲ ਖੋਲਣ ਦੀ
ਜੇ ਸਿਹਤ ਚੰਗੀ ਹੁੰਦੀ ਤੇ ਕੋਈ ਬਿਮਾਰੀ ਨਾ ਹੁੰਦੀ
ਇਥੇ ਗਰੀਬ ਵੀ ਖਾਂ ਲੈਦਾ ਰੱਜ ਕੇ ਰੋਟੀ
ਜੇ ਮਿਲਦਾ ਕਮ ਤੇ ਕਿਤੇ ਬੇਰੁਜ਼ਗਾਰੀ ਨਾ ਹੁੰਦੀ
"ਭੱਟੀ" ਰੁਲ ਜਾਣਾ ਸੀ ਨਾਲੇ ਬਰਬਾਦ ਹੋਣਾ ਸੀ
ਜੇ ਓਹਦੀ ਖੁਦਾ ਨੇ ਕਿਸਮਤ ਸਵਾਰੀ ਨਾ ਹੁੰਦੀ
ਸਵਿੰਦਰ ਸਿੰਘ ਭੱਟੀ
30.
"ਮਾਂ "
ਯਾਦ ਕਰਕੇ ਰੂਹ ਮੇਰੀ ਰੋ ਪੈਂਦੀ
ਤੇ ਮਨ ਬੜਾ ਕੁਰਲਾਂਉਦਾ ਹੈ
ਅੱਖੀਆਂ ਚੋ ਹੰਝੂ ਨਹੀ ਰੁਕਦੇ
ਜਦ ਮਾਂ ਦਾ ਚੇਤਾ ਆਉਂਦਾ ਹੈ
ਉਹਦੀਆਂ ਦੁਵਾਵਾਂ ਰਹਿੰਦੀਆਂ ਨਾਲ ਮੇਰੇ
ਠੰਡੀਆਂ ਹਵਾਵਾਂ ਰਹਿੰਦੀਆਂ ਨਾਲ ਮੇਰੇ
ਉਹਦਾ ਚਿਹਰਾ ਵਿਖਾਉਂਦਿਆਂ ਰਹਿੰਦੀਆਂ ਨੇ
ਸਭ ਰਾਹਾਂ ਰਹਿੰਦੀਆਂ ਨਾਲ ਮੇਰੇ
ਹਰ ਵੇਲੇ ਕੋਲ ਉਹ ਮੇਰੇ ਹੈ
ਹਰ ਮੌੜ ਭੁਲੇਖਾ ਪਾਉਂਦਾ ਹੈ
ਅੱਖੀਆਂ ਚੋਂ ਹੰਝੂ ਨਹੀ ਰੁਕਦੇ
ਜਦ ਮਾਂ ਦਾ ਚੇਤਾ......
ਦੱਸੋ ਕਿਵੇ ਮੋੜ ਲਿਆਵਾਂ ਲੋਕੋ
ਉਨਾਂ ਦਿਨ ਤੇ ਉਨ੍ਹਾਂ ਰਾਤਾਂ ਨੂੰ
ਕੰਨ ਤਰਸ ਰਹੇ ਸੁਣਨੇ ਨੂੰ
ਅਧੀ ਰਾਤ ਤੱਕ ਪਾਈਆ ਬਾਤਾਂ ਨੂੰ
ਉਠ ਤੜਕੇ ਚੂਰੀ ਮਿਲਦੀ ਸੀ
ਹੁਣ ਖਾਣ ਨੂੰ ਦਿਲ ਬੜਾ ਚਾਹੁੰਦਾ ਹੈ
ਅੱਖੀਆਂ ਚੋ ਹੰਝੂ ਨਹੀ ਰੁਕਦੇ
ਜਦ ਮਾਂ ਦਾ ਚੇਤਾ.....
ਮੇਰੀ ਲੰਮੀ ਉਮਰ ਦੀਆ ਨਿਤ ਯਾਰੋ
ਉਹ ਖੈਰਾਂ ਮੰਗਦੀ ਰਹਿੰਦੀ ਹੈ
ਜਿਹਦੇ ਵਿੱਚ ਹੋਣ ਸੁਖ ਮੇਰੇ ਲਈ
ਓਹ ਲਹਿਰਾਂ ਮੰਗਦੀ ਰਹਿੰਦੀ ਹੈ
ਮਾਂ ਵਿਛੜੇ ਨਾ, ਨਾ ਜੁਦਾ ਹੋਵੇ
ਮੇਰਾ ਦਿਲ ਵਾਸਤੇ ਪਾਉਂਦਾ ਹੈ
ਅੱਖੀਆਂ ਚੋ ਹੰਝੂ ਨਹੀ ਰੁਕਦੇ
ਜਦ ਮਾਂ ਦਾ ਚੇਤਾ......
ਮੈ ਦੂਰ ਹਾਂ ਭਾਂਵੇ ਲੱਖ ਉਹਤੋਂ
ਹਰ ਵੇਲੇ ਕੋਲ ਉਹ ਮੇਰੇ ਹੈ
ਉਹਦੇ ਬੋਲ ਕੰਨਾਂ ਵਿੱਚ ਗੁੰਜਦੇ ਨੇ
ਖੁਸ਼ੀਆ ਦਾ ਸਮੁੰਦਰ ਨੇੜੇ ਹੈ
ਲੋਕੋ ਅਸਰ ਉਹਦੀਆਂ ਦੁਵਾਵਾਂ ਦਾ
ਹਰ ਮੰਜ਼ਿਲ ਫਤਹਿ ਕਰਾਉਂਦਾ ਹੈ
ਅੱਖੀਆਂ ਚੋ ਹੰਝੂ ਨਹੀ ਰੁਕਦੇ
ਜਦ ਮਾਂ ਦਾ ਚੇਤਾ........
ਦੁਨੀਆ ਪੈਸੇ ਵਾਂਗੂੰ ਗੋਲ ਯਾਰੋ
ਮਾਂ ਹੁੰਦੀ ਹੈ ਅਨਮੋਲ ਯਾਰੋ
ਬੁੱਕਲ 'ਚ ਵਾਸ ਸਵਰਗਾਂ ਦਾ
ਤੇ ਸ਼ਹਿਦ ਤੋ ਮਿਠੜੇ ਬੋਲ ਯਾਰੋ
ਜਿਹੜਾ ਮਾਂ ਨੂੰ ਦੇਵੇ ਦੁੱਖ "ਭੱਟੀ"
ਉਹ ਜਿੰਦਗੀ ਵਿੱਚ ਪਛਤਾਉਂਦਾ ਹੈ
ਅੱਖੀਆਂ ਚੋ ਹੰਝੂ ਨਹੀ ਰੁਕਦੇ
ਜਦ ਮਾਂ ਦਾ ਚੇਤਾ.......
ਸਵਿੰਦਰ ਸਿੰਘ ਭੱਟੀ
31.
"ਮੱਖੀ ..
ਜਿਹੜੇ ਜਿਆਦਾ ਪਿਆਰ ਜਿਤਾਉਂਦੇ ਨੇ
ਉਨ੍ਹਾਂ ਤੋਂ ਆਸ ਕੋਈ ਨਾ ਰੱਖੀਂ
ਕਿਉਂਕਿ ਬੜਾ ਸ਼ਹਿਦ ਇਕੱਠਾ ਕਰਦੀ ਏ
ਡੰਗ ਮਾਰਨ ਤੋਂ ਪਹਿਲਾਂ ਮੱਖੀ
ਡੰਗ ਮਾਰਨ ਤੋਂ ....
ਪਹਿਲਾਂ ਲੁਟਾ ਖੋਹਾ ਕਰਦੇ ਨੇ
ਤੇ ਫਿਰ ਕਰਦੇ ਨੇ ਦਾਨ ਬੜਾ
ਇਹੋ ਜਿਹੇ ਮਹਾਰਥੀਆਂ ਨੂੰ
ਮੈਂ ਵੇਖਿਆ ਸੀ ਕੱਲ ਅੱਖੀਂ
ਬੜਾ ਸ਼ਹਿਦ ਇਕੱਠਾ ਕਰਦੀ ਏ
ਡੰਗ ਮਾਰਨ ਤੋ ....
ਚਿੱਟੇ ਉੱਤੋਂ ਕੱਪੜੇ ਪਾਉਂਦੇ
ਅਸਲੀ ਨਾ ਕਦੇ ਰੰਗ ਦਿਖਾਉਂਦੇ
ਵਕਤ ਪੈਣ ਤੇ ਹਵਾ ਨੇ ਕਰਦੇ
ਪਹਿਲਾਂ ਝਲਦੇ ਜਿਹੜੇ ਪੱਖੀ
ਬੜਾ ਸ਼ਹਿਦ ਇਕੱਠਾ ਕਰਦੀ ਏ
ਡੰਗ ਮਾਰਨ ਤੋਂ .....
ਕੋਲ ਪਰਿੰਦਿਆ ਨੂੰ ਬੁਲਾਉਂਦੇ ਨੇ
ਤੇ ਚੋਗਾ ਖੂਬ ਖਵਾਉਂਦੇ ਨੇ
ਵੇਖ ਕੇ ਮੌਕਾ ਸ਼ਿਕਾਰ ਨੇ ਕਰਦੇ
ਤੀਰ ਮਾਰਦੇ ਨੇ ਵਿੱਚ ਬੱਖੀ
ਬੜਾ ਸ਼ਹਿਦ ਇਕੱਠਾ ਕਰਦੀ ਹੈ
ਡੰਗ ਮਾਰਨ ਤੋਂ .....
" ਭੱਟੀ" ਵੀ ਕਠੋਰ ਹੋ ਗਿਆ
ਹੋਰ ਸੀ ਕੁਝ ਹੋਰ ਹੋ ਗਿਆ
ਦੁਨੀਆ ਹੱਥੋਂ ਮਾਰ ਖਾਂ ਗਿਆ
ਬੇਸ਼ਕ ਉਸ ਖੁਦਾ ਨੇ ਯਾਰੋ
ਟੋਟ ਕੋਈ ਨਾ ਰੱਖੀ
ਬੜਾ ਸ਼ਹਿਦ ਇਕੱਠਾ ਕਰਦੀ ਏ
ਡੰਗ ਮਾਰਨ ਤੋਂ ਪਹਿਲਾਂ ਮੱਖੀ.....
ਸਵਿੰਦਰ ਸਿੰਘ ਭੱਟੀ
Comments (0)
Facebook Comments (0)