ਸਵਾਈਨ ਫਲੂ ਨਾਲ ਸੰਗਰੂਰ ਜ਼ਿਲ੍ਹੇ ’ਚ ਦੋ ਹੋਰ ਮੌਤਾਂ

ਸਵਾਈਨ ਫਲੂ ਨਾਲ ਸੰਗਰੂਰ ਜ਼ਿਲ੍ਹੇ ’ਚ ਦੋ ਹੋਰ ਮੌਤਾਂ

ਸੰਗਰੂਰ ਜ਼ਿਲ੍ਹੇ ਵਿਚ ਸਵਾਈਨ ਫਲੂ ਨਾਲ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਪਿਛਲੇ ਅੱਠ ਦਿਨਾਂ ਦੌਰਾਨ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜ਼ਿਲ੍ਹੇ ਵਿਚ ਸਵਾਈਨ ਫਲੂ ਤੋਂ ਪੀੜਤ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦੋਂਕਿ ਸ਼ੱਕੀ ਮਰੀਜ਼ਾਂ ਦੀ ਗਿਣਤੀ 80 ਤੱਕ ਜਾ ਪੁੱਜੀ ਹੈ। ਇਸ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਪਿਛਲੇ 24 ਘੰਟਿਆਂ ਦੌਰਾਨ ਸਵਾਈਨ ਫਲੂ ਤੋਂ ਪੀੜਤ ਮਧੂ ਗਰਗ (59 ਸਾਲ) ਵਾਸੀ ਸੰਗਰੂਰ ਅਤੇ ਜ਼ਿਲ੍ਹੇ ਦੇ ਪਿੰਡ ਬੀਂਬੜੀ ਵਾਸੀ ਹਰਦੀਪ ਸਿੰਘ (61 ਸਾਲ) ਦੀ ਮੌਤ ਹੋਈ ਹੈ। ਦੋਵੇਂ ਮਰੀਜ਼ਾਂ ਦਾ ਪਟਿਆਲਾ ਵਿਚ ਇਲਾਜ ਚੱਲ ਰਿਹਾ ਸੀ। ਸਵਾਈਨ ਫਲੂ ਨਾਲ ਹੋਈਆਂ ਦੋਵੇਂ ਮੌਤਾਂ ਦੀ ਪੁਸ਼ਟੀ ਸਿਹਤ ਵਿਭਾਗ ਦੀ ਜ਼ਿਲ੍ਹਾ ਐਪੀਡਮੌਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਕੀਤੀ ਹੈ। ਸਵਾਈਨ ਫਲੂ ਤੋਂ ਪੀੜਤ 16 ਹੋਰ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਦਾ ਜ਼ਿਲ੍ਹੇ ਤੋਂ ਬਾਹਰਲੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ ਜਦੋਂ ਕਿ ਜ਼ਿਲ੍ਹੇ ਵਿਚ ਸ਼ੱਕੀ ਮਰੀਜ਼ਾਂ ਦੀ ਗਿਣਤੀ 80 ਹੋ ਗਈ ਹੈ।
ਦੱਸਣਯੋਗ ਹੈ ਕਿ ਸਵਾਈਨ ਫਲੂ ਨਾਲ ਪਿਛਲੇ ਅੱਠ ਦਿਨਾਂ ਦੌਰਾਨ ਪੰਜ ਮੌਤਾਂ ਹੋ ਚੁੱਕੀਆਂ ਹਨ। ਸਵਾਈਨ ਫਲੂ ਨਾਲ 20 ਜਨਵਰੀ ਨੂੰ ਪਿੰਡ ਸੰਗਤਪੁਰ ਦੀ ਵਸਨੀਕ ਪ੍ਰੀਤਮ ਕੌਰ, 23 ਜਨਵਰੀ ਨੂੰ ਪਿੰਡ ਮਰਦ ਖੇੜਾ ਵਾਸੀ ਮਹਿੰਦਰ ਸਿੰਘ ਅਤੇ 26 ਜਨਵਰੀ ਨੂੰ ਜਸਪਾਲ ਸਿੰਘ ਵਾਸੀ ਪਿੰਡ ਉਭਾਵਾਲ ਦੀ ਮੌਤ ਹੋਈ ਸੀ।