ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਵਿਦੇਸ਼ ਪਹੁੰਚਣ ਤੋਂ ਪਹਿਲਾਂ ਮੌਤ
Sat 20 Apr, 2019 0ਹੁਸ਼ਿਆਰਪੁਰ:
ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਮੁਕੇਰੀਆਂ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਅੱਜ ਉਸ ਦੇ ਘਰ ਪਹੁੰਚ ਜਾਣ ਦੀ ਖ਼ਬਰ ਮਿਲੀ ਹੈ। ਦਰਅਸਲ, ਬਲਵਿੰਦਰ ਸਿੰਘ ਨੂੰ ਸਪੇਨ ਭੇਜਣ ਦੇ ਨਾਮ ਉਤੇ ਟਰੈਵਲ ਏਜੰਟ ਨੇ ਧੋਖੇ ਨਾਲ ਉਸ ਨੂੰ ਯੂਕਰੇਨ ਭੇਜ ਦਿਤਾ, ਜਿੱਥੇ ਬਰਫ਼ੀਲੇ ਰਸਤਿਆਂ ਤੋਂ ਸਪੇਨ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਲਗਭੱਗ 2 ਮਹੀਨਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਜ ਉਸ ਦੀ ਲਾਸ਼ ਉਸ ਦੇ ਘਰ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ ਤੇ ਉਥੇ ਹੀ ਉਸ ਦੀ ਮੁਲਾਕਾਤ ਨਿੱਛਲ ਸਿੰਮੀ ਨਾਂਅ ਦੀ ਇਕ ਔਰਤ ਨਾ ਹੋਈ। ਸਿੰਮੀ ਨੇ ਬਲਵਿੰਦਰ ਨੂੰ ਵਿਦੇਸ਼ ਭੇਜਣ ਲਈ ਰਾਜ਼ੀ ਕਰ ਲਿਆ ਤੇ ਸਤੰਬਰ, 2018 ਨੂੰ ਬਲਵਿੰਦਰ ਘਰੋਂ ਸਪੇਨ ਲਈ ਨਿਕਲਿਆ। ਪਰਵਾਰਕ ਮੈਂਬਰਾਂ ਮੁਤਾਬਕ ਸਿੰਮੀ ਨਾਲ ਬਲਵਿੰਦਰ ਨੂੰ ਸਿੱਧਾ ਸਪੇਨ ਭੇਜਣ ਦੀ ਗੱਲ ਹੋਈ ਸੀ ਪਰ ਸਿੰਮੀ ਨੇ ਧੋਖੇ ਨਾਲ ਉਸ ਨੂੰ ਸਪੇਨ ਦੀ ਬਜਾਏ ਯੂਕਰੇਨ ਭੇਜ ਦਿਤਾ। ਇੱਥੋਂ ਲਗਭੱਗ 5 ਮਹੀਨਿਆਂ ਬਾਅਦ ਪੋਲੈਂਡ ਸਰਹੱਦ ’ਤੇ ਬਰਫ਼ੀਲਾ ਰਸਤਾ ਤੈਅ ਕਰਦਿਆਂ ਬਲਵਿੰਦਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਲਵਿੰਦਰ ਦੀ ਮੌਤ ਤੋਂ ਬਾਅਦ ਟਰੈਵਲ ਏਜੰਟ ਨੇ ਇਸ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਨਹੀਂ ਦਿਤੀ। ਜਦੋਂ ਬਲਵਿੰਦਰ ਨੇ ਆਖ਼ਰੀ ਵਾਰ ਉਨ੍ਹਾਂ ਨਾਲ ਗੱਲ ਕੀਤੀ ਸੀ ਤਾਂ ਉਹ ਪੋਲੈਂਡ ਤੋਂ ਨਿਕਲ ਰਿਹਾ ਸੀ ਪਰ ਉਸ ਤੋਂ ਬਾਅਦ ਉਸ ਦਾ ਸੰਪਰਕ ਟੁੱਟ ਗਿਆ। ਬਲਵਿੰਦਰ ਨਾਲ ਇਕ ਹੋਰ ਨੌਜਵਾਨ ਵੀ ਸੀ। ਉਹ ਕਿਸੇ ਤਰ੍ਹਾਂ ਬਚ ਨਿਕਲਿਆ ਤੇ ਉਸ ਨੇ ਪੁਲਿਸ ਤੱਕ ਪਹੁੰਚ ਕੀਤੀ। ਇਸ ਦੌਰਾਨ ਜਦੋਂ ਪਰਵਾਰ ਨੇ ਯੂਕਰੇਨ ਵਿਚ ਇਕ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਬਲਵਿੰਦਰ ਸਿੰਘ ਦੀ ਮੋਬਾਇਲ ਲੋਕੇਸ਼ਨ ਤੋਂ ਉਸ ਦੀ ਲਾਸ਼ ਬਾਰੇ ਪਤਾ ਲੱਗਾ। ਬੀਤੀ ਰਾਤ ਬਲਵਿੰਦਰ ਦੀ ਲਾਸ਼ ਘਰ ਪਹੁੰਚ ਗਈ ਹੈ। ਮ੍ਰਿਤਕ ਦੇ ਪਰਵਾਰ ਵਾਲਿਆਂ ਨੇ ਟਰੈਵਲ ਏਜੰਟ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Comments (0)
Facebook Comments (0)