ਓਟ ਸੈਂਟਰ ਸਰਹਾਲੀ ਬਣਿਆ ਨਸ਼ੇ ਦੇ ਮਰੀਜ਼ਾਂ ਲਈ ਵਰਦਾਨ
Sun 5 Jan, 2020 0ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੇ ਸਦਾ ਰਿਣੀ ਰਹਾਂਗੇ : ਨਸ਼ੇ ਦੇ ਮਰੀਜ਼
ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਸਰਹਾਲੀ ਕਲਾਂ 5 ਜਨਵਰੀ 2019
ਓਟ ਸੈਂਟਰ ਸਰਹਾਲੀ ਨਸ਼ੇ ਦੇ ਮਰੀਜ਼ਾਂ ਲਈ ਵਰਦਾਨ ਬਣਿਆ ਹੋਇਆ ਹੈ।ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ , ਜਿਸ ਨਾਲ ਨਸ਼ੇ ਦੇ ਮਰੀਜ਼ਾਂ ਨੂੰ ਨਸ਼ਾ ਛੱਡਣਾ ਸੁਖਾਲਾ ਹੋ ਗਿਆ ਹੈ। ਜਿਹਨਾਂ ਨੂੰ ਸਮਾਜ ਬੁਰੀਆਂ ਨਜ਼ਰਾਂ ਨਾਲ ਵੇਖਦਾ ਸੀ ਅਤੇ ਜੋ ਗਲਤ ਸੰਗਤ ਦਾ ਸਿ਼ਕਾਰ ਹੋ ਗਏ ਸਨ, ਉਹਨਾਂ ਨੂੰ ਹੁਣ ਯਕੀਨ ਹੋ ਗਿਆ ਹੈ ਕਿ ਇਕ ਦਿਨ ਇਸ ਲਾਹਨਤ ਨੂੰ ਦੂਰ ਭਜਾ ਕੇ ਸਮਾਜ ਦੇ ਜਿੰਮੇਵਾਰ ਨਾਗਰਿਕ ਬਣ ਜਾਵਾਂਗੇ।ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਵਿੱਚ ਓਟ ਸੈਂਟਰ ਨਸ਼ੇ ਦੇ ਮਰੀਜ਼ਾਂ ਲਈ ਚਾਨਣ ਮੁਨਾਰਾ ਬਣ ਗਿਆ ਹੈ।ਜਦੋਂ ਓਟ ਸੈਂਟਰ ਵਿਖੇ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲ ਕੀਤੀ ਤਾਂ ਹਰੇਕ ਮਰੀਜ਼ ਦੀ ਕਹਾਣੀ ਬੜੀ ਦੁਖਦਾਈ ਸੀ। ਪਿੰਡ ਨਸ਼ਹਿਰਾ ਪੰਨੂਆਂ ਦੇ ਕਾਰਜ ਸਿੰੰਘ ਦਾ ਕਹਿਣਾ ਸੀ ਕਿ ਜਦੋਂ ਗਰੀਬ ਬੰਦਾ ਨਸ਼ਾ ਚੰਬੇੜ ਲੈਂਦਾ ਹੈ ਤਾਂ ਫਿਰ ਉਸਦਾ ਰੱਬ ਹੀ ਰਾਖਾ ਹੈ।ਉਸਨੇ ਕਿਹਾ ਕਿ ਮੇਰੇ 4 ਬੱਚੇ ਹਨ । ਇੱਕ ਗਰੀਬੀ ਤੇ ਦੂਜਾ ਨਸ਼ਾ । ਘਰ ਦੇ ਹਾਲਤ ਇਸ ਕਦਰ ਬਦਤਰ ਹੋ ਗਏ ਕਿ ਮੈਂ ਮਜਦੂਰੀ ਤੋਂ ਕੀਤੀ ਕਮਾਈ ਨਸਿ਼ਆਂ ਵਿੱਚ ਹੀ ਰੋੜ੍ਹ ਦਿੱਤੀ।ਮੇਰੇ ਨਸ਼ੇ ਉੱਤੇ ਖਰਚਾ ਇੰਨਾ ਵਧ ਗਿਆ ਕਿ ਬੱਚਿਆਂ ਦੀ ਪੜ੍ਹਾਈ ਅਤੇ ਰੋਜ਼ੀ ਰੋਟੀ ਦੇ ਲਾਲੇ ਪੈ ਗਏ। ਉਹਨਾਂ ਕਿਹਾ ਕਿ ਜਿਵੇਂ ਹੀ ਸਰਹਾਲੀ ਕਲਾਂ ਵਿਖੇ ਨਸ਼ਾ ਛੁਡਾਊ ਕੇਂਦਰ ਖੁੱਲਿਆ , ਉਸ ਦੀ ਜਿ਼ੰਦਗੀ ਨੂੰ ਨਵੀਂ ਰੌਸ਼ਨੀ ਮਿਲ ਗਈ।ਕਾਰਜ ਸਿੰਘ ਦਾ ਕਹਿਣਾ ਹੈ ਕਿ ਹੁਣ ਉਹ ਓਟ ਸੈਂਟਰ ਤੋਂ 3 ਗੋਲੀਆਂ ਖਾਂਦਾ ਹੈ ਅਤੇ ਬਕਾਇਦਾ ਮਜਦੂਰੀ ਕਰਕੇ ਜ਼ੋ ਕਮਾਈ ਕਰਦਾ ਹੈ ਉਸ ਨਾਲ ਉਸ ਦੇ ਬੱਚਿਆਂ ਦੀ ਪੜ੍ਹਾਈ ਅਤੇ ਰੋਜ਼ਮਰ੍ਹਾ ਦਾ ਖਰਚਾ ਨਿੱਕਲ ਜਾਂਦਾ ਹੈ। ਉਹਨਾਂ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਸਰਹਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਮੈਂ ਜਲਦੀ ਹੀ ਨਸ਼ਾ ਛੱਡ ਦੇਵਾਂਗਾ। ਇਸੇ ਤਰ੍ਹਾਂ ਪਿੰਡ ਕੋਟਦਾਤਾ ਦਾ ਗੁਰਜੀਤ ਸਿੰਘ ਵੀ ਨਸ਼ਾ ਛੱਡਣ ਦੀ ਰਾਹ ਉੱਤੇ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ।ਪਹਿਲਾਂ ਉਹ 3 ਗੋਲੀਆਂ ਖਾਂਦਾ ਸੀ ਜਦਕਿ ਹੁਣ 2 ਗੋਲੀਆਂ ਕਰ ਦਿੱਤੀਆਂ ਹਨ। ਉਸਦਾ ਕਹਿਣਾ ਸੀ ਕਿ ਅਗਲੇ ਮਹੀਨੇ ਉਹ 1 ਗੋਲੀ ਹੀ ਕਰ ਦੇਵੇਗਾ।ਪਿੰਡ ਸਰਹਾਲੀ ਦੇ ਬਲਕਾਰ ਸਿੰਘ ਦੀ ਕਹਾਣੀ ਵੀ ਬੜੀ ਤਰਸਯੋਗ ਹੈ।ਪੋਸਤ , ਗੋਲੀਆਂ, ਸ਼ਰਾਬ ਜ਼ੋ ਵੀ ਮਿਲ ਜਾਵੇ ਬਲਕਾਰ ਸਿੰਘ ਕੁਝ ਵੀ ਨਹੀ ਸੀ ਛੱਡਦਾ। ਪਰ ਜਿਸ ਦਿਨ ਤੋਂ ਉਹ ਓਟ ਸੈਂਟਰ ਵਿੱਚ ਨਸ਼ੇ ਛੁਡਾਊ ਦਵਾਈ ਲੈਣ ਲੱਗਾ ਹੈ, ਉਸ ਦਿਨ ਤੋਂ ਹੀ ਉਹ ਜਿ਼ੰਦਗੀ ਨੂੰੰ ਮਹਿਸੂਸ ਕਰ ਰਿਹਾ ਹੈ।ਹੁਣ ਉਹ 4 ਗੋਲੀਆਂ ਖਾਂਦਾ ਹੈ ਤੇ ਹੌਲੀ ਹੌਲੀ ਡਾਕਟਰ ਅਨੁਸਾਰ ਆਪਣੀ ਡੋਜ਼ ਘਟਾ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਵਕਤ ਓਟ ਸੈਂਟਰ ਸਰਹਾਲੀ ਕਲਾਂ ਵਿਖੇ ਕੁੱਲ 1421 ਮਰੀਜ਼ ਰਜਿਸਟਰਡ ਹਨ ਅਤੇ ਰੋਜ਼ਾਨਾ 700 ਮਰੀਜ਼ ਨਸ਼ੇ ਦੀ ਦਵਾਈ ਲੈਣ ਆਉਂਦੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ।
Comments (0)
Facebook Comments (0)