
ਸ਼ਬਰੀਮਾਲਾ ਮੰਦਰ ਵਿਚ ਦੌ ਔਰਤਾਂ ਨੇ ਮੱਥਾ ਟੇਕ ਕੇ ਇਤਿਹਾਸ ਸਿਰਜਿਆ
Thu 3 Jan, 2019 0
ਕਾਲੇ ਰੰਗ ਦੇ ਕੱਪੜਿਆਂ ਵਿਚ ਤੜਕੇ ਸਵੇਰੇ ਦੋ ਔਰਤਾਂ (42-44 ਸਾਲ) ਨੇ ਸ਼ਬਰੀਮਾਲਾ ਮੰਦਰ ਵਿਚ ਮੱਥਾ ਟੇਕ ਕੇ ਇਤਿਹਾਸ ਸਿਰਜ ਦਿੱਤਾ। ਸੁਪਰੀਮ ਕੋਰਟ ਵੱਲੋਂ ਭਗਵਾਨ ਅਯੱਪਾ ਦੇ ਮੰਦਰ ਵਿਚ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਮੱਥਾ ਟੇਕਣ ਉੱਤੇ ਲੱਗੀ ਪਾਬੰਦੀ ਹਟਾਉਣ ਮਗਰੋਂ ਬੁੱਧਵਾਰ ਨੂੰ ਕ੍ਰਮਵਾਰ 44 ਅਤੇ 42 ਸਾਲ ਦੀਆਂ ਕਨਾਕਾਦੁਰਗਾ ਅਤੇ ਬਿੰਦੂ ਨੇ ਪੁਲੀਸ ਸੁਰੱਖਿਆ ਅਧੀਨ ਮੱਥਾ ਟੇਕਿਆ। ਇਸ ਖਬਰ ਦਾ ਪਤਾ ਲੱਗਣ ਮਗਰੋਂ ਕੇਰਲ ਵਿਚ ਭਾਜਪਾ ਤੇ ਸੱਜੇ ਪੱਖੀ ਹਿੰਦੂ ਕਾਰਕੁਨਾਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤੇ ਗਏ। ਸਕੱਤਰੇਤ ਵਿਚ ਪੰਜ ਘੰਟਿਆਂ ਤੱਕ ਸੱਤਾਧਾਰੀ ਸੀਪੀਆਈ (ਐੱਮ) ਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪਾਂ ਹੋਈਆਂ ਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਪੱਥਰ ਸੁੱਟੇ। ਪੁਲੀਸ ਨੂੰ ਸਥਿਤੀ ਕੰਟਰੋਲ ਹੇਠ ਲਿਆਉਣ ਲਈ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ। ਮੱਲਪੁਰਮ ਵਿਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਪੁਤਲਾ ਸਾੜਿਆਂ ਗਿਆ ਤੇ ਸਕੱਤਰੇਤ ਕੰਪਲੈਕਸ ਵਿਚ ਮੁੱਖ ਮੰਤਰੀ ਦਫ਼ਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਭਾਜਪਾ ਦੇ ਮਹਿਲਾ ਮੋਰਚਾ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੋ ਔਰਤਾਂ ਵੱਲੋਂ ਮੰਦਰ ਵਿਚ ਮੱਥਾ ਟੇਕਣ ਦੀ ਖਬਰ ਦਾ ਪਤਾ ਲੱਗਣ ਉੱਤੇ ਭਾਜਪਾ ਤੇ ਸੱਜੇ ਪੱਖੀ ਹਿੰਦੂ ਕਾਰਕੁਨਾਂ ਵੱਲੋਂ ਸ਼ਾਹਰਾਹਾਂ ’ਤੇ ਜਾਮ ਲਾਉਣ ਤੋਂ ਇਲਾਵਾ ਜਬਰੀ ਦੁਕਾਨਾਂ ਤੇ ਬਾਜ਼ਾਰ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ। ਕੇਐੱਸਆਰਟੀਸੀ ਬੱਸਾਂ ਨੂੰ ਕੋਨੀ ਅਤੇ ਕੋਜੈਨਚੇਰੀ ਵਿਚ ਨੁਕਸਾਨ ਪਹੁੰਚਾਉਣ ਦੀਆਂ ਵੀ ਖਬਰਾਂ ਹਨ। ਹਿੰਸਾ ਵਿਚ ਕਈ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੀਡੀਆ ਕਰਮੀਆਂ ਉੱਤੇ ਵੀ ਸਕੱਤਰੇਤ ਦੇ ਸਾਹਮਣੇ ਭਾਜਪਾ ਕਾਰਕੁਨਾਂ ਵੱਲੋਂ ਹਮਲਾ ਕੀਤਾ ਗਿਆ। ਸ਼ਬਰੀਮਾਲਾ ਕਰਮਾ ਸਮਿਤੀ ਅਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਨੇ ਭਲਕੇ ਵੀਰਵਾਰ ਨੂੰ ਸੂਬਾ ਪੱਧਰੀ ਬੰਦ ਦਾ ਸੱਦਾ ਦਿੱਤਾ ਹੈ ਜਦਕਿ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਨੇ ਕਿਹਾ ਕਿ ਇਸ ਵੱਲੋਂ ਭਲਕੇ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ।
Comments (0)
Facebook Comments (0)