
ਬੇਟੇ ਨੂੰ ਬਚਾਉਣ ਟੋਏ ’ਚ ਉਤਰੀ ਗਰਭਵਤੀ ਮਾਂ, ਦੋਵਾਂ ਦੀ ਮੌਤ
Thu 30 May, 2019 0
ਗੁਰਦਾਸਪੁਰ:
ਗੁਰਦਾਸਪੁਰ ’ਚ ਅੱਜ ਸ਼ਾਮ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਜਾਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਗਰਭਵਤੀ ਮਾਂ ਤੇ ਉਸ ਦੇ ਢਾਈ ਸਾਲਾਂ ਬੇਟੇ ਦੀ ਮੌਤ ਹੋ ਗਈ। ਦਰਅਸਲ, ਦੋਵਾਂ ਦੀ ਮੌਤ ਪਾਣੀ ਨਾਲ ਭਰੇ ਇਕ ਟੋਏ ਵਿਚ ਡਿੱਗ ਜਾਣ ਨਾਲ ਹੋਈ ਹੈ। ਔਰਤ ਦੇ ਪਤੀ ਦੀ ਵੀ ਮੌਤ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ। ਹੁਣ ਔਰਤ ਤੇ ਉਸ ਦੇ ਬੇਟੇ ਦੀ ਮੌਤ ਤੋਂ ਬਾਅਦ ਪਰਵਾਰ ਵਿਚ ਸਿਰਫ਼ ਡੇਢ ਸਾਲਾਂ ਦੀ ਇਕ ਮਾਸੂਮ ਬੱਚੀ ਹੀ ਰਹਿ ਗਈ ਹੈ।
ਜਾਣਕਾਰੀ ਦਿੰਦਿਆਂ ਉਕਤ ਮ੍ਰਿਤਕ ਔਰਤ ਦੀ ਭਾਬੀ ਰੇਖਾ ਤੇ ਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਨਨਾਣ ਮਨਜੀਤ ਕੌਰ ਸ਼ਹਿਜ਼ਾਦਾ ਨੰਗਲ ਮੁਹੱਲੇ ਵਿਚ ਰਹਿੰਦੀ ਹੈ, ਜੋ ਦਿਮਾਗੀ ਤੌਰ ’ਤੇ ਥੋੜੀ ਕਮਜ਼ੋਰ ਸੀ। ਉਸ ਦੇ ਪਤੀ ਦੀ ਮੌਤ ਵੀ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ। ਇਸ ਔਰਤ ਦਾ ਇਕ ਢਾਈ ਸਾਲਾਂ ਬੇਟਾ ਸੋਨੂੰ ਸੀ ਤੇ ਡੇਢ ਸਾਲਾਂ ਬੇਟੀ ਹੈ।
ਅੱਜ ਦੁਪਹਿਰ ਬਾਅਦ 3 ਵਜੇ ਦੇ ਲਗਭੱਗ ਜਦੋਂ ਉਸ ਦਾ ਬੇਟਾ ਸੋਨੂੰ ਰੇਲਵੇ ਸਟੇਸ਼ਨ ਵੱਲ ਨੂੰ ਆ ਗਿਆ, ਜਿੱਥੇ ਰੇਲਵੇ ਵਲੋਂ ਕੁਆਟਰਾਂ ਦੀ ਉਸਾਰੀ ਲਈ ਪੁੱਟੇ ਗਏ ਇਕ ਟੋਏ ਵਿਚ ਉਹ ਡਿੱਗ ਪਿਆ। ਬੇਟੇ ਨੂੰ ਬਚਾਉਣ ਲਈ ਮਨਜੀਤ ਨੇ ਵੀ ਟੋਏ ਵਿਚ ਛਾਲ ਮਾਰ ਦਿਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
Comments (0)
Facebook Comments (0)