ਖ਼ੁਦਕੁਸ਼ੀ ਪੱਤਰ 'ਚ ਨਾਮ ਹੋਣ 'ਤੇ ਦੋਸ਼ੀ ਨਹੀਂ ਮੰਨਿਆ ਜਾ ਸਕਦਾ : ਹਾਈ ਕੋਰਟ

ਖ਼ੁਦਕੁਸ਼ੀ ਪੱਤਰ 'ਚ ਨਾਮ ਹੋਣ 'ਤੇ  ਦੋਸ਼ੀ ਨਹੀਂ ਮੰਨਿਆ  ਜਾ ਸਕਦਾ  : ਹਾਈ ਕੋਰਟ

ਚੰਡੀਗੜ੍ਹ,  , (ਸੰਦੀਪ ਸਿੱਧੂ ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਸੁਸਾਇਡ ਨੋਟ (ਖ਼ੁਦਕਸ਼ੀ ਪੱਤਰ) ਵਿਚ ਨਾਮ ਹੋਣ ਉਤੇ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਹੈ। ਉੱਚ ਅਦਾਲਤ ਦਾ ਕਹਿਣਾ ਹੈ ਕਿ ਸੁਸਾਇਡ ਨੋਟ ਵਿਚ ਨਾਮ ਦੇ ਨਾਲ-ਨਾਲ ਆਤਮਹੱਤਿਆ ਲਈ ਉਕਸਾਉਣ ਦੀ ਅਸਲੀ ਵਜ੍ਹਾ ਵੀ ਸਾਹਮਣੇ ਆਉਣੀ ਉਨੀ ਹੀ ਜ਼ਰੂਰੀ ਹੈ।

ਹਾਈ ਕੋਰਟ ਨੇ ਇਹ ਗੱਲਾਂ ਗੁੜਗਾਉਂ ਦੇ ਇੱਕ ਮੈਨੇਜਰ ਦੀ ਆਤਮ ਹੱਤਿਆ ਮਾਮਲੇ ਵਿਚ ਆਖੀਆਂ।  ਇਸ ਕੇਸ ਵਿਚ ਮੈਨੇਜਰ ਇਕਬਾਲ ਆਸਿਫ਼ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਚਾਰ ਵਕੀਲਾਂ ਅਤੇ ਕੰਪਨੀ ਦੇ ਦੋ ਕਰਮਚਾਰੀਆਂ ਉੱਤੇ ਸੁਸਾਇਡ ਲਈ ਉਕਸਾਉਣ ਦਾ ਦੋਸ਼ ਲਗਾਇਆ ਸੀ। ਪਰ ਅਦਾਲਤ ਨੇ ਕਿਹਾ ਹੈ ਕਿ  ਇਸ ਲਈ ਉਸ ਦੇ ਪਿੱਛੇ ਦੀ ਆਪਰਾਧਕ ਇੱਛਾ ਜਾਣਨ ਦੀ ਵੀ ਜ਼ਰੂਰਤ ਹੈ।  ਇਹ ਜਾਨਣਾ ਜਰੂਰੀ ਹੈ ਕਿ ਆਖਰ ਉਸ ਨੇ ਕਿਉਂ ਕਿਸੇ ਨੂੰ ਆਤਮ ਹੱਤਿਆ ਲਈ ਉਕਸਾਇਆ। 

ਜਸਟਿਸ ਪੀਬੀ ਬਜੰਥਰੀ ਨੇ ਕਿਹਾ ਕਿ ਕਿਉਂਕਿ ਇਕ ਵਿਅਕਤੀ ਜਿਸ ਨੇ ਆਤਮ ਹੱਤਿਆ ਕੀਤੀ ਹੈ ਅਤੇ ਉਸ ਨੇ ਸੁਸਾਇਡ ਨੋਟ ਛੱਡਿਆ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਰਤ ਇਸ ਸਿਟੇ ਉੱਤੇ ਪਹੁੰਚਿਆ ਜਾ ਸਕਦਾ ਹੈ ਕਿ ਉਹ ਧਾਰਾ 306 ਤਹਿਤ ਅਪਰਾਧੀ ਹੈ। ਜਸਟਿਸ ਬਜੰਥਰੀ  ਨੇ ਕਿਹਾ ਕਿ ਇਹ ਵੇਖਣਾ ਅਤੇ ਜਾਂਚਣਾ ਜ਼ਰੂਰੀ ਹੈ ਕਿ ਸੁਸਾਇਡ ਨੋਟ ਵਿਚ ਆਤਮ ਹੱਤਿਆ ਲਈ ਉਕਸਾਉਣ ਬਾਰੇ ਕੀ ਲਿਖਿਆ ਗਿਆ ਹੈ।

ਹਾਈ ਕੋਰਟ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਸੁਸਾਇਡ ਨੋਟ ਅਤੇ ਹਾਲਾਤ ਨੂੰ ਜਾਂਚਣਾ ਬਹੁਤ ਜ਼ਰੂਰੀ ਹੈ। ਕਿਸੇ ਹੋਰ ਵਿਅਕਤੀ ਨੂੰ ਇਕ ਕਮਜ਼ੋਰ ਅਤੇ ਮੂਰਖ ਸ਼ਖ਼ਸ ਵਲੋਂ ਲਏ ਗਏ ਗ਼ਲਤ ਫ਼ੈਸਲੇ ਦਾ ਜ਼ਿੰਮੇਵਾਰ ਨਹੀਂ ਗਰਦਾਨਿਆ ਜਾ ਸਕਦਾ। ਸਾਰੇ ਹਾਲਾਤ ਨੂੰ ਜਾਨਣਾ ਜ਼ਰੂਰੀ ਹੈ, ਜਿਵੇਂ ਜਦੋਂ ਪਿਆਰ ਵਿਚ ਅਸਫ਼ਲ ਵਿਅਕਤੀ, ਪ੍ਰੀਖਿਆ ਵਿਚ ਫੇਲ ਹੋਣ ਵਾਲਾ ਵਿਦਿਆਰਥੀ ਜਾਂ ਕੋਈ ਕਲਾਇੰਟ ਆਤਮ ਹਤਿਆ ਕਰਦਾ ਹੈ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਸੁਸਾਇਡ ਲਈ ਉਕਸਾਉਣ ਦਾ ਦੋਸ਼ੀ  ਨਹੀਂ ਬਣਾਇਆ ਜਾ ਸਕਦਾ।