ਨੀਰਵ ਮੋਦੀ ਕਰਜ਼ਾ ਘਪਲੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਦੋ ਮੁਲਾਜ਼ਮ ਬਰਖ਼ਾਸਤ

ਨੀਰਵ ਮੋਦੀ ਕਰਜ਼ਾ ਘਪਲੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਦੋ ਮੁਲਾਜ਼ਮ ਬਰਖ਼ਾਸਤ

ਨਵੀਂ ਦਿੱਲੀ :  ਸਰਕਾਰ ਨੇ ਨੀਰਵ ਮੋਦੀ ਕਰਜ਼ਾ ਘਪਲੇ ਵਿਚ ਘਿਰੇ ਪੰਜਾਬ ਨੇਸ਼ਨਲ ਬੈਂਕ ਦੇ ਦੋ ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਬੈਂਕ  ਦੇ ਕੰਮ ਵਿਚ ਅਸਫ਼ਲ ਰਹਿਣ ਦੇ ਆਧਾਰ 'ਤੇ ਨੌਕਰੀ ਤੋਂ ਕੱਢ ਦਿਤਾ ਹੈ। ਵਿੱਤ ਮੰਤਰਾਲੇ ਦੀ ਅਧਿਸੂਚਨਾ ਅਨੁਸਾਰ ਕੇ.ਵੀ. ਬ੍ਰਹਮਾਜੀ ਰਾਵ ਅਤੇ ਸੰਜੀਵ ਸ਼ਰਨ ਨੂੰ 18 ਜਨਵਰੀ ਨੂੰ ਬਰਖ਼ਾਸਤ ਕਰ ਦਿਤਾ ਗਿਆ।  ਸਬੰਧਤ ਆਦੇਸ਼ ਹੁਣ ਤੋਂ ਹੀ ਲਾਗੂ ਹੋ ਗਿਆ ਹੈ। ਇਲਜ਼ਾਮ ਹੈ ਕਿ ਇਹ ਅਧਿਕਾਰੀ ਸਵਿਫ਼ਟ (ਸੁਸਾਇਟੀ ਫ਼ਾਰ ਵਰਲਡਵਾਇਡ ਇੰਟਰਬੈਂਕ ਫ਼ਾਇਨੈਂਸ਼ਿਅਲ ਟੈਲੀਕਮਿਊਨੀਕੇਸ਼ਨ) ਨੂੰ ਬੈਂਕ ਦੀ ਕੋਰ ਬੈਂਕਿੰਗ ਨਾਲ ਜੋੜਨ ਦੀ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਲੈਣ ਵਿਚ ਅਸਫ਼ਲ ਰਹੇ।

ਇਹ ਸਰਕੂਲਰ 2016 ਵਿਚ ਜਾਰੀ ਕੀਤਾ ਗਿਆ ਸੀ। ਰਾਵ ਨੇ ਇਸ ਮਹੀਨੇ ਅਤੇ ਸ਼ਰਨ ਨੇ ਇਸ ਸਾਲ ਮਈ ਵਿਚ ਸੇਵਾਮੁਕਤ ਹੋਣਾ ਸੀ। ਪਿਛਲੇ ਸਾਲ ਅਗੱਸਤ ਵਿਚ ਸਰਕਾਰ ਨੇ ਇਲਾਹਾਬਾਦ ਬੈਂਕ ਦੀ ਊਸ਼ਾ ਅਨੰਤਸੁਬਰਮਨੀਅਮ ਨੂੰ ਦੇਸ਼ ਦੇ ਸੱਭ ਤੋਂ ਵੱਡੇ ਬੈਂਕਿੰਗ ਘਪਲੇ ਵਿਚ ਬਰਖ਼ਾਸਤ ਕਰ ਦਿਤਾ ਸੀ। ਹੀਰਿਆਂ ਦਾ ਕਾਰੋਬਾਰੀ ਨੀਰਵ ਮੋਦੀ ਇਸ ਘਪਲੇ ਦਾ ਸੂਤਰਧਾਰ ਹੈ। ਇਲਾਹਾਬਾਦ ਬੈਂਕ ਵਿਚ ਜਾਣ ਤੋਂ ਪਹਿਲਾਂ ਊਸ਼ਾ ਪੀਏਨਬੀ ਦੀ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਅਧਿਕਾਰੀ  ਸਨ।