ਪੰਜਾਬ ਪੰਜਾਬੀ ਅਤੇ ਪੰਜਾਬੀਅਤ

ਪੰਜਾਬ ਪੰਜਾਬੀ ਅਤੇ ਪੰਜਾਬੀਅਤ

ਕੋਈ ਵੀ ਬੋਲੀ ਜਾਂ ਭਾਸ਼ਾ ਸਿਰਫ਼ ਬੋਲਚਾਲ ਜਾਂ ਸਮਾਜ ਵਿੱਚ ਵਿਚਰਨ ਦਾ ਇੱਕ ਸਾਧਨ ਹੀ ਨਹੀਂ ਬਲਕਿ ਕਿਸੇ ਦੇਸ਼, ਰਾਜ,ਸਮਾਜ, ਸੱਭਿਅਤਾ ਦੀ ਵੱਖਰੀ ਹੋਂਦ ਨੂੰ ਵੀ ਬਿਆਨ ਕਰਦੀ ਹੈ। ਹਰ ਕਿਸੇ ਬੋਲੀ ਦਾ ਇੱਕ ਮਾਣ-ਮੱਤਾ ਇਤਿਹਾਸ ਹੁੰਦਾ ਹੈ ਅਤੇ ਹਰ ਬੋਲੀ ਦਾ ਇਕ ਵਿਸ਼ੇਸ਼ ਸਥਾਨ ਹੈ। ਇਹ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਬੋਲੀ ਕਿਸੇ ਵੀ ਵਿਅਕਤੀ ਦੀ ਪਹਿਚਾਣ ਹੈ, ਬੋਲੀ ਬੋਲਣ ਵਾਲੇ ਕਰਕੇ ਨਹੀਂ ਸਗੋਂ ਬੋਲਣ ਵਾਲੇ ਬੋਲੀ ਕਰਕੇ ਇਕ ਵਿਲੱਖਣ ਸਥਾਨ ਦੁਨੀਆਂ ਵਿੱਚ ਹਾਸਿਲ ਕਰਦੇ ਹਨ। ਮੇਰੇ ਇਸ ਲੇਖ ਦਾ ਵਿਸ਼ਾ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਸਮੱਰਪਿਤ ਹੈ, ਮੇਰਾ ਆਪਣੀ ਮਾਂ-ਬੋਲੀ ਬਾਰੇ ਗੱਲ ਕਰਨਾ ਜਾਂ ਇਸਦੀ ਵਡਿਆਈ ਕਰਨ ਦਾ ਇਹ ਮਾਇਨਾ ਬਿਲਕੁਲ ਵੀ ਨਹੀਂ ਕਿ ਮੈਂ ਕਿਸੇ ਹੋਰ ਬੋਲੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਉਸ ਵਿੱਚ ਦੋਸ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਮਾਂ ਕਿਸੇ ਦੀ ਵੀ ਹੋਵੇ ਮਾਂ ਹਮੇਸ਼ਾ ਮਾਂ ਹੁੰਦੀ ਹੈ ਅਤੇ ਮਾਂ ਦਾ ਦਰਜਾ ਹਮੇਸ਼ਾਂ ਸਭ ਤੋਂ ਉੱਪਰ ਹੈ। ਮੇਰਾ ਮਕਸਦ ਸਿਰਫ਼ ਆਪਣੀ ਬੋਲੀ ਅਤੇ ਆਪਣੇ ਲੋਕਾਂ ਨਾਲ ਕੁਝ ਤੱਥ ਸਾਂਝੇ ਕਰਨਾ ਹੈ ਜਿਸ ਤੋਂ ਅਸੀਂ ਆਪਣੀਆਂ ਦਿਸ਼ਾਵਾਂ ਦੀ ਦਿਸ਼ਾ ਨੂੰ ਝਾਤ ਮਾਰ ਸਕਦੇ ਹਾਂ।
ਪੰਜਾਬੀ ਬੋਲੀ ਲੱਗਭਗ ਦੁਨੀਆ ਦੇ ਹਰ ਦੇਸ਼ ਵਿੱਚ ਬੋਲੀ ਜਾਂਦੀ ਹੈ, ਸਾਰੀ ਦੁਨੀਆ ਵਿੱਚ 12 ਕਰੋੜ ਤੋਂ ਜਿਆਦਾ ਪੰਜਾਬੀ ਬੋਲਣ ਵਾਲੇ ਲੋਕ ਹਨ ਅਤੇ ਪੰਜਾਬੀ ਦੁਨੀਆ ਵਿੱਚ 10ਵੀ ਸਭ ਤੋਂ ਜਿਆਦਾ ਬੋਲੀ ਹੋਣ ਵਾਲੀ ਜ਼ੁਬਾਨ ਹੈ। ਦੁਨੀਆਂ ਦੇ ਕਈ ਵੱਡੇ ਦੇਸ਼ ਜਿਵੇਂ ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਦੁਬਈ,ਇਟਲੀ ਆਦਿ ਦੇਸ਼ਾਂ ਵਿੱਚ ਬਹੁਤ ਜਿਆਦਾ ਵੱਡੇ ਪੱਧਰ ਤੇ ਪੰਜਾਬੀ ਬੋਲਣ ਵਾਲੇ ਲੋਕ ਹਨ। ਕਨੇਡਾ ਵਿੱਚ ਪੰਜਾਬੀ ਨੂੰ ਤੀਜੀ ਅਤੇ ਇੰਗਲੈਂਡ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਦਾ ਮਾਣ ਹਾਸਿਲ ਹੈ ਅਤੇ ਉਥੇ ਸਾਈਨ ਬੋਰਡਾਂ ਤੇ ਅੰਗਰੇਜ਼ੀ ਨਾਲ ਪੰਜਾਬੀ ਵੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਦੀ ਕੁੱਲ ਆਬਾਦੀ ਦੇ 45 ਪ੍ਰਤੀਸ਼ਤ ਲੋਕਾਂ ਦੀ ਮਾਂ-ਬੋਲੀ ਪੰਜਾਬੀ ਹੈ ਅਤੇ ਲੱਗਭਗ 70 ਪ੍ਰੀਤਸ਼ਤ ਲੋਕ ਪਹਿਲੀ ਜਾਂ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਬੋਲਦੇ ਹਨ। ਲਾਹੌਰ ਦੁਨੀਆਂ ਦਾ ਸਭ ਤੋਂ ਜਿਆਦਾ ਪੰਜਾਬੀ ਬੋਲਣ ਵਾਲਾ ਸ਼ਹਿਰ ਹੈ ਜਿਥੇ ਲਗਭਗ 86% ਲੋਕ ਪੰਜਾਬੀ ਬੋਲਦੇ ਹਨ ਅਤੇ ਇਸ ਤੋਂ ਬਾਅਦ ਇਸਲਾਮਾਬਾਦ ਜਿੱਥੇ 76% ਲੋਕ ਪੰਜਾਬੀ ਜ਼ੁਬਾਨ ਦੀ ਵਰਤੋਂ ਕਰਦੇ ਹਨ। ਇਹ ਸੋਚ ਕੇ ਹੈਰਾਨੀ ਹੁੰਦੀ ਕਿ ਪਾਕਿਸਤਾਨ ਵਿੱਚ ਭਾਰਤ ਦੇ ਮੁਕਾਬਲੇ ਦੁਗਣੇ ਤੋਂ ਜਿਆਦਾ ਪੰਜਾਬੀ ਬੋਲਣ ਵਾਲੇ ਹਨ, ਵੰਡ ਤੋਂ ਬਾਅਦ ਪੰਜਾਬੀ ਦਾ ਇਕ ਹਿੱਸਾ ਚੜ੍ਹਦੇ ਪੰਜਾਬ ਦੇ ਹਿੱਸੇ ਆਇਆ ਅਤੇ ਤਿੰਨ ਹਿੱਸੇ ਲਹਿੰਦੇ ਪੰਜਾਬ ਦੇ ਹਿੱਸੇ ਆਏ। ਭਾਰਤ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਕੁਝ ਕੁ ਹੋਰ ਇਲਾਕਿਆਂ ਨੂੰ ਛੱਡ ਕੇ ਪੰਜਾਬੀ ਦਾ ਪ੍ਰਯੋਗ ਬਹੁਤ ਘੱਟ ਜਾਂਦਾ ਹੈ ਪਰ ਪਾਕਿਸਤਾਨ ਵਿੱਚ ਪੂੰਜਾਬ ਤੋਂ ਬਾਹਰ ਵੀ ਪੰਜਾਬੀ ਬਹੁਤ ਵੱਡੇ ਪੱਧਰ ਤੇ ਬੋਲੀ ਜਾਣ ਵਾਲੀ ਜ਼ੁਬਾਨ ਹੈ। ਪੰਜਾਬੀ ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਵਿਸ਼ਾਲ ਹੈ, ਸਾਹਿਤਿਕ ਤੌਰ ਤੇ ਪੰਜਾਬੀ ਜ਼ੁਬਾਨ ਦੀ ਝੋਲੀ ਵਿੱਚ ਅਨੇਕਾਂ ਅਜਿਹੇ ਅਣਮੁੱਲੇ ਹੀਰੇ ਪਏ ਹਨ ਜਿੰਨਾਂ ਦੀ ਚਮਕ ਕਈ ਸਦੀਆਂ ਤੋਂ ਬਾਅਦ ਵੀ ਪੰਜਾਬੀ ਨੂੰ ਰੋਸ਼ਨਾ ਰਹੀ ਹੈ।

ਪਿਛਲੇ ਕੁਝ ਸਮੇਂ ਤੇ ਨਜ਼ਰ ਮਾਰੀਏ ਤਾਂ ਪੰਜਾਬੀ ਦਾ ਭੂਗੋਲਿਕ ਪ੍ਰਸਾਰ ਬਹੁਤ ਜਿਆਦਾ ਅਤੇ ਬਹੁਤ ਤੇਜ਼ੀ ਨਾਲ ਹੋਇਆ ਹੈ, ਪੰਜਾਬੀ ਬੋਲੀ ਦਾ ਪ੍ਰਭਾਵ ਅੱਜਕਲ ਆਮ ਦੇਖਣ ਨੂੰ ਮਿਲਦਾ ਹੈ। ਪੰਜਾਬੀ ਗਾਣੇ, ਪੰਜਾਬੀ ਫ਼ਿਲਮਾਂ ਅਤੇ ਪੰਜਾਬ ਦੇ ਗਾਇਕਾਂ ਅਤੇ ਸਿਤਾਰਿਆਂ ਨੂੰ ਦੇਸ਼-ਵਿਦੇਸ਼ ਵਿੱਚ ਨਾ ਸਿਰਫ ਪੰਜਾਬੀਆਂ ਵੱਲੋਂ ਬਲਕਿ ਪੂਰੀ ਦੁਨੀਆਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਜਿਸ ਕਿਸੇ ਜਗ੍ਹਾ ਪੰਜਾਬੀ ਨੂੰ ਨਹੀਂ ਵੀ ਕੋਈ ਜਾਣਦਾ ਸੀ ਉਹ ਵੀ ਅੱਜ ਜਾਣਦਾ ਹੈ ਅਤੇ ਪੰਜਾਬੀ ਗਾਣਿਆਂ ਦੀ ਤਾਲ ਤੇ ਨੱਚਦਾ ਹੈ। ਉਪਰਲੀ ਤਹਿ ਤੋਂ ਨਜ਼ਰ ਮਾਰੀਏ ਤਾਂ ਇਹ ਚੜਾਈ ਦੇਖ ਕਿ ਪੰਜਾਬੀ ਦੀ ਬੱਲੇ-ਬੱਲੇ ਦੇਖ ਕੇ ਇੰਝ ਲਗਦਾ ਹੈ ਕਿ ਪਿਛਲੇ ਕੁਝ ਦਹਾਕਿਆਂ ਚ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ, ਪੰਜਾਬੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਅਤੇ ਇਸਦਾ ਮੁੱਖ ਕਾਰਨ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ, ਫ਼ਿਲਮੀ ਦੁਨੀਆਂ ਅਤੇ ਕਲਾਕਾਰਾਂ ਦੀ ਬਦੌਲਤ ਹੈ।
ਸਮੇਂ ਦੀ ਇਕ ਆਦਤ ਹੈ ਕਿ ਇਹ ਕਦੇ ਰੁਕਦਾ ਨਹੀਂ ਅਤੇ ਹਮੇਸ਼ਾਂ ਬਦਲਦਾ ਰਹਿੰਦਾ ਹੈ, ਕਈ ਵਾਰੀ ਇਹ ਬਦਲਾਅ ਫਾਇਦੇਮੰਦ ਹੁੰਦਾ ਹੈ ਅਤੇ ਕਈ ਵਾਰੀ ਨੁਕਸਾਨ ਦਾ ਦਰਵਾਜਾ ਖੋਲ ਦੇਂਦਾ ਹੈ। ਬਦਲਾਅ ਦੇ ਦੋਨਾਂ ਪੱਖਾਂ ਉੱਤੇ ਨਜ਼ਰ ਮਾਰਨੀ ਜਰੂਰੀ ਹੈ ਤਾਂ ਜੋ ਨਤੀਜ਼ੇ ਸਾਫ਼ ਅਤੇ ਸਪਸ਼ਟ ਨਜ਼ਰ ਆ ਸਕਣ, ਉਹ ਗੱਲ ਅਲੱਗ ਹੈ ਕਿ ਅਸੀਂ ਫ਼ਿਰ ਉਹਨਾਂ ਨਤੀਜਿਆਂ ਨੂੰ ਗੌਲਦੇ ਹਾਂ ਜਾਂ ਚਲ ਉਹ ਜਾਣੈ ਕਹਿ ਕਿ ਅਣਦੇਖਿਆ ਕਰਕੇ ਕਦਮ ਅੱਗੇ ਪੁੱਟ ਲੈਂਦੇ ਹਾਂ। ਮੇਰੇ ਨਿਜੀ ਨਜ਼ਰੀਏ, ਆਸ-ਪਾਸ ਦੇ ਮਾਹੌਲ, ਇੰਟਰਨੇਟ ਤੇ ਕਾਫੀ ਘੋਖ ਕਰਨ ਅਤੇ ਅਜੋਕੇ ਮਾਹੌਲ ਨੂੰ ਦੇਖ ਕਿ ਕਿਹਾ ਜਾ ਸਕਦਾ ਹੈ ਕਿ ਸਿਰਫ ਭੁਗਿਲੋਕ ਪ੍ਰਸਾਰ ਹੀ ਹੋ ਰਿਹਾ ਹੈ, ਪੰਜਾਬੀ ਜ਼ੁਬਾਨ ਦੇ ਚਰਿੱਤਰ, ਉਸਦੀ ਵਿਰਾਸਤ, ਇਤਿਹਾਸ, ਅਮੀਰੀ, ਮਹੱਤਤਾ ਇਹ ਸਭ ਗੱਲਾਂ ਅਣਗੌਲੀਆਂ ਹੋ ਰਹੀਆਂ ਹਨ, ਜਿਸ ਕਰਕੇ ਪੰਜਾਬ ਅਤੇ ਪੰਜਾਬੀਅਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਬਦਲਾਅ ਨਿਵਾਣ ਵੱਲ ਨੂੰ ਲੈ ਕੇ ਜਾ ਰਿਹਾ ਹੈ। ਇਸ ਗੱਲ ਨੂੰ ਸੋਚ ਕਿ ਖੁਸ਼ੀ ਹੋਣੀ ਲਾਜ਼ਮੀ ਹੈ ਕਿ ਪੰਜਾਬੀ ਨੂੰ ਚਾਹੁਣ ਵਾਲੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਮੌਜੂਦ ਹਨ ਪਰ ਇਹ ਸਿਰਫ ਇਕ ਤਰਫ਼ਾ ਤੱਥ ਹੈ, ਇਸ ਤੱਥ ਦੀ ਸਚਾਈ ਸਮਝਣ ਲਈ ਕੁਝ ਪਹਿਲੂਆਂ ਤੇ ਵਾਰੀ ਵਾਰੀ ਬਰੀਕੀ ਨਾਲ ਨਜ਼ਰ ਮਾਰਦੇ ਹਾਂ ਅਤੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕ ਸੱਚਮੁੱਚ ਹੀ ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ।
ਮੈਂ ਇਸ ਲੇਖ ਵਿੱਚ ਅੱਜ ਦੇ ਮੌਜੂਦਾ ਹਲਾਤਾਂ ਦੀ ਗੱਲ ਕਰ ਰਿਹਾ ਹਾਂ ਅਤੇ ਅੱਜ ਨੂੰ ਹੀ ਅਧਾਰ ਬਣਾ ਕੇ ਸਾਰੇ ਤੱਥ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪੰਜਾਬ ਦੇ ਲੋਕ ਹੀ ਪੰਜਾਬੀ ਨੂੰ ਆਪਣਾ ਨਹੀਂ ਸਮਝਦੇ, ਭਾਰਤ ਵਿੱਚ ਜ਼ੁਬਾਨ ਨੂੰ ਹਮੇਸ਼ਾਂ ਧਰਮ ਨਾਲ ਜੋੜ ਕਿ ਦੇਖਿਆ ਜਾਂਦਾ ਹੈ, ਪੰਜਾਬੀ ਨੂੰ ਸਿੱਖਾਂ ਦੀ ਜੁਬਾਨ, ਹਿੰਦੀ ਨੂੰ ਹਿੰਦੂਆਂ ਦੀ ਅਤੇ ਮੁਸਲਮਾਨ ਉਰਦੂ ਨੂੰ ਹੀ ਆਪਣਾ ਸਮਝਦੇ ਹਨ। ਪੰਜਾਬ ਜਦ ਵੀ ਕੋਈ ਪੰਜਾਬੀ ਦੀ ਗੱਲ ਕਰਦਾ ਹੈ ਤਾਂ ਸਮਾਜ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦਾ ਹੈ। ਭਾਵੇਂ ਇਹ ਸੋਚ ਹਰ ਕਿਸੇ ਦੀ ਨਹੀਂ ਹੈ ਪਰ ਕਾਫੀ ਹੱਦ ਤੱਕ ਚੇਤਨ ਜਾਂ ਅਵਚੇਤਨ ਤੌਰ ਤੇ ਇਹ ਸਾਡੇ ਜ਼ਹਿਨ ਵਿੱਚ ਪਈ ਹੋਈ ਹੈ। ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਇਹ ਫਰਕ ਆਮ ਹੀ ਦੇਖਣ ਨੂੰ ਮਿਲਦਾ ਹੈ, ਸ਼ਹਿਰੀ ਪਰਵਾਰ ਜਿਆਦਾਤਰ ਹਿੰਦੀ ਦੀ ਵਰਤੋਂ ਕਰਦੇ ਹਨ, ਜਨਤਕ ਤੌਰ ਤੇ ਕੋਈ ਵੀ ਗੱਲ ਕਰਨੀ ਹੋਵੇ ਤਾਂ ਲੋਕ ਅਕਸਰ ਹੀ ਪੰਜਾਬੀ ਬੋਲਣ ਤੋਂ ਕੰਨੀ ਕਤਰਾਉਂਦੇ ਹਨ, ਸਕੂਲਾਂ-ਕਾਲਜਾਂ ਵਿੱਚ ਬੱਚਿਆਂ ਨੂੰ ਪੰਜਾਬੀ ਸਿਰਫ ਇਕ ਵਿਸ਼ੇ ਦੇ ਤੌਰ ਤੇ ਹੀ ਪੜਾਈ ਜਾਂਦੀ ਹੈ, ਬੋਲਚਾਲ ਦਾ ਮਾਧਿਅਮ ਜਿਆਦਾਤਰ ਹਿੰਦੀ ਹੈ ਅਤੇ ਕੁਝ ਕੁ ਆਪਣੇ ਆਪ ਨੂੰ ਉੱਚ ਪੱਧਰ ਦਾ ਕਹਿਣ ਵਾਲੇ ਅੰਗਰੇਜ਼ੀ ਨੂੰ ਪਹਿਲ ਦੇਂਦੇ ਹਨ । ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਜਾਂਦਾ ਹੈ। ਜਿਸ ਉਮਰ ਵਿੱਚ ਆਪਣੀ ਮਾਂ-ਬੋਲੀ ਨਾਲ ਸਾਂਝ ਪੈਣੀ ਚਾਹੀਦੀ ਹੈ ਉਸ ਉਮਰ ਵਿੱਚ ਸਾਨੂੰ ਇਹ ਸਿੱਖਾਂ ਦਿੱਤਾ ਜਾਂਦਾ ਹੈ ਕਿ ਪੰਜਾਬੀ ਗਵਾਰਪੁਣੇ ਅਤੇ ਅਨਪੜਤਾ ਦਾ ਪ੍ਰਤੀਕ ਹੈ ਅਤੇ ਪੰਜਾਬੀ ਵਿੱਚ ਗੱਲ ਓਹੀ ਕਰਦਾ ਹੈ ਜੋ ਪੇਂਡੂ ਹੈ। ਬੱਚਿਆਂ ਨੂੰ ਬਹੁਤ ਨਿੱਕੀ ਉਮਰੇ ਹੀ ਅੰਗਰੇਜ਼ੀ ਦੀਆਂ ਕਵਿਤਾਵਾਂ ਰਟਾ ਦਿੱਤੀਆਂ ਜਾਂਦੀਆਂ ਹਨ ਅਤੇ ਮਾਪੇ ਵੀ ਇਸ ਗੱਲ ਉੱਤੇ ਬਹੁਤ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਬੱਚਾ ਅੰਗਰੇਜ਼ੀ ਬੋਲਦਾ ਹੈ। ਕਿਸੇ ਵੀ ਦੂਜੀ ਜ਼ੁਬਾਨ ਨੂੰ ਸਿੱਖਣਾ ਅਤੇ ਉਸ ਵਿੱਚ ਮਹਾਰਤ ਹਾਸਿਲ ਕਰਨਾ ਜਿੰਨੀ ਸੋਹਣੀ ਗੱਲ ਹੈ ਉਨੀ ਹੀ ਬੁਰੀ ਗੱਲ ਹੈ ਆਪਣੀ ਜ਼ੁਬਾਨ ਨੂੰ ਨਜ਼ਰਅੰਦਾਜ਼ ਕਰਨਾ। ਪੰਜਾਬ ਵਿੱਚ ਵਿਦਿਅਕ ਸੰਸਥਾਵਾਂ, ਦਫਤਰਾਂ, ਹਸਪਤਾਲਾਂ ਜਾ ਕਿਸੇ ਵੀ ਜਗਾਹ ਜਿੱਥੇ ਗੱਲਬਾਤ ਦੀ ਬਹੁਤ ਮਹੱਤਤਾ ਹੈ ਉਥੇ ਪੰਜਾਬੀ ਪੂਰੀ ਤਰਾਂ ਗੈਰਹਾਜ਼ਰ ਹੈ। ਪੰਜਾਬ ਵਿੱਚ ਕੰਧਾਂ ਉੱਤੇ ਲਿਖੇ ਇਸ਼ਤਿਹਾਰ ਜਾਂ ਸਾਈਨ ਬੋਰਡ ਉੱਤੇ ਅਕਸਰ ਗ਼ਲਤ ਪੰਜਾਬੀ ਲਿਖੀ ਦੇਖਣ ਨੂੰ ਮਿਲਦੀ ਹੈ। ਸਰਕਾਰੀ,ਗੈਰ-ਸਰਕਾਰੀ ਜਾਂ ਨਿਜ਼ੀ ਤੌਰ ਤੇ ਅਸੀਂ ਕਦੇ ਵੀ ਇਨ੍ਹਾਂ ਗ਼ਲਤੀਆਂ ਨੂੰ ਨਹੀਂ ਗੌਲਦੇ ਅਤੇ ਇਹ ਗ਼ਲਤੀਆਂ ਸਾਡੇ ਸੁਭਾਹ ਦਾ ਹੀ ਅੰਗ ਬਣ ਜਾਂਦੀਆਂ ਹਨ।
ਇਸ ਤੋਂ ਇਲਾਵਾ ਇਕ ਗੱਲ ਜੋ ਆਮ ਦੇਖਣ-ਸੁਨਣ ਨੂੰ ਮਿਲਦੀ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਪੰਜਾਬੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਸੰਭਾਲਿਆ ਹੈ, ਪਰਵਾਸੀ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਬਹੁਤ ਸੰਭਾਲ ਕੇ ਰੱਖ ਰਹੇ ਹਨ ਤਾਂ ਇਹ ਵੀ ਇਕ ਵਹਿਮ ਹੈ ਜਿਸਨੂੰ ਅਸੀਂ ਆਪਣੇ ਅੰਦਰ ਬਹੁਤ ਵੱਡੀ ਜਗਾਹ ਦਿੱਤੀ ਹੋਈ ਹੈ। ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਸੱਭਿਆਚਾਰ ਜਾਂ ਵਿਰਸਾ ਕੀ ਚੀਜ ਹੈ, ਇਸਦੀ ਕੀ ਪਰਿਭਾਸ਼ਾ ਹੈ। ਜਦ ਤਕ ਸਾਨੂੰ ਕਿਸੇ ਚੀਜ ਦੀ ਸਮਝ ਹੀ ਨਹੀਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਉਸਨੂੰ ਬਹੁਤ ਸੰਭਾਲ ਰਹੇ ਹਾਂ। ਸੱਭਿਆਚਾਰ ਦਾ ਭਾਵ ਹੈ ਜੀਵਨ ਜੀਣ ਲਈ ਸਭਿਅਤਾ ਅਤੇ ਚੰਗੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਅਤੇ ਚੰਗੀ ਜੀਵਨ ਜਾਚ ਨੂੰ ਅਪਣਾਉਣਾ। ਹਰ ਦੇਸ਼ ਜਾਂ ਸਮਾਜ ਵਿੱਚ ਇਹ ਜੀਵਨ ਜਾਚ ਅਲੱਗ ਅਲੱਗ ਹੋ ਸਕਦੀ ਹੈ ਪਰ ਮਕਸਦ ਹਮੇਸ਼ਾ ਇਕ ਹੀ ਹੈ ਚੰਗਾ ਜੀਵਨ। ਗੱਲ ਕਰੀਏ ਬੋਲੀ ਜਾ ਜ਼ੁਬਾਨ ਨੂੰ ਸੰਭਾਲਣ ਦੀ ਤਾਂ ਇਸ ਲਈ ਸਾਨੂੰ ਕੁਝ ਵੀ ਵੱਖਰਾ ਕਰਨ ਦੀ ਲੋੜ ਨਹੀਂ, ਅਗਰ ਅਸੀਂ ਆਪਣੀ ਮਾਂ-ਬੋਲੀ ਨਾਲ ਜੁੜੇ ਹੋਏ ਹਾਂ ਤਾਂ ਇਹ ਕਾਰਜ ਤਾਂ ਆਪਣੇ-ਆਪ ਹੀ ਹੁੰਦਾ ਰਹਿੰਦਾ ਹੈ। ਮੇਲਿਆਂ ਤਿਓਹਾਰਾਂ ਤੇ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਦੇ ਅਖਾੜੇ ਲਵਾ ਕੇ ਅਗਰ ਅਸੀਂ ਇਹ ਸਮਝ ਰਹੇ ਹਾਂ ਕਿ ਮਾਂ-ਬੋਲੀ ਦੀ ਸੇਵਾ ਕਰ ਰਹੇ ਹਾਂ ਤਾਂ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਇਸ ਤਰਾਂ ਦਾ ਕੀਤਾ ਕੋਈ ਵੀ ਕਾਰਜ ਮਨੋਰੰਜਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਸੇਵਾ ਵਿੱਚ ਨਹੀਂ। ਪੰਜਾਬੀ ਬੋਲੀ ਦਾ ਘੇਰਾ ਐਨਾ ਤੰਗ ਨਹੀਂ ਕਿ ਇਸ ਕੋਲ ਸਿਰਫ਼ ਨਾਚ-ਗਾਣਾ ਹੀ ਹੈ। ਸਾਡੇ ਵਿੱਚੋਂ ਕਈ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਇਸ ਤਰਾਂ ਵੀ ਇਕ ਤਰੀਕੇ ਨਾਲ ਬੋਲੀ ਦਾ ਪ੍ਰਚਾਰ ਹੀ ਹੋ ਰਿਹਾ ਹੈ, ਪਰ ਏਥੇ ਲੋੜ ਹੈ ਇਹ ਗੱਲ ਸਮਝਣ ਦੀ ਕਿ ਪ੍ਰਚਾਰ ਕਿਸ ਦਿਸ਼ਾ ਵੱਲ ਲੈ ਕੇ ਜਾ ਰਿਹਾ। ਸਾਡੇ ਗਾਣਿਆਂ ਦੇ ਜੋ ਵਿਸ਼ੇ ਹਨ ਉਹ ਸਾਹਿਤਿਕ ਤੌਰ ਤੇ ਦੁਨੀਆਂ ਵਿੱਚ ਸਾਡਾ ਅਕਸ ਕੋਈ ਬਹੁਤਾ ਸੋਹਣਾ ਨਹੀਂ ਬਣ ਰਿਹਾ, ਦੂਜੇ ਦੇਸ਼ਾਂ ਵਿੱਚ ਪੰਜਾਬੀ ਜ਼ੁਬਾਨ ਨੂੰ ਨਚਾਰ ਨਾਲੋਂ ਜਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਪੂਰੀ ਦੁਨੀਆਂ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਨੱਚਣਾ ਹੈ ਤਾਂ ਪੰਜਾਬੀ ਗਾਣਾ ਲਗਾ ਲਉ ਅਤੇ ਸ਼ਰਾਬ, ਗਲਾਸੀ, ਪੈਗ, ਭੰਗੜਾ, ਗੰਡਾਸੀ, ਅਸਲਾ, ਹਥਿਆਰ ਇਹ ਸਭ ਸਾਡੀ ਪਛਾਣ ਨੇ। ਇਹੀ ਹਾਲ ਸਾਡੇ ਆਪਣੇ ਦੇਸ਼ ਵਿੱਚ ਵੀ ਹੈ ਪੰਜਾਬ ਤੋਂ ਬਾਹਰ ਸਾਡੀ ਪਹਿਚਾਣ ਸਿਰਫ਼ ਗਾਣਿਆਂ ਤੱਕ ਹੀ ਸੀਮਤ ਹੈ। ਕੋਈ ਸ਼ੱਕ ਨਹੀਂ ਕਿ ਪਹਿਚਾਣ ਅਸੀਂ ਬਣਾ ਲਈ ਹੈ ਪਰ ਗੱਡੀ ਗ਼ਲਤ ਦਿਸ਼ਾਵਾਂ ਨੂੰ ਮੁੜ ਗਈ ਹੈ ਅਤੇ ਅਸੀਂ ਲੋਕਾਂ ਨੂੰ ਨੱਚਦੇ ਦੇਖ ਕੇ ਹੀ ਮਾਣ ਮਹਿਸੂਸ ਕਰਨ ਲੱਗ ਗਏ। ਇਸ ਚਕਾਚੌਂਧ ਦੇ ਹਨ੍ਹੇਰੇ ਵਿੱਚ ਅਸੀਂ ਐਨੇ ਅੰਨ੍ਹੇ ਹੋ ਗਏ ਕਿ ਪੰਜਾਬੀ ਦਾ ਅਸਲੀ ਰੂਪ ਨਜ਼ਰ ਆਉਣੋਂ ਹੀ ਹਟ ਗਿਆ।
ਪੰਜਾਬੀ ਦਾ ਦੂਜਾ ਪਾਸਾ ਜੋ ਕਿ ਪੂਰੀ ਤਰਾਂ ਹੀ ਹਨੇਰੇ ਵਿੱਚ ਹੈ, ਅਸੀਂ ਕਦੇ ਆਪਣੇ ਸਾਹਿਤ, ਆਪਣੇ ਇਤਿਹਾਸ, ਆਪਣੀ ਬੋਲੀ ਦੇ ਅਸਲੀ ਰੂਪ ਨੂੰ ਜੱਗ ਜਾਹਿਰ ਕਰਨ ਦਾ ਯਤਨ ਨਹੀਂ ਕੀਤਾ। ਦੁਨੀਆਂ ਨੂੰ ਜਾਣੂ ਕਰਾਉਣਾ ਤਾਂ ਦੂਰ ਅਸੀਂ ਖੁਦ ਇਸ ਤੋਂ ਅਣਜਾਣ ਹੋ ਗਏ ਹਾਂ। ਪੰਜਾਬੀ ਵਿੱਚ ਗੁਰਬਾਣੀ ਲਿਖੀ ਗਈ, ਅਨੰਤ ਸਾਹਿਤ ਰਚਿਆ ਗਿਆ, ਕਵਿਤਾਵਾਂ, ਨਾਵਲ, ਕਹਾਣੀਆਂ,ਕਿੱਸੇ ਹਰ ਦੌਰ ਦੇ ਹਲਾਤਾਂ ਨੂੰ ਆਪਣੇ ਅੰਦਰ ਸਮੋ ਕਿ ਬੈਠੇ ਹਨ। ਪਰ ਅਸੀਂ ਜਾਣੇ-ਅਣਜਾਣੇ ਸਾਹਿਤ ਦੀ ਭੂਮਿਕਾ ਨੂੰ ਵਿਸਾਰ ਚੁੱਕੇ ਹਾਂ। ਰੂਸ ਦੇ ਇਕ ਮਹਾਨ ਲੇਖਕ ਨੇ ਲਿਖਿਆ ਹੈ ਕਿ ਮੈਨੂੰ ਕਿਸੇ ਵੀ ਦੇਸ਼ ਦਾ ਸਮਕਾਲੀ ਸਾਹਿਤ ਪੜ੍ਹਨ ਲਈ ਦੇ ਦਿਓ ਮੈਂ ਉਸ ਦੇਸ਼ ਦਾ ਭਵਿੱਖ ਤੁਹਾਨੂੰ ਦੱਸ ਦੇਵਾਂਗਾ। ਇਸ ਗੱਲ ਨੂੰ ਤਰਕ ਦੀ ਕਸਵੱਟੀ ਤੇ ਰਗੜ ਕੇ ਦੇਖੀਏ ਤਾਂ ਇਹ ਬਿਲਕੁਲ ਖਰੀ ਗੱਲ ਹੈ ਕਿਉਂਕ ਇਤਿਹਾਸ ਗਵਾਹ ਹੈ ਜਦੋ ਵੀ ਕਿਸੇ ਦੇਸ਼ ਵਿੱਚ ਕ੍ਰਾਂਤੀ ਆਈ ਹੈ ਜਾਂ ਕਿਸੇ ਹਕੂਮਤ ਦਾ ਤਖ਼ਤ ਪਲਟਿਆ ਹੈ ਤਾਂ ਉਸ ਵਿੱਚ ਸਾਹਿਤ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਪਰ ਅਸੀਂ ਪੰਜਾਬੀ ਆਪਣੇ ਪਿਛੋਕੜ, ਆਪਣੀ ਜ਼ੁਬਾਨ, ਆਪਣੇ ਇਤਿਹਾਸ ਅਤੇ ਆਪਣੇ ਸਾਹਿਤ ਤੋਂ ਟੁੱਟ ਰਹੇ ਹਾਂ । ਬਦਲਦੇ ਹੋਏ ਸਮੇਂ ਨੇ ਕਾਫੀ ਕੁਝ ਬਦਲ ਦਿੱਤਾ, ਸਾਡੇ ਸ਼ਹਿਰਾਂ ਪਿੰਡਾਂ ਵਿਚੋਂ ਲਾਇਬ੍ਰੇਰੀਆਂ ਗਾਇਬ ਹੋ ਰਹੀਆਂ ਹਨ, ਲੋਕਾਂ ਦਾ ਰੁਝਾਨ ਕਿਤਾਬਾਂ ਪੜ੍ਹਨ ਪ੍ਰਤੀ ਘੱਟ ਗਿਆ ਹੈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਦਾ ਰੁਝਾਨ ਵੱਧ ਰਿਹਾ ਹੈ ਅਤੇ ਆਪਣੀ ਜ਼ੁਬਾਨ ਇਕ ਪਾਸੇ ਖੜੀ ਹੋਈ ਬਹੁਤ ਤਰਸਦੀਆਂ ਨਿਗਾਹਾਂ ਨਾਲ ਸਾਡੇ ਵੱਲ ਦੇਖ ਰਹੀ ਹੈ ਅਤੇ ਸਵਾਲ ਕਰ ਰਹੀ ਹੈ ਕਿ ਆਖ਼ਿਰ ਮੇਰੇ ਵਿੱਚ ਕੀ ਦੋਸ਼ ਹੈ ਜੋ ਮੈਨੂੰ ਇਸ ਕਾਬਲ ਨਹੀਂ ਸਮਝਿਆ ਜਾ ਰਿਹਾ ਕਿ ਮੈਂ ਆਪਣੇ ਹੀ ਸੂਬੇ ਵਿੱਚ ਆਪਣੇ ਹੀ ਲੋਕਾਂ ਦੁਆਰਾ ਆਪਣੇ ਦੂਰ ਕੀਤਾ ਜਾ ਰਿਹਾ ਹੈ।
ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਬੋਲੀ ਨੂੰ ਸਤਿਕਾਰ ਦੇਈਏ, ਉਸ ਨਾਲ ਜਿਆਦਾ ਤੋਂ ਜਿਆਦਾ ਮੋਹ ਪਾ ਕੇ ਦੁਨੀਆਂ ਵਿੱਚ ਉਸਦੀ ਅਸਲੀ ਪਹਿਚਾਣ ਦਿਖਾਈ ਜਾਵੇ। ਬੱਚਿਆਂ ਨੂੰ ਜ਼ੁਬਾਨ ਦੀ ਮਹੱਤਤਾ ਸਮਝਾਈ ਜਾਵੇ ਅਤੇ ਖੁਦ ਵੀ ਆਪਣੇ-ਆਪ ਨੂੰ ਆਪਣੀ ਮਾਂ-ਬੋਲੀ ਨਾਲ ਜੋੜ ਕੇ ਰੱਖਿਆ ਜਾਵੇ। ਦੂਜੀਆਂ ਭਾਸ਼ਾਵਾਂ ਸਿੱਖੋ, ਉਨ੍ਹਾਂ ਨੂੰ ਅਪਣਾਓ ਪਰ ਆਪਣੀ ਨੂੰ ਵੀ ਬਣਦਾ ਮਾਣ-ਤਾਣ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਪਹਿਚਾਣ ਆਪਣੀ ਹੋਂਦ ਨਾਲ ਹਮੇਸ਼ਾ ਜੁੜੇ ਰਹੀਏ।

ਸਨਦੀਪ…