
ਪੰਜਾਬ ਸਮੇਤ ਕਈ ਸੂਬਿਆਂ 'ਚ ਵਿਛੀ ਧੁੰਦ
Mon 4 Feb, 2019 0
ਚੰਡੀਗੜ੍ਹ: ਪਹਾੜਾਂ 'ਤੇ ਬਰਫਬਾਰੀ ਦੀ ਰਫਤਾਰ ਥੋੜ੍ਹੀ ਘੱਟ ਹੋਈ ਤਾਂ ਦਿੱਲੀ ਸਮੇਤ ਕਈ ਇਲਾਕੇ ਕੋਹਰੇ ਦੀ ਚਪੇਟ ਵਿਚ ਨਜ਼ਰ ਆਏ। ਮੌਸਮ ਵਿਭਾਗ ਦੇ ਅਧਿਕਾਰੀ ਦੇ ਅਨੁਸਾਰ ਸੋਮਵਾਰ ਨੂੰ ਅਧਿਕਤਮ ਅਤੇ ਹੇਠਲਾ ਤਾਪਮਾਨ 21 ਅਤੇ 9 ਡਿਗਰੀ ਸੈਲਸੀਅਸ ਦੇ ਕਰੀਬ ਬਣੇ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਸਵੇਰ ਪੰਜਾਬ 'ਚ ਵੱਖ-ਵੱਖ ਥਾਈਂ ਸੰਘਣੀ ਧੁੰਦ ਛਾਈ ਰਹੀ। ਧੁੰਦ ਦਾ ਅਸਰ ਪੰਜਾਬ ਤੋਂ ਇਲਾਵਾ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਹੀ ਦੇਖਣ ਨੂੰ ਮਿਲਿਆ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤਕ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਂ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਪੱਛਮੀ ਗੜਬੜੀਆਂ ਕਾਰਨ ਹਿਮਾਚਲ ਪ੍ਰਦੇਸ਼ ਵਿਚ ਆਉਂਦੇ ਦਿਨਾਂ 'ਚ ਹੋਰ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ ਹੈ। ਇਸ ਦਾ ਅਸਰ ਪਹਾੜਾਂ ਤੋਂ ਲੈ ਕੇ ਮੈਦਾਨਾਂ ਤਕ ਰਹੇਗਾ। ਉੱਧਰ, ਦਿੱਲੀ ਵਿਚ ਸੰਘਣੀ ਧੁੰਦ ਕਾਰਨ ਜ਼ੀਰੋ ਦੀ ਦ੍ਰਿਸ਼ਟੀ ਰਹੀ। ਸਵੇਰੇ ਛੇ ਵਜੇ ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵੀ 285 ਅੰਕ ਦਰਜ ਕੀਤੀ ਗਈ ਜੋ ਕਿ ਖ਼ਰਾਬ ਸ਼੍ਰੇਣੀ ਵਿਚ ਆਉਂਦੀ ਹੈ।
Fog
ਕੌਮੀ ਰਾਜਧਾਨੀ ਤੇ ਲਾਗਲੇ ਖੇਤਰਾਂ ਵਿਚ ਵੀ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਵਿਚ ਖਾਸਾ ਵਿਘਨ ਪਿਆ। ਸਵੇਰ ਸਮੇਂ ਚੱਲਣ ਤੇ ਪਹੁੰਚਣ ਵਾਲੀਆਂ ਟਰੇਨਾਂ ਆਪਣੇ ਤੈਅ ਸਮੇਂ ਤੋਂ ਲੇਟ ਹੋ ਗਈਆਂ। ਸੰਘਣੀ ਧੁੰਦ ਕਾਰਨ ਕਈ ਜਗ੍ਹਾ ਦ੍ਰਿਸ਼ਟੀ 100 ਮੀਟਰ ਤੋਂ ਵੀ ਘੱਟ ਸੀ, ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਵੱਖ-ਵੱਖ ਥਾਈਂ ਪਾਰਾ ਤਿੰਨ ਤੋਂ ਲੈ ਕੇ 10 ਡਿਗਰੀ ਤਕ ਦਰਜ ਕੀਤਾ ਗਿਆ।
Fog
ਐਤਵਾਰ ਵਾਲੇ ਦਿਨ ਆਏ ਮੌਸਮੀ ਬਦਲਾਅ ਕਾਰਨ ਰਾਤ ਸਮੇਂ ਤ੍ਰੇਲ ਪੈ ਗਈ, ਜਿਸ ਕਾਰਨ ਰਾਤ ਦਾ ਤਾਪਮਾਨ ਘੱਟ ਦਰਜ ਕੀਤਾ ਗਿਆ। ਬਠਿੰਡਾ ਵਿਚ ਪਾਰਾ ਸਾਢੇ ਤਿੰਨ ਡਿਗਰੀ ਤੇ ਲੁਧਿਆਣਾ ਵਿਚ 6.8 ਡਿਗਰੀ ਸੈਂਟੀਗ੍ਰੇਡ ਦੇ ਨਿਸ਼ਾਨ 'ਤੇ ਪਹੁੰਚ ਗਿਆ। ਆਉਂਦੇ ਦੋ ਦਿਨਾਂ ਤਕ ਤਾਪਮਾਨ ਤਕਰੀਬਨ ਚਾਰ ਡਿਗਰੀ ਤਕ ਰਹਿਣ ਦੀ ਆਸ ਹੈ।
Comments (0)
Facebook Comments (0)