
ਕਹਾਣੀ " ਖੁਦਕੁਸ਼ੀ "
Thu 21 Jun, 2018 0
ਗਲਤੀਆਂ ਕਰਨਾ ਇਨਸਾਨ ਦੀ ਫਿਦਰਤ ਹੈ ਕਿਉਂਕਿ ਇਨਸ਼ਾਨ ਗਲਤੀਆਂ ਦਾ ਪੁਤਲਾ ਹੈ । ਕੁਝ ਗਲਤੀਆਂ ਦਾ ਅਣਜਾਨੇ ਵਿੱਚ ਹੁੰਦੀਆਂ ਹਨ ਪਰ ਕੁਝ ਗਲਤੀਆਂ ਇਨਸ਼ਾਨ ਜਾਣ ਬੁੱਝ ਕੇ ਕਰ ਬੈਠਦਾ ਹੈ । ਜਿਸ ਦਾ ਪਛਤਾਵਾ ਉਸਨੂੰ ਪੂਰੀ ਉਮਰ ਝੱਲਣਾ ਪੈਂਦਾ ਹੈ। ਅੱਜ ਦੇ ਗੁੱਜਰ ਰਹੇ ਦੌਰ ਵਿੱਚ ਗਲਤੀਆਂ ਤੇ ਪਛਤਾਵਾਂ ਕਰਨ ਵਾਲਿਆ ਦੀ ਗਿਣਤੀ ਨਾ ਮਾਤਰ ਹੀ ਰਹਿ ਗਈ ਹੈ ਕੁਝ ਕੁ ਲੋਕ ਹੀ ਹਨ ਜਿਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਇਕ-ਦੋ ਗਲਤੀਆਂ ਤੋਂ ਬਾਅਦ ਆਪਣੇ ਆਪ ਹੀ ਸਿੱਧੀ ਲਾਇਨ ਤੇ ਆ ਜਾਦੇ ਹਨ। ਵੱਧ ਰਹੀਆਂ ਗੱਲਤੀਆਂ ਦਾ ਸਾਰਾ ਦੋਸ ਸਾਡੇ ਆਪਣੇ ਸਿਰ ਵੀ ਜਾਦਾ ਹੈ, ਕਿਉਂਕਿ ਕਿਸੇ ਵੇਲੇ ਅਸੀਂ ਇਨਸ਼ਾਨ ਹੁੰਦੇ ਹੋਏ ਵੀ ਰੱਬ ਬਣ ਬੈਠ ਜਾਦੇਂ ਹਾਂ, ਜਦੋਂ ਕੋਈ ਇਨਸ਼ਾਨ ਗਲਤੀ ਕਰਦਾ ਹੈ ਤਾਂ ਅਸੀਂ ਕੁੱਝ ਦੇਰ ਤਾਂ ਉਸਨੂੰ ਖਤਮ ਕਰਨ ਤੱਕ ਸੋਚ ਲੈਦੇ ਹਾਂ ਪਰ ਕੁੱਝ ਹੀ ਦੇਰ ਬਾਅਦ ਸੋਚਦੇ ਹਾਂ ਕਿ ਜੇ ਇਹੋ ਗਲਤੀ ਮੈਥੋਂ ਹੋ ਜਾਂਦੀ ਤਾਂ ਫਿਰ ਕੀ ਹੋਣਾ ਸੀ। ਇਹੋ ਗੱਲ ਸੋਚ ਅਸੀਂ ਗਲਤ ਇਨਸ਼ਾਨ ਨੂੰ ਸਜਾ ਦੇਣ ਦੀ ਬਜਾਏ ਮਾਫ ਕਰ ਦਿੰਦੇ ਹਾਂ । ਨਤੀਜੇ ਵਜੋਂ ਗਲਤੀ ਕਰਨ ਵਾਲੇ ਇਨਸ਼ਾਨ ਦਾ ਹੌਸਲਾ ਹੋਰ ਬੁਲੰਦ ਹੋ ਜਾਂਦਾ ਹੈ ਤੇ ਫਿਰ ਉਹ ਗਲਤ ਇਨਸ਼ਾਨ ਮੌਕਾ ਮਿਲਨ ਤੇ ਫਿਰ ਉਸੇ ਗਲਤੀ ਨੂੰ ਦੁਹਰਾਉਂਣ ਦੀ ਕੋਸ਼ਿਸ਼ ਕਰਦਾ ਹੈ । ਉਹ ਸੋਚਦਾ ਹੈ ਕਿ ਪਹਿਲਾਂ ਕਿਹੜਾ ਕਿਸੇ ਨੇ ਕੁੱਝ ਵਿਗਾੜ ਲਿਆ ਸੀ ਤੇ ਹੁਣ ਕੀ ਫਰਕ ਪਵੇਗਾ।
ਦੁਨੀਆ ਤੇ ਕੁੱਝ ਇਨਸ਼ਾਨ ਅਜਿਹੇ ਵੀ ਹਨ ਜੋ ਗਲਤੀਆਂ ਤੇ ਗਲਤ ਕੰਮਾਂ ਤੋਂ ਕੋਹਾ ਦੂਰ ਰਹਿੰਦੇ ਹਨ ਤੇ ਅਜਿਹੇ ਇਨਸ਼ਾਨਾ ਨੂੰ ਕੁੱਝ ਮਾੜੀ ਬਿਰਤੀ ਵਾਲੇ ਲੋਕ ਆਪਣੇ ਬੁਰੇ ਜਾਲ ਵਿੱਚ ਫਸਾ ਕੇ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ ।
ਉਹ ਖੁਦ ਤਾਂ ਗਲਤ ਹੁੰਦੇ ਹੀ ਹਨ ਅਤੇ ਉਨਾਂ ਨੂੰ ਚੰਗੀ ਸੋਚ ਵਾਲੇ ਇਨਸ਼ਾਨਾ ਤੋਂ ਨਫਰਤ ਹੋ ਜਾਂਦੀ ਹੈ ਅਜਿਹੇ ਇਨਸ਼ਾਨ ਦੂਜਿਆ ਨੂੰ ਆਪਣੇ ਵਰਗਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਮੌਕਾ ਮਿਲਨ ਤੇ ਉਹ ਚੰਗੀ ਸੋਚ ਵਾਲੇ ਇਨਸ਼ਾਨਾ ਨੂੰ ਵੀ ਆਪਣੇ ਵਰਗਾ ਹੀ ਸਾਬਿਤ ਕਰ ਦਿੰਦੇ ਹਨ ਤੇ ਫਿਰ ਸੀਨਾ ਚੋੜਾ ਕਰਕੇ ਲੋਕਾਂ ਵਿੱਚ ਵਿੱਚਰਦੇ ਹਨ ਕਿ ਉਨਾਂ ਵਰਗਾ ਸਾਊ ਇਨਸ਼ਾਨ ਇਥੇ ਕੋਈ ਨਹੀਂ ਹੈ ਉਹ ਹਰ ਪਾਸੇ ਆਪਣੀ ਹੀ ਬੱਲੇ-ਬੱਲੇ ਕਰਵਾਉਂਣਾ ਪ੍ਰਸੰਦ ਕਰਦੇ ਹਨ ਤੇ ਕਈ ਲੋਕ ਆਪਣੇ ਤੇ ਲੱਗੇ ਗਲਤ, ਦੋਸਾਂ ਨੂੰ ਵੀ ਸਹਾਰ ਨਹੀਂ ਪਾਉਂਦੇ ਤੇ ਬੇਗੁਨਾਹੀ ਦਾ ਸਬੂਤ ਨਾ ਹੋਣ ਕਰਕੇ ਹਾਲਾਤਾਂ ਤੋਂ ਤੰਗ ਆ ਕੇ ਉਹ ਖੁਦਕੁਸ਼ੀ ਦਾ ਸਿਕਾਰ ਹੋ ਜਾਂਦੇ ਹਨ ਅਜਿਹੇ ਇਨਸ਼ਾਨਾ ਨੂੰ ਲੋਕ ਬੁਜ਼ਦਲ ਦੇ ਖਿਤਾਬ ਨਾਲ ਨਿਵਾਜਦੇ ਹਨ। ਸਭ ਦੇ ਦਿਲਾਂ ਵਿੱਚ ਉਸ ਪ੍ਰਤੀ ਸਨੇਹ-ਪਿਆਰ ਖਤਮ ਹੋ ਜਾਂਦਾ ਹੈ ਤੇ ਮਰਨ ਤੋਂ ਬਾਅਦ ਵੀ ਉਸ ਦੇ ਲੱਗੇ ਦੋਸ ਪੱਕੇ ਤੌਰ ਤੇ ਉਸ ਨਾਲ ਜੁੜ ਜਾਦੇਂ ਹਨ ਤੇ ਸਾਇਦ ਅਜਿਹੇ ਇਨਸ਼ਾਨ ਮਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ ਜਿਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ।
ਵਿਚਰ ਰਹੀ ਦੁਨੀਆ ਵਿੱਚ ਦਸ ਪ੍ਰਤੀਸਤ ਲੋਕ ਅਜਿਹੇ ਵੀ ਹਨ ਜੋ ਆਪਣੇ ਉਪਰ 100 ਜੁਲਮ ਹੋਣ ਤੋਂ ਬਾਅਦ ਵੀ ਆਪਣੀ ਸੁੱਧਤਾ ਤੇ ਪ੍ਰਵਿਤਰਤਾ ਨੂੰ ਹਮੇਸਾ ਕਾਇਮ ਰੱਖਦੇ ਹਨ ਤੇ ਅਜਿਹੇ ਇਨਸ਼ਾਨ ਭੈੜੀ ਬਿਰਤੀ ਦੇ ਲੋਕਾਂ ਦਾ ਖਾਤਮਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਮੌਕਾ ਮਿਲਨ ਤੇ ਉਹ ਬੁਰਾਈ ਨੂੰ ਅੱਗ ਲਾ ਕੇ ਫੂਕ ਦਿੰਦੇ ਹਨ ਤੇ ਇਕ ਨਵੇਂ ਤੇ ਸੁਚਜੇ ਸਮਾਜ ਦੀ ਸਿਰਜਨਾ ਕਰ ਦਿੰਦੇ ਹਨ ਜਿਸ ਨਾਲ ਲੋਕਾਂ ਤੇ ਸਮਾਜ ਨੂੰ ਅਜਿਹੇ ਇਨਸ਼ਾਨਾ ਤੇ ਫਕਰ ਹੁੰਦਾ ਹੈ। ਸ਼ਹਿਰ ਵਿਚ ਰਹਿੰਦੀ ਮੀਤ ਨੀਡਰ ਤੇ ਬਹੁਤ ਹੀ ਮਿਠੜੇ ਸੁਭਾ ਵਾਲੀ ਕੁੜੀ ਸੀ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ । ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਉਹ ਸ਼ਹਿਰ ਵਿੱਚ ਪੜਾਈ ਦੇ ਨਾਲ-ਨਾਲ ਕਿਸੇ ਪ੍ਰਈਵੇਟ ਕੰਪਨੀ ਵਿੱਚ ਨੌਕਰੀ ਵੀ ਕਰਦੀ ਸੀ । ਉਸ ਨਾਲ ਪੜ੍ਹਨ ਵਾਲੇ ਤੇ ਨੋਕਰੀ ਕਰਨ ਵਾਲੇ ਸਾਰੇ ਮੁੰਡੇ-ਕੁੜੀਆਂ ਉਸ ਦੀ ਅਨਥਕ ਮਿਹਨਤ ਨੂੰ ਵੇਖ ਬਹੁਤ ਖੁਸ਼ ਸਨ । ਕਿਉਂਕਿ ਉਹਨਾ ਕਦੇ ਅਜਿਹੀ ਹੋਣਹਾਰ ਚੰਗੀ ਸ਼ਖਸੀਅਤ ਤੇ ਰੱਬ ਦੇ ਭਾਣੇਂ ਨੂੰ ਮੰਨਣ ਵਾਲੀ ਕੁੜੀ ਨਹੀ ਵੇਖੀ ਸੀ ।
ਸ਼ਹਿਰ ਵਿਚ ਰਹਿੰਦੇ ਮੁੰਡੇ-ਕੁੜੀਆਂ ਨੂੰ ਫੈਸ਼ਨ ਤੇ ਐਸ-ਫਰਾਸਤੀ ਤੋਂ ਹੀ ਵਹਿਲ ਨਹੀਂ ਮਿਲਦੀ ਸੀ ਉਨਾਂ ਨੇ ਜ਼ਿੰਮੇਵਾਰੀਆਂ ਸਵਾਹ ਨਿਭਾਉਣੀਆਂ ਨੇ ਮੀਤ ਹਰ ਇਕ ਦੀ ਹਰਮਨ ਪਿਆਰੀ ਸੀ ਉਹ ਸਾਰਿਆ ਨਾਲ ਤੇ ਸਾਰੇ ਉਸ ਨਾਲ ਘਿਓ-ਖਿਚੜੀ ਸਨ ਪਰ ਜਿਥੇ ਸੱਚਾਈ ਵੱਸਦੀ ਹੈ ਉਥੇ ਬੁਰਾਈ ਵੀ ਆਪਣਾ ਪਹਿਰਾ ਜਰੂਰ ਲਾਉਂਦੀ ਹੈ। ਜਿਥੇ ਮੀਤ ਨੋਕਰੀ ਕਰਦੀ ਸੀ ਉਥੇ ਉਸ ਨਾਲ ਕੁਝ ਗਲਤ ਬਿਰਤੀ ਵਾਲੇ ਮੁੰਡੇ ਕੁੜੀਆਂ ਵੀ ਨੌਕਰੀ ਕਰਦੇ ਸਨ। ਜਿਨਾਂ ਨਾਲ ਕੋਈ ਗੱਲ ਕਰਕੇ ਵੀ ਰਾਜੀ ਨਹੀਂ ਸੀ । ਪਰ ਮੀਤ ਲਈ ਤਾਂ ਸਾਰੇ ਬਰਾਬਰ ਸਨ ਉਹ ਸਭ ਨੂੰ ਇਕ ਨਜ਼ਰ ਨਾਲ ਵੇਖਦੀ ਸੀ। ਉਸ ਨੂੰ ਉਸਦੀ ਸਹੇਲੀ ਕੁਲਜੀਤ ਨੇ ਸਮਝਾਇਆ ਕਿ ਤੂੰ ਇਨਾਂ ਮਾੜੀ ਸੋਚ ਰੱਖਣ ਵਾਲਿਆ ਦੀ ਟੋਲੀ ਤੋਂ ਦੂਰ ਰਿਹਾ ਕਰ ਨਹੀਂ ਤਾਂ ਇਹ ਤੈਨੂੰ ਵੀ ਆਪਣੀ ਟੋਲੀ ਵਿੱਚ ਸ਼ਾਮਲ ਕਰ ਲੈਣਗੇ 'ਤੇ ਤੈਨੂੰ ਵੀ ਦੂਜਿਆਂ ਦੀਆਂ ਨਜਰਾਂ 'ਚ ਛੋਟਾ ਬਣਾ ਦੇਣਗੇ ।
ਪਰ ਮੀਤ ਤਾਂ ਮੀਤ ਸੀ ਉਸਨੂੰ ਤਾਂ ਸਾਰੇ ਇਕ ਬਰਾਬਰ ਹੀ ਲੱਗਦੇ ਸਨ। ਚੰਗੀ ਸੋਚ ਵਾਲੀ ਮੀਤ ਉਨਾਂ ਭੈੜੀ ਸੋਚ ਵਾਲਿਆ ਦੀਆਂ ਨਜ਼ਰਾਂ ਵਿਚ ਦਿਨ-ਰਾਤ ਰੜਕਣ ਲੱਗ ਪਈ ਉਹ ਵੀ ਮੀਤ ਨੂੰ ਆਪਣੇ ਵਰਗਾ ਬਣਿਆ ਵੇਖਣਾ ਚਾਹੁੰਦੇ ਸਨ। ਬਸ ਫਿਰ ਕਿ ਉਨਾਂ ਨੇ ਮੀਤ ਨੂੰ ਬਦਨਾਮ ਕਰਨ ਲਈ ਮੋਕੇ ਦੀ ਤਲਾਸ ਕਰਨੀ ਸ਼ੁਰੂ ਕਰ ਦਿੱਤੀ ਤੇ ਆਖਿਰ ਇਕ ਦਿਨ ਮੌਕਾ ਹੱਥ ਲੱਗ ਹੀ ਗਿਆ । ਉਨਾਂ ਵੇਖਿਆ ਕਿ ਮੀਤ ਆਪਣੇ ਕੈਬਿਨ ਵਿੱਚ ਨਹੀਂ ਪਰ ਉਸਦਾ ਪਰਸ ਉਸਦੇ ਕੈਬਿਨ ਦੇ ਟੇਬਲ ਤੇ ਪਿਆ ਹੋਇਆ ਸੀ । ਉਨ੍ਹਾਂ ਨੇ ਉਸਦੀ ਗੈਰਹਾਜਰੀ ਦਾ ਫਾਇਦਾ ਚੁਕਿਆ ਤੇ ਉਸਦੇ ਬੈਗ (ਪਰਸ) ਵਿੱਚ ਕੁੱਝ ਨਸੇ ਵਾਲੀਆਂ ਦਵਾਈਆ ਰੱਖ ਦਿੱਤੀਆਂ । ਜਦ ਸ਼ਾਮ ਨੂੰ ਛੁੱਟੀ ਤੋਂ ਬਾਅਦ ਮੀਤ ਘਰ ਪਰਤਨ ਲੱਗੀ ਤਾਂ ਰੋਜ ਦੀ ਤਰਾਂ ਆਫਿਸ ਦੇ ਮੈਨ ਗੇਟ ਤੇ ਖੜੀ ਸਿਕਿਉਰਿਟੀ ਨੇ ਉਸਦਾ ਪਰਸ (ਬੈਗ) ਚੈੱਕ ਕੀਤਾ ਤਾਂ ਉਸ ਵਿਚੋਂ ਨਸ਼ੀਲੀਆਂ ਦਵਾਈਆਂ ਨਿਕਲ ਆਈਆਂ ਜਿਸ ਨੂੰ ਦੇਖ ਕੇ ਮੀਤ ਦੇ ਤਾਂ ਹੋਸ ਹੀ ਉੱਡ ਗਏ ਕਿਉਂਕਿ ਉਸਨੂੰ ਇਨਾਂ ਦਵਾਈਆਂ ਬਾਰੇ ਕੋਈ .ਖਬਰ ਹੀ ਨਹੀਂ ਸੀ । ਮੀਤ ਨੇ ਸਿਕਿਉਰਟੀ ਦੇ ਬਹੁਤ ਤਰਲੇ ਪਾਏ ਕਿ ਇਹ ਦਵਾਈਆਂ ਉਸ ਦੀਆਂ ਨਹੀਂ ਹਨ । ਪਰ ਸਾਹਮਣੇ ਪਈ ਚੀਜ਼ ਨੂੰ ਕੋਈ ਕਿਵੇਂ ਝੂਠਲਾ ਸਕਦਾ ਸੀ ।
ਬੱਸ ਫਿਰ ਕਿ ਸੀ ਸਿਕਿਊਰਟੀ ਇੰਨਚਾਰਜ ਨਸ਼ੀਲੀਆ ਦਵਾਈਆਂ ਲੈ ਕੇ ਕੰਪਨੀ ਦੇ ਮੈਨੇਜਰ ਕੋਲ ਚੱਲਾ ਗਿਆ ਤੇ ਫਿਰ ਮੀਤ ਨੂੰ ਉਹ ਸਭ ਕੁੱਝ ਸੁਣਨਾ ਤੇ ਸਹਿਣਾ ਪਿਆ ਜੋ ਉਸਨੇ ਕਦੇ ਸੁੱਪਨੇ ਵਿੱਚ ਵੀ ਨਹੀਂ ਸੋਚਿਆ ਸੀ । ਸਾਰੇ ਆਫਿਸ ਵਿੱਚ ਮੀਤ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ, ਉਸਨੇ ਜਿੱਥੇ ਵੀ ਜਾਣਾ ਉਥੇ ਹੀ ਉਸਨੂੰ ਕੁੱਝ ਨਾ ਕੁੱਝ ਸੁਣਨ ਨੂੰ ਮਿਲਦਾ ਸੀ । ਉਸ ਤੇ ਲੱਗੇ ਇਸ ਝੂੱਠੇ ਇਲਜ਼ਾਮ ਨੇ ਉਸਦੀ ਜਿੰਦਗੀ ਨਰਕ ਤੋਂ ਵੀ ਬਿਹਤਰ ਕਰ ਦਿੱਤੀ ਸੀ । ਉਸ ਦੀ ਸਹੇਲੀ ਕੁਲਜੀਤ ਨੇ ਉਸਨੂੰ ਕਿਹਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਬੁਰੀ ਸੰਗਤ ਵਾਲੀਆਂ ਤੋਂ ਦੂਰ ਰਹੀ ਪਰ ਤੂੰ ਮੇਰੀ ਇਕ ਨਹੀਂ ਸੁਣੀ ਉਸਨੇ ਮੀਤ ਨੂੰ ਕਿਹਾ ਇਹ ਸਾਰੀ ਸ਼ਰਾਰਤ ਵੀ ਉਹਨਾਂ ਮਾੜੀ ਸੋਚ ਦੇ ਮਾਲਕਾਂ ਦੀ ਹੀ ਰੱਚੀ ਲਗਦੀ ਹੈ । ਮੀਤ ਹੁਣ ਪਛਤਾ ਤਾਂ ਰਹੀ ਸੀ ਪਰ ਹੁਣ ਉਸਨੂੰ ਇਸ ਮੁਸ਼ਕਿਲ ਤੋਂ ਨਿਕਲਨ ਦਾ ਰਸਤਾ ਨਹੀਂ ਮਿਲ ਰਿਹਾ ਸੀ ਕਿਉਂਕਿ ਉਸਨੂੰ ਆਫਿਸ ਵੱਲੋਂ ਇਕ ਨੋਟਿਸ ਵੀ ਮਿਲ ਗਿਆ ਸੀ ਕਿ ਜੇ ਉਹ ਨਿਰਦੋਸ਼ ਹੈ ਤਾਂ ਉਹ ਇਹਨਾਂ ਨਸ਼ੀਲੀਆਂ ਦਵਾਈਆਂ ਬਾਰੇ ਸਪੱਸਟੀਕਰਨ ਕਰੇ ਨਹੀਂ ਤਾਂ ਇਕ ਮਹੀਨੇ ਦੇ ਅੰਦਰ ਉਸਨੂੰ ਇਹ ਨੌਕਰੀ ਛੱਡਣੀ ਪਏਗੀ । ਜਿਸ ਨਾਲ ਉਸਦੀ ਪੜ੍ਹਾਈ ਤੇ ਘਰਦਿਆਂ ਦਾ ਖ਼ਰਚ ਚਲ ਰਿਹਾ ਸੀ ।
ਮੀਤ ਇਕ ਅਜੀਬ ਦੁਬੀਦਾ ਵਿੱਚ ਫਸ ਗਈ ਸੀ ਉਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਮੁਸੀਬਤ ਚੋਂ ਕਿਵੇਂ ਨਿਕਲੇ, ਪਰ ਉਸ ਨੂੰ ਆਪਣੀ ਸੱਚਾਈ ਤੇ ਉਸ ਪ੍ਰਮਾਤਮਾ ਤੇ ਪੂਰਾ ਭਰੋਸਾ ਸੀ ਕਿ ਉਹ ਅਸਲੀਅਤ ਨੂੰ ਸਾਹਮਣੇ ਜ਼ਰੂਰ ਲਿਆਏਗੀ ਭਾਵੇਂ ਉਸਨੂੰ ਇਸ ਲਈ ਕੁਝ ਵੀ ਸਹਿਣ ਕਰਨਾ ਪਵੇ । ਉਸਨੂੰ ਇਸ ਜਾਲ ਚ ਫਸਾਉਂਣ ਵਾਲੇ ਦੀਪ ਤੇ ਉਸਦੇ ਸਾਥੀਆਂ ਨੂੰ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਮਿਲ ਰਿਹਾ ਸੀ ਕਿ ਉਹ ਆਪਣੀ ਇਹ ਖੁਸ਼ੀ ਕਿਥੇ ਜਾ ਕੇ ਮਨਾਉਣ ਕਿਉਂਕਿ ਉਨਾਂ ਮਾੜੀ ਸੋਚ ਵਾਲੀਆਂ ਦੀ ਲਿਸਟ ਵਿੱਚ ਇਕ ਹੋਰ ਨਾਂਅ ਜੁੜ ਗਿਆ ਸੀ ਨਾਂਅ ਵੀ ਉਹ ਜਿਹੜਾ ਕਦੇ ਸਭ ਲਈ ਉਦਾਹਰਣ ਹੋਇਆ ਕਰਦਾ ਸੀ । ਪੂਰੇ 25 ਦਿਨ ਗੁਜਰਨ ਤੋਂ ਬਾਅਦ ਵੀ ਮੀਤ ਦੇ ਹੱਥ ਕੁੱਝ ਵੀ ਨਹੀਂ ਸੀ ਲੱਗਿਆ ਪਰ ਉਹ ਰੱਬ ਦੇ ਭਾਣੇ ਵਿੱਚ ਰਹਿਣ ਵਾਲੀ ਕੁੜੀ, ਸਮਾਂ ਕੱਢ ਕੇ ਹਰ ਰੋਜ ਗੁਰਦੁਆਰੇ ਅਰਦਾਸ ਕਰਨ ਜਰੂਰ ਜਾਦੀ ਸੀ ਤੇ ਰੱਬ ਅੱਗੇ ਹਮੇਸ਼ਾ ਇਹੋ ਅਰਦਾਸ ਕਰਦੀ ਸੀ ਕਿ ਪ੍ਰਮਾਤਮਾ ਜੇ ਕਿਤੇ ਸੱਚਾਈ ਜਿੰਦਾ ਹੈ ਤਾਂ ਮੇਰੇ ਤੇ ਲੱਗੇ ਝੂਠੇ ਕਲੰਕ ਨੂੰ ਧੋ ਦੇਵੀਂ ਨਹੀਂ ਤਾਂ ਸੱਚਾਈ ਦੀ ਮੌਤ ਹੁੰਦਿਆ ਖੁਦ ਹੀ ਵੇਖੇਗਾ । ਮੀਤ ਇਹ ਸਭ ਕੁੱਝ ਇਸ ਲਈ ਸਹਿਣ ਕਰ ਗਈ ਕਿਉਂਕਿ ਮੀਤ ਉਸ ਪ੍ਰਮਾਤਮਾ ਤੋਂ ਇਲਾਵਾ ਕਿਸੇ ਕੋਲੋ ਵੀ ਨਹੀਂ ਡਰਦੀ ਸੀ । ਉਹ ਝੂਠ ਤੇ ਝੂਠਿਆਂ ਨੂੰ ਸਬਕ ਸਿਖਾਉਂਣਾ ਚੰਗੀ ਤਰਾਂ ਜਾਣਦੀ ਸੀ । ਜੇਕਰ ਉਸ ਦੀ ਜਗ੍ਹਾ ਕੋਈ ਹੋਰ ਹੁੰਦਾ ਸਾਇਦ ਹਾਲਾਤਾਂ ਤੋਂ ਤੰਗ ਆ ਕੇ ਖੁਦਕੁਸ਼ੀ ਹੀ ਕਰ ਲੈਂਦਾ । ਹੁਣ ਸਿਰਫ ਚਾਰ ਦਿਨ ਹੀ ਬਾਕੀ ਰਹਿ ਗਏ ਸਨ ਉਸਨੂੰ ਆਪਣੀ ਸਫਾਈ ਪੇਸ਼ ਕਰਨ ਲਈ ਆਫਿਸ ਦਾ ਸਾਰਾ ਸਟਾਫ ਇਹੋ ਗੱਲਾਂ ਕਰਦੇ ਸਨ ਕਿ ਹੁਣ ਮੀਤ ਨੂੰ ਨੌਕਰੀ ਛੱਡਣੀ ਹੀ ਹੋਵੇਗੀ । ਪਰ ਮੀਤ ਤੇ ਚਿਹਰੇ ਤੇ ਹੁਣ ਵੀ ਕਿਸੇ ਤਰ੍ਹਾਂ ਦੀ ਕੋਈ ਉਦਾਸੀ ਨਜ਼ਰ ਹੀ ਨਹੀਂ ਆਉਂਦੀ ਸੀ । ਕਿਉਂਕਿ ਉਹ ਬਿਲਕੁਲ ਨਿਰਦੋਸ਼ ਸੀ ।
ਸ਼ਹਿਰ ਵਿੱਚ ਕੁੱਝ ਦਿਨਾਂ ਤੋਂ ਬਿਜਲੀ ਤੇ ਕੱਟ ਹੋਣ ਕਰਕੇ ਪਾਣੀ ਦੀ ਕਾਫੀ ਪਰੇਸ਼ਾਨੀ ਹੋ ਗਈ ਸੀ ਦੂਜੀਆਂ ਵਾਂਗ ਮੀਤ ਵੀ ਆਪਣੇ ਕੱਪੜੇ ਧੁਵਾਉਣ ਲਈ ਧੋਬੀਘਾਟ ਤੇ ਆਈ । ਉਹ ਆਪਣੇ ਕਪੜੇ ਧੋਬੀ ਨੂੰ ਦੇ ਕੇ ਵਾਪਿਸ ਜਾਣ ਹੀ ਲੱਗੀ ਸੀ ਉਸਨੇ ਉਥੇ ਦੀਪ ਨੂੰ ਦੇਖਿਆ ਜੋ ਮਾੜੀ ਸੋਚ ਰੱਖਣ ਵਾਲੀਆਂ ਦਾ ਪ੍ਰਧਾਨ ਸੀ ਜਿਨਾਂ ਦੀ ਬਦੌਲਤ ਉਸ ਉਪਰ ਝੂਠਾ ਕਲੰਕ ਲੱਗਾ ਸੀ । ਉਹ ਵੀ ਆਪਣੇ ਕੱਪੜੇ ਧਵਾਉਣ ਲਈ ਉਸੇ ਧੋਬੀਘਾਟ ਤੇ ਆਇਆ ਹੋਇਆ ਸੀ । ਉਸਨੇ ਵੀ ਆਪਣੇ ਕੱਪੜੇ ਉਸੇ ਧੋਬੀ ਨੂੰ ਦਿੱਤੇ ਜਿਨੂੰ ਮੀਤ ਨੇ ਦਿਤੇ ਸੀ ਜਦ ਦੋ ਦਿਨ ਬਾਅਦ ਮੀਤ ਆਪਣੇ ਕੱਪੜੇ ਵਾਪਿਸ ਲੈਣ ਆਈ ਤਾਂ ਧੋਬੀ ਦੀ ਗਲਤੀ ਨਾਲ ਦੀਪ ਦੀ ਇਕ ਕਮੀਜ ਮੀਤ ਦੇ ਕੱਪੜਿਆ ਵਿੱਚ ਚਲੀ ਗਈ । ਮੀਤ ਨੇ ਜਦ ਘਰ ਜਾ ਕੇ ਦੇਖਿਆ ਤਾਂ ਉਸਨੂੰ ਉਹ ਕਮੀਜ਼ ਬਾਰੇ ਪਤਾ ਲੱਗਾ ਕਿ ਇਹ ਕਮੀਜ਼ ਤਾਂ ਦੀਪ ਦੀ ਹੈ । ਜਦ ਉਸਨੇ ਕਮੀਜ਼ ਖੋਲ ਕੇ ਵੇਖੀ ਤਾਂ ਉਸਨੂੰ ਕਮੀਜ਼ ਦੀ ਜੇਬ ਵਿੱਚ ਕੁੱਝ ਕਾਗਜ ਨਜ਼ਰ ਆਏ । ਉਸਨੇ ਬਿਨਾਂ ਵੇਖੇ ਉਹ ਕਾਗਜ਼ ਆਪਣੇ ਪਰਸ ਵਿੱਚ ਪਾ ਲਏ ਤੇ ਸੋਚਿਆ ਕਿ ਸ਼ਾਇਦ ਇਹ ਦੀਪ ਕੇ ਕੋਈ ਜਰੂਰੀ ਕਾਗਜ਼ ਨਾ ਹੋਣ ਉਸਨੇ ਸੋਚਿਆ ਕਮੀਜ਼ ਤਾਂ ਦੀਪ ਨੂੰ ਕੱਲ ਵੀ ਦੇ ਦੇਵਾਂਗੀ ਪਰ ਕਾਗਜ ਅੱਜ ਹੀ ਵਾਪਿਸ ਕਰ ਦੇਵਾਂਗੀ ਕਿਉਂਕਿ ਕਿਤੇ ਕੋਈ ਜ਼ਰੂਰੀ ਕਾਗਜ ਨਾ ਹੋਣ । ਮੀਤ, ਦੀਪ ਤੇ ਉਸਦੇ ਦੋਸਤਾਂ ਦੀ ਸੱਚਾਈ ਬਾਰੇ ਜਾਣਦੀ ਸੀ ਪਰ ਸੱਚੇ ਇਨਸ਼ਾਨ ਕਦੇ ਵੀ ਕਿਸੇ ਨਾਲ ਅੱਖਾਂ ਮਿਲਾਉਣ ਤੋਂ ਨਹੀਂ ਡਰਦੇ ਸੱਚਾ ਇਨਸ਼ਾਨ ਅੱਖਾ ਝੁੱਕਾ ਕੇ ਨਹੀਂ ਸਗੋਂ ਸਿਰ ਉੱਚਾ ਕਰਕੇ ਹੀ ਜਿਉਂਦਾ ਹੈ ।
ਦਫ਼ਤਰ ਪਹੁੰਚ ਕੇ ਉਸਨੇ ਦੀਪ ਨੂੰ ਮਿਲਨ ਦੀ ਬਹੁਤ ਕੋਸ਼ਿਸ਼ ਕੀਤੀ ਤੇ ਗੱਲ ਕਰਨੀ ਚਾਹੀ ਪਰ ਦੀਪ ਨੇ ਆਪਣੇ ਦੋਸਤਾਂ ਵਿੱਚ ਖੜ੍ਹੇ ਉਸਦੀ ਕੋਈ ਵੀ ਗੱਲ ਨਾ ਸੁਣੀ ਤੇ ਉਲਟਾ ਉਸਦੀ ਖੂਬ ਬੇਇਜ਼ਤੀ ਕੀਤੀ । ਉਸਨੇ ਕਿਹਾ ਕਿ ਮੈਂ ਨਸ਼ੇੜੀਆਂ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦਾ । ਮੀਤ ਵਿਚਾਰੀ ਰੋਦੀਂ ਹੋਈ ਆਪਣੇ ਕੈਬਿਨ ਵਿੱਚ ਵਾਪਿਸ ਆ ਗਈ । ਉਸ ਦਿਨ ਉਸਨੇ ਪ੍ਰਮਾਤਮਾ ਨੂੰ ਬਹੁੱਤ ਕੋਸਿਆ ਕਿ ਸੱਚਾਈ ਨੂੰ ਇਨ੍ਹੇ ਧੱਕੇ ਕਿਉਂ ਦਵਾ ਰਿਹਾ ਰੱਬਾ ਉਸ ਦਿਨ ਮੀਤ ਦੇ ਸਬਰ ਦਾ ਬੰਨ ਟੁੱਟ ਹੀ ਗਿਆ ਸੀ ਪਰ ਫਿਰ ਵੀ ਉਹ ਆਪਣੀ ਸੱਚਾਈ ਤੇ ਕਾਇਮ ਸੀ । ਛੁੱਟੀ ਤੋਂ ਬਾਅਦ ਰੋਜ ਦੀ ਤਰਾਂ ਉਹ ਆਪਣੇ ਸਮੇਂ ਨਾਲ ਗੁਰਦੁਆਰੇ ਪਹੁੰਚ ਗਈ ਤੇ ਗੁਰਦੁਆਰੇ ਲਈ ਪ੍ਰਸ਼ਾਦ ਲੈਣ ਲਈ ਉਸਨੇ ਆਪਣੇ ਪਰਸ ਵਿਚੋਂ ਪੈਸੇ ਕੱਢਣ ਲੱਗੀ ਤਾਂ ਉਹ ਕਾਗਜ ਜੋ ਦੀਪ ਦੀ ਕਮੀਜ਼ ਚੋਂ ਨਿਕਲਿਆ ਸੀ ਉਹ ਥੱਲੇ ਡਿੱਗ ਪਿਆ । ਉਸ ਵਿਚਾਰੀ ਨੇ ਸੋਚਿਆ ਚਲੋਂ ਚੁੱਕ ਲੈਂਦੀ ਸਾਇਦ ਕਿਸੇ ਦਿਨ ਦੀਪ ਨੂੰ ਯਾਦ ਆਈ ਤਾਂ ਉਹ ਉਸਨੂੰ ਜਰੂਰ ਵਾਪਿਸ ਕਰ ਦੇਵੇਗੀ । ਜਦ ਜ਼ਮੀਨ ਤੋਂ ਕਾਗਜ ਚੁੱਕਿਆ ਤਾਂ ਉਸਦੀ ਨਜ਼ਰ ਉਸ ਕਾਗਜ ਤੇ ਕਾਫੀ ਦੇਰ ਟਿਕੀ ਰਹੀ ਕਿਉਂਕਿ ਉਹ ਕਾਗਜ ਨਹੀਂ ਸੀ ਉਹ ਤਾਂ ਉਸਦੀ ਬੇਗੁਨਾਹੀ ਦਾ ਸਬੂਤ ਸੀ । ਉਹ ਕਾਗਜ ਉਨਾਂ ਦਵਾਈਆਂ ਦਾ ਬਿੱਲ ਸੀ ਜਿਨਾਂ ਨਸ਼ੀਲੀਆਂ ਦਵਾਈਆਂ ਰੱਖਣ ਦਾ ਦੋਸ਼ ਉਸ ਉਪਰ ਲੱਗਿਆ ਸੀ । ਉਸਨੇ ਜਦ ਗੌਰ ਨਾਲ ਵੇਖਿਆ ਦਾ ਉਹ ਬਿੱਲ ਦੀਪ ਦੇ ਨਾਂਅ ਦਾ ਕੱਟਿਆ ਹੋਇਆ ਸੀ ।
ਰੱਬ ਤੇ ਯਕੀਨ ਰੱਖਣ ਵਾਲੀ ਮੀਤ ਦੀ ਫਰਿਆਦ ਉਸ ਪ੍ਰਮਾਤਮਾ ਨੇ ਨੇੜੇ ਹੋ ਕੇ ਸੁਣ ਲਈ ਸੀ । ਸਭ ਤੋਂ ਪਹਿਲਾਂ ਮੀਤ ਨੇ ਗੁਰਦੁਆਰੇ ਪ੍ਰਸਾਦ ਚੜ੍ਹਾਇਆ ਤੇ ਮੱਥਾ ਟੇਕਨ ਤੋਂ ਬਾਅਦ ਉਸਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਲੱਖ-ਲੱਖ ਵਾਰ ਸ਼ੁਕਰ ਮਨਾਇਆ । ਫਿਰ ਉਸ ਬਿੱਲ ਦੀ ਪੁਸਟੀ (ਸੱਚਾਈ) ਕਰਨ ਲਈ ਉਹ ਉਸੇ ਮੈਡੀਕਲ ਸਟੋਰ ਤੇ ਗਈ ਜਿਥੋਂ ਇਹ ਬਿੱਲ ਮਹੀਨਾ ਪਹਿਲਾਂ ਉਸੇ ਦਿਨ ਦਾ ( ਜਿਸ ਦਿਨ ਉਸਤੇ ਇਹ ਦੋਸ ਲੱਗਾ ਸੀ ) ਕੱਟਿਆ ਹੋਇਆ ਸੀ । ਪੂਰਾ ਸਪੱਸ਼ਟੀਕਰਨ ਹੋਣ ਤੋਂ ਬਾਅਦ ਮੀਤ ਉਸ ਬਿੱਲ ਨੂੰ ਲੈ ਕੇ ਆਪਣੀ ਕੰਪਨੀ ਦੇ ਡਾਇਰੈਕਟਰ ਕੋਲ ਪਹੁੰਚ ਗਈ ਤੇ ਸਾਰੀ ਕਹਾਣੀ ਬਿਆਨ ਕਰ ਦਿੱਤੀ । ਫਿਰ ਕਿ ਸੀ ਸਭ ਤੋਂ ਪਹਿਲਾਂ ਕੰਪਨੀ ਦੇ ਡਾਇਰੈਕਟਰ ਤੇ ਮੈਨੇਜਰ ਨੇ ਦੋਵੇਂ ਹੱਥ ਜੋੜ ਮੀਤ ਕੋਲੋਂ ਮਾਫ਼ੀ ਮੰਗੀ ਤੇ ਅਗਲੇ ਦਿਨ ਦੀਪ ਦੇ ਉਸਦੇ ਗੈਂਗ ਜਾਣੀ ਮਾੜੀ ਸੋਚ ਵਾਲੀਆਂ ਨੂੰ ਸਾਰੇ ਸਟਾਫ ਦੇ ਸਾਹਮਣੇ ਮੀਤ ਤੋਂ ਮਾਫੀ ਮੰਗਵਾਈ ਤੇ ਉਨਾਂ ਅਸਲੀ ਦਾਗੀ ਤੇ ਨਸ਼ੇੜਿਆ ਨੂੰ ਆਪਣੀ ਕੰਪਨੀ ਚੋ ਬਾਹਰ ਕੱਢ ਦਿੱਤਾ । ਇਸ ਤਰ੍ਹਾਂ ਰੱਬ ਤੇ ਸੱਚਾਈ ਤੇ ਵਿਸ਼ਵਾਸ ਰੱਖਣ ਵਾਲੀ ਮੀਤ ਦੀ ਬੇਗੁਨਾਹੀ ਸਾਰਿਆਂ ਦੇ ਸਾਹਮਣੇ ਆਈ ਤੇ ਉਹ ਸਾਰੇ ਉਸ ਅੱਗੇ ਬਹੁਤ ਸਰਮਿੰਦਾ ਹੋਏ ਤੇ ਸਾਰਿਆਂ ਦਾ ਪਿਆਰ ਪ੍ਰਮਾਤਮਾ ਨੇ ਫਿਰ ਉਸਦੀ ਝੋਲੀ ਵਿੱਚ ਪਾ ਦਿੱਤਾ ।
ਇਸ ਤਰਾਂ ਨਾਲ ਸੱਚਾਈ ਤੇ ਜਿੱਤ ਹੋਈ ਤੇ ਝੂੱਠ ਦਾ ਮੂੰਹ ਕਾਲਾ ਹੋ ਗਿਆ । ਇਸ ਲਈ ਸਾਨੂੰ ਹਮੇਸਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ । ਦੋਸਤੋ ਜੇ ਮੀਤ ਵੀ ਬੇਇਜ਼ਤੀ ਦੇ ਡਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਦੀਂ ਤਾਂ ਉਸਦੀ ਮੌਤ ਦੇ ਨਾਲ ਨਾਲ ਉਸਦੀ ਬੇਗੁਨਾਹੀ ਦੀ ਵੀ ਮੌਤ ਹੋ ਜਾਣੀ ਸੀ । ਮੌਤ ਤੋਂ ਬਾਅਦ ਉਸ ਉਪਰ ਲੱਗੇ ਦੋਸ ਹਮੇਸਾ ਲਈ ਉਸਦੇ ਨਾਂਅ ਨਾਲ ਜੁੜ ਜਾਂਦੇਂ ਹਨ । ਜੇਕਰ ਅਸੀਂ ਖੁਦਕੁਸ਼ੀ ਦੀ ਥਾਂ ਜਿਉਦੇਂ ਰਹਿ ਕੇ ਆਪਣੀ ਗਲਤੀ ਦਾ ਅਹਿਸਾਸ ਕਰੀਏ ਤਾਂ ਸਾਨੂੰ ਕਿਸੇ ਨੁੂੰ ਵੀ ਖੁਦਕੁਸ਼ੀ ਜਾਂ ਆਤਮ ਹੱਤਿਆਂ ਕਰਨ ਦੀ ਨੌਬਤ ਕਦੇ ਵੀ ਨਹੀਂ ਆਏਗੀ । ਖੁਦਕੁਸ਼ੀ ਬੁਜੱਦਿਲ ਇਨਸ਼ਾਨ ਕਰਦੇ ਹਨ ਖੁਦਕੁਸ਼ੀ ਪਾਪ ਹੈ । ਇਸ ਲਈ ਸਾਨੂੰ ਕਦੇ ਵੀ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਸਗੋ ਸੱਚ ਦੇ ਰਸਤੇ ਤੇ ਚੱਲਦੇ ਰਹਿੰਣਾ ਚਾਹੀਦਾ । ਸੱਚੇ ਇਨਸ਼ਾਨ ਨੂੰ ਜੀਣ ਵਿੱਚ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਪਰ ਸੱਚਾ ਇਨਸ਼ਾਨ ਹਾਰ ਕੇ ਵੀ ਜਿੱਤ ਜਾਂਦਾ ਹੈ —– ਆਮੀਨ !
ਸਵਿੰਦਰ ਸਿੰਘ ਭੱਟੀ
ਮੋਬਾਇਲ – 9872989193
..............0................
Comments (0)
Facebook Comments (0)