'ਲੋੜੀਂਦੇ ਖਾਣੇ ਦੀ ਘਾਟ ਕਾਰਨ ਭਾਰਤ ਵਿਚ ਹੁੰਦੀਆਂ ਹਨ ਕਈ ਮੌਤਾਂ'

'ਲੋੜੀਂਦੇ ਖਾਣੇ ਦੀ ਘਾਟ ਕਾਰਨ ਭਾਰਤ ਵਿਚ ਹੁੰਦੀਆਂ ਹਨ ਕਈ ਮੌਤਾਂ'

ਵਾਸ਼ਿੰਗਟਨ : 

ਲੋੜੀਂਦੇ ਖਾਣੇ ਦੀ ਘਾਟ ਕਾਰਨ ਭਾਰਤ ਵਿਚ ਹਰ ਸਾਲ ਸੈਂਕੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਆਲਮੀ ਪੱਧਰ 'ਤੇ ਇਹ ਅੰਕੜਾ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਦਾ ਹੈ। ਇਹ ਪ੍ਰਗਟਾਵਾ ਲੈਂਸੇਟ ਮੈਗਜ਼ੀਨ ਵਲੋਂ ਕਰਵਾਏ ਗਏ ਇਕ ਅਧਿਐਨ ਵਿਚ ਕਹੀ ਗਈ ਹੈ। ਅਧਿਐਨ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 195 ਦੇਸ਼ਾਂ ਵਿਚ 1900 ਤੋਂ 2017 ਤਕ 15 ਖਾਣੇ ਦੇ ਕਾਰਕਾਂ ਨੂੰ ਵੇਖਿਆ ਗਿਆ। ਇਸ ਤੋਂ ਪਤਾ ਲੱਗਾ ਕਿ ਵਿਸ਼ਵ ਦੇ ਲਗਭਗ ਹਰ ਹਿੱਸੇ ਵਿਚ ਲੋਕ ਅਪਣੇ ਖਾਣ-ਪਾਨ ਨੂੰ ਠੀਕ ਕਰ ਕੇ ਫ਼ਾਇਦੇ ਉਠਾ ਸਕਦੇ ਹਨ। ਅਧਿਐਨ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਵਿਚ ਅੰਦਾਜ਼ਨ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਲੋੜੀਂਦੇ ਖਾਣੇ ਅਤੇ ਪੋਸ਼ਟਿਕ ਤੱਤਾਂ ਦੀ ਘਾਟ ਨਾਲ ਜੁੜੀ ਹੁੰਦੀ ਹੈ ਅਤੇ ਇਹ ਅੰਕੜਾ ਲਗਭਗ ਇਕ ਕਰੋੜ 10 ਲੱਖ ਮੌਤਾਂ ਦੇ ਬਰਾਬਰ ਹੈ। ਇਹੋ ਕਾਰਨ ਸਾਰੀ ਦੁਨੀਆਂ ਵਿਚ ਲੰਮੇਂ ਸਮੇਂ ਤਕ ਚੱਲਣ ਵਾਲੀਆਂ ਬੀਮਾਰੀਆਂ ਲਈ ਵੀ ਜ਼ਿੰਮੇਵਾਰ ਹੈ। ਖਾਣੇ ਸਬੰਧੀ ਮਾਮਲਿਆਂ ਵਿਚ ਸਾਲ 2017 ਵਿਚ ਸਾਬਤ ਅਨਾਜ, ਫਲ, ਮੇਵਾ ਵਰਗੇ ਖਾਣੇ ਦੀ ਕਾਫ਼ੀ ਘੱਟ ਖ਼ੁਰਾਕ ਜ਼ਿਆਦਾ ਮੌਤਾਂ ਲਈ ਜ਼ਿੰਮੇਵਾਰ ਰਹੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਬਤ ਅਨਾਜ ਦੀ ਘੱਟ ਖ਼ੁਰਾਕ ਰੋਜ਼ਾਨਾ 125 ਗ੍ਰਾਮ ਤੋਂ ਹੇਠਾਂ ਭਾਰਤ, ਅਮਰੀਕਾ, ਬ੍ਰਾਜ਼ੀਲ, ਪਾਕਿਸਤਾਨ, ਨਾਈਜੀਰੀਆ, ਰੂਸ, ਮਿਸਰ, ਜਰਮਨੀ, ਈਰਾਨ ਤੇ ਤੁਰਕੀ ਵਿਚ ਮੌਤਾਂ ਅਤੇ ਬੀਮਾਰੀਆਂ ਲਈ ਇਕ ਮੁੱਖ ਘਾਟ ਰਿਹਾ ਹੈ। ਬੰਗਲਾਦੇਸ਼ ਵਿਚ ਫਲਾਂ ਦੀ ਘਾਟ ਖ਼ੁਰਾਕ ਪ੍ਰਤੀਦਿਨ 250 ਗ੍ਰਾਮ ਤੋਂ ਹੇਠਾਂ ਮੁੱਖ ਘਾਟ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2017 ਵਿਚ ਖਾਣੇ ਦੀ ਘਾਟ ਸਬੰਧੀ ਮੌਤਾਂ ਦੀ ਸੱਭ ਤੋਂ ਘੱਟ ਦਰ ਇਜ਼ਰਾਈਲ, ਫ਼ਰਾਂਸ, ਸਪੇਨ, ਜਾਪਾਨ ਅਤੇ ਅੰਡੋਰਾ ਵਿਚ ਰਹੀ। ਭਾਰਤ ਵਿਚ ਸੂਚੀ ਵਿਚ 118ਵੇਂ ਸਥਾਨ 'ਤੇ ਰਿਹਾ ਜਿਥੇ ਪ੍ਰਤੀ ਇਕ ਲੱਖ ਲੋਕਾਂ 'ਤੇ 310 ਮੌਤਾਂ ਦਰਜ ਕੀਤੀਆਂ ਗਈਆਂ। ਚੀਨ ਪ੍ਰਤੀ ਇਕ ਲੱਖ ਲੋਕਾਂ 'ਤੇ 350 ਮੌਤਾਂ ਨਾਲ 140ਵੇਂ ਸਥਾਨ 'ਤੇ ਰਿਹਾ। ਇਸ ਤੋਂ ਬਾਅਦ ਬਰਤਾਨੀਆ 23ਵੇਂ ਸਥਾਨ 'ਤੇ ਰਿਹਾ ਜਿਥੇ ਪ੍ਰਤੀ ਇਕ ਲੱਖ ਲੋਕਾਂ 'ਤੇ 127 ਮੌਤਾਂ ਦਰਜ ਕੀਤੀਆਂ ਗਈਆਂ। ਅਮਰੀਕਾ ਦਾ 43ਵਾਂ ਸਥਾਨ ਰਿਹਾ ਜਿਥੇ ਪ੍ਰਤੀ ਇਕ ਲੱਖ 'ਤੇ 171 ਲੋਕਾਂ ਦੀ ਮੌਤਾਂ ਹੋਈਆਂ।  (ਏਜੰਸੀ)