ਗਲਤ ਸ਼ਬਦ ਲਿਖ ਕੇ ਕੀਤਾ ਜਾ ਰਿਹਾ “ਪੰਜਾਬੀ ਮਾਂ-ਬੋਲੀ” ਦਾ ਨਿਰਾਦਰ

ਗਲਤ ਸ਼ਬਦ ਲਿਖ ਕੇ ਕੀਤਾ ਜਾ ਰਿਹਾ “ਪੰਜਾਬੀ ਮਾਂ-ਬੋਲੀ” ਦਾ ਨਿਰਾਦਰ

ਭਿੱਖੀਵਿੰਡ 4 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)

-ਸਾਡੀ ਆਪਣੀ ਪੰਜਾਬੀ ਮਾਂ-ਬੋਲੀ ਨੂੰ ਭਾਂਵੇਂ ਦੇਸ਼-ਵਿਦੇਸ਼ ਵਿਚ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ, ਉਥੇ ਦੂਸਰੇ ਦੇਸ਼ਾਂ ਦੇ ਲੋਕ ਵੀ ਪੰਜਾਬੀ ਮਾਂ ਬੋਲੀ ਨੂੰ ਸਿੱਖ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦਾ ਅਨੁਵਾਦ ਆਪਣੀਆਂ-ਆਪਣੀਆਂ ਭਾਸ਼ਾਵਾਂ ਵਿਚ ਕਰਨ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਗਿੱਧਾ, ਭੰਗੜਾ ਵੀ ਸਿੱਖਣ ਲਈ ਬਹੁਤ ਉਤਸ਼ਾਹ ਵਿਖਾਈ ਦਿੰਦਾ ਹੈ। ਜਦੋਂ ਕਿ ਸਾਡੇ ਆਪਣੇ ਬਹੁਤ ਸਾਰੇ ਪੜ੍ਹੇ ਹੋਏ ਲੋਕ ਆਪਣੀ ਮਾਂ-ਬੋਲੀ ਪੰਜਾਬੀ ਦਾ ਕਿੰਨਾ ਕੁ ਮਾਣ ਕਰਦੇ ਹਨ ਤੇ ਕਿੰਨੀ ਕੁ ਤਨਦੇਹੀ ਨਾਲ ਪੰਜਾਬੀ ਨੂੰ ਲਿਖਣ ਲੱਗਿਆਂ ਸਹੀ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜਿਸ ਦੀ ਤਾਜਾ ਮਿਸ਼ਾਲ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਸਵੱਛ ਭਾਰਤ ਯੋਜਨਾ ਹੇਠ ਦਾਣਾ ਮੰਡੀ ਭਿੱਖੀਵਿੰਡ ਵਿਖੇ ਲਗਾਏ ਗਏ ਬੋਰਡਾਂ ਉਪਰ ਲਿਖੀ ਪੰਜਾਬੀ ਦੇ ਸ਼ਬਦਾਂ ਤੋਂ ਮਿਲਦੀ ਹੈ। ਬੈਂਕ ਵੱਲੋਂ ਲਗਾਏ ਗਏ ਇਹਨਾਂ ਬੋਰਡਾਂ ਉਪਰ ‘ਦਾਣਾ ਮੰਡੀ ਭਿੱਖੀਵਿੰਡ’ ਲਿਖਣ ਦੀ ਬਜਾਏ “ਦਾਨਾ ਮੰਡੀ ਭੀਖੀਵਿੰਡ” ਲਿਖ ਕੇ ਬੋਰਡ ਲਗਾਏ ਗਏ ਹਨ। ਮੰਡੀ ਵਿਚ ਆਉਣ ਵਾਲੇ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਲੋਕਾਂ ਤੇ ਸੜਕ ਤੋਂ ਗੁਜਰਣ ਵਾਲੇ ਵਾਹਨ ਚਾਲਕ ਇਹਨਾਂ ਬੋਰਡਾਂ ਨੂੰ ਪੜ੍ਹ ਕੇ ਘੁਸਰ-ਮੁਸਰ ਜਰੂਰ ਕਰਦੇ ਹਨ, ਪਰ ਬੋਰਡ ਲਗਾਉਣ ਵਾਲੀ ਆਈ.ਸੀ.ਆਈ.ਸੀ.ਆਈ ਬੈਂਕ ਜਾਂ ਦਾਣਾ ਮੰਡੀ ਭਿੱਖੀਵਿੰਡ ਦੀ ਮਾਰਕੀਟ ਕਮੇਟੀ ਦੇ ਅਧਿਕਾਰੀ ਇਸ ਗਲਤੀ ਨੂੰ ਸੁਧਾਰਨ ਦੀ ਬਜਾਏ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ। ਪਰ “ਮਾਂ ਬੋਲੀ ਪੰਜਾਬੀ” ਨੂੰ ਸਤਿਕਾਰ ਕਰਨ ਵਾਲੇ ਲੋਕ ਬੋਰਡਾਂ ੳੇੁਤੇ ਲ਼ਿਖੇ ਗਲਤ ਸ਼ਬਦਾਂ ‘ਤੇ ਤਿੱਖੀ ਟਿੱਪਣੀ ਕਰ ਰਹੇ ਹਨ। ਦੱਸਣਯੋਗ ਹੈ ਕਿ ਨਵੇਂ ਬਣ ਰਹੇ ਮੁੱਖ ਮਾਰਗਾਂ ‘ਤੇ ਵੀ ਲਗਾਏ ਜਾ ਰਹੇ ਸੂਚਨਾ ਬੋਰਡਾਂ ਉਤੇ ਵੀ ਪੰਜਾਬੀ ਮਾਂ-ਬੋਲੀ ਦੇ ਗਲਤ ਸ਼ਬਦ ਵੇਖਣ ਨੂੰ ਮਿਲ ਰਹੇ ਹਨ। ਇਸ ਗਲਤੀ ਸੰਬੰਧੀ ਆਈ.ਸੀ.ਆਈ.ਸੀ.ਆਈ ਬੈਂਕ ਭਿੱਖੀਵਿੰਡ ਦੇ ਮੈਨੇਜਰ ਦੀਪਕ ਸੂਦ ਨਾਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਬੈਂਕ ਦੇ ਮਾਰਕੀਟਿੰਗ ਵਿਭਾਗ ਨਾਲ ਗੱਲ ਕਰਕੇ ਜਾਣਕਾਰੀ ਦੇ ਦਿੱਤੀ ਹੈ ਅਤੇ ਜਲਦੀ ਹੀ ਇਸ ਗਲਤੀ ਨੂੰ ਠੀਕ ਕੀਤਾ ਜਾਵੇਗਾ। ਗਲਤੀ ਨੂੰ ਸੁਧਾਰਨਾ ਬੈਂਕ ਦੇ ਮਾਰਕੀੇਿਟੰਗ ਵਿਭਾਗ ਦੀ ਜਿੰਮੇਵਾਰੀ : ਸੈਕਟਰੀ ਅਮਰਦੀਪ ਸਿੰਘ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਸੈਕਟਰੀ ਅਮਰਦੀਪ ਸਿੰਘ ਨੂੰ ਬੋਰਡਾਂ ਉਤੇ ਪੰਜਾਬੀ ਦੇ ਲਿਖੇ ਗਲਤ ਸ਼ਬਦਾਂ ਬਾਰੇ ਪੁੱਛੇ ਜਾਣ ‘ਤੇ ਉਹਨਾਂ ਨੇ ਵੀ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਬੋਰਡ ਲਗਾਉਣ ਵਾਲੇ ਬੈਂਕ ਦੇ ਮਾਰਕੀਟਿੰਗ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਸੋਧ ਕਰਨੀ ਉਹਨਾਂ ਦਾ ਹੀ ਕੰਮ ਹੈ। ਮਾਂ-ਬੋਲੀ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ : ਗੁਲਸ਼ਨ ਅਲਗੋਂ ਆਈ.ਸੀ.ਆਈ.ਸੀ.ਆਈ ਬੈਂਕ ਵੱਲੋਂ ਦਾਣਾ ਮੰਡੀ ਭਿੱਖੀਵਿੰਡ ਵਿਖੇ ਲਗਾਏ ਗਏ ਬੋਰਡਾਂ ‘ਤੇ ਪੰਜਾਬੀ ਮਾਂ-ਬੋਲੀ ਦੀ ਗਲਤ ਸ਼ਬਦਾਂਵਲੀ ਲਿਖਣ ‘ਤੇ ਤਿੱਖੀ ਟਿੱਪਣੀ ਕਰਦਿਆਂ ‘ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਦੇ ਸੇਵਾਦਾਰ ਗੁਲਸ਼ਨ ਕੁਮਾਰ ਅਲਗੋਂ ਨੇ ਕਿਹਾ ਕਿ ਬੇਸ਼ੱਕ ਵਿਦੇਸ਼ਾਂ ਵਿਚ ਪੰਜਾਬੀ ਨੂੰ ਬਹੁਤ ਸਾਰਾ ਮਾਣ-ਸਤਿਕਾਰ ਮਿਲ ਰਿਹਾ ਹੈ, ਜਦੋਂ ਕਿ ਸਾਡੇ ਆਪਣੇ ਪੰਜਾਬ ਵਿਚ ਪੰਜਾਬੀ ਮਾਂ-ਬੋਲੀ ਨੂੰ ਲਿਖਣ ਲੱਗਿਆਂ ਬਹੁਤ ਸਾਰੀਆਂ ਗਲਤੀਆਂ ਦਿੱਸਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਤੇ ਅਧਿਕਾਰੀ ਗਲਤੀਆਂ ਨੂੰ ਸੁਧਾਰਣ ਦੀ ਬਜਾਏ ਚੁੱਪ ਕਰਕੇ ਬੈਠੇ ਰਹਿੰਦੇ ਹਨ। ਗੁਲਸ਼ਨ ਅਲਗੋਂ ਨੇ ਮੰਗ ਕੀਤੀ ਕਿ ਦਾਣਾ ਮੰਡੀ ਭਿੱਖੀਵਿੰਡ, ਸੜਕਾਂ ਆਦਿ ਥਾਵਾਂ ‘ਤੇ ਲਗਾਏ ਬੋਰਡਾਂ ‘ਤੇ ਲਿਖੇ ਪੰਜਾਬੀ ਦੇ ਗਲਤ ਸ਼ਬਦਾਂ ਨੂੰ ਤੁਰੰਤ ਠੀਕ ਕੀਤਾ ਜਾਵੇ।