
ਬਰਨਾਰਡ ਅਰਨਾਲਟ ਬਣੇ ਦੁਨੀਆਂ ਦੇ ਦੂਜੇ ਅਮੀਰ ਵਿਅਕਤੀ
Wed 17 Jul, 2019 0
ਵਾਸ਼ਿੰਗਟਨ :
ਪਿਛਲੇ 7 ਸਾਲ 'ਚ ਕਦੇ ਅਜਿਹਾ ਨਹੀਂ ਹੋਇਆ ਕਿ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਬਿਲ ਗੇਟਸ ਦੂਜੇ ਨੰਬਰ ਤੋਂ ਹੇਠਾਂ ਖਿਸਕੇ ਹੋਣ। ਪਿਛਲੇ ਮਹੀਨੇ ਹੀ ਟਾਪ-3 'ਚ ਪੁੱਜੇ ਬਰਨਾਰਡ ਅਰਨਾਲਟ ਨੇ ਇਹ ਕਰ ਵਿਖਾਇਆ। ਬਲੂਮਬਰਗ ਬਿਲੇਨੀਅਰ ਇੰਡੈਕਸ 'ਚ ਬਿਲ ਗੇਟ ਤੀਜੇ ਨੰਬਰ 'ਤੇ ਖਿਸਕ ਗਏ ਹਨ ਅਤੇ ਬਰਨਾਰਡ ਸੂਚੀ 'ਚ ਦੂਜੇ ਨੰਬਰ 'ਤੇ ਆ ਗਏ ਹਨ। ਸੂਚੀ 'ਚ ਸ਼ਾਮਲ ਅਮੀਰਾਂ 'ਚ 13ਵੇਂ ਨੰਬਰ 'ਤੇ ਭਾਰਤ ਦੇ ਮੁਕੇਸ਼ ਅੰਬਾਨੀ ਹਨ।
ਬਰਨਾਰਡ ਅਰਨਾਲਟ (70) ਦੀ ਲਗਜ਼ਰੀ ਗੁਡਸ ਕੰਪਨੀ ਐਲ.ਵੀ.ਐਮ.ਐਚ. ਦੇ ਚੇਅਰਮੈਨ ਤੇ ਸੀਈਓ ਹਨ ਅਤੇ ਫ਼ਰਾਂਸ 'ਚ ਰਹਿੰਦੇ ਹਨ। ਉਨ੍ਹਾਂ ਦੀ ਨੈਟਵਰਥ 107.6 ਅਰਬ ਡਾਲਰ ਤਕ ਪਹੁੰਚ ਗਈ ਹੈ, ਜੋ ਮਾਈਕ੍ਰੋਸਾਫ਼ਟ ਦੇ ਕੋ-ਫ਼ਾਊਂਡਰ ਬਿਲ ਗੇਟਸ ਦੀ ਨੈਟਵਰਥ ਤੋਂ 200 ਮਿਲੀਅਨ ਵੱਧ ਹੈ। ਬਲੂਮਬਰਗ ਮੁਤਾਬਕ ਅਰਨਾਲਟ ਨੇ ਇਕੱਲੇ ਸਾਲ 2019 'ਚ ਆਪਣੀ ਨੈਟਵਰਥ 'ਚ 39 ਅਰਬ ਡਾਲਰ ਜੋੜੇ ਹਨ। ਬਲੂਮਬਰਗ ਦੀ ਸੂਚੀ 'ਚ ਸ਼ਾਮਲ 500 ਅਮੀਰਾਂ 'ਚ ਇਕੱਲੇ ਅਰਨਾਲਟ ਹੀ ਹਨ, ਜਿਨ੍ਹਾਂ ਨੇ ਘੱਟ ਸਮੇਂ 'ਚ ਆਪਣੀ ਨੈਟਵਰਥ 'ਚ ਇੰਨਾ ਜ਼ਿਆਦਾ ਵਾਧਾ ਕੀਤਾ ਹੈ।
ਟਾਪ-3 'ਚ ਅਮੇਜ਼ਨ ਦੇ ਮਾਲਕ ਜੇਫ਼ ਬੇਜੋਸ ਪਹਿਲੇ, ਬਰਨਾਰਡ ਅਰਨਾਲਟ ਦੂਜੇ ਅਤੇ ਬਿਲ ਗੇਟਸ ਤੀਜੇ ਨੰਬਰ 'ਤੇ ਹਨ। ਪਿਛਲੇ ਮਹੀਨੇ ਹੀ ਅਰਨਾਲਟ 100 ਅਰਬ ਡਾਲਰ ਤੋਂ ਵੱਧ ਦੀ ਨੈਟਵਰਥ ਵਾਲਿਆਂ ਦੀ ਸੂਚੀ 'ਚ ਸ਼ਾਮਲ ਹੋਏ ਸਨ। ਇਸੇ ਸਾਲ ਅਪ੍ਰੈਲ ਮਹੀਨੇ 'ਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ 12ਵੀਂ ਸਦੀ ਦੀ ਮਸ਼ਹੂਰ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਅੱਗ ਲੱਗ ਗਈ ਸੀ। ਲਗਭਗ 850 ਸਾਲ ਪੁਰਾਣੀ ਇਸ ਚਰਚ ਵਿਚ ਲੱਕੜ ਦਾ ਕੰਮ ਜ਼ਿਆਦਾ ਸੀ। ਇਸੇ ਕਾਰਨ ਅੱਗ ਤੇਜ਼ੀ ਨਾਲ ਫੈਲੀ ਸੀ। ਚਰਚ ਦੀ ਮੁੜ ਉਸਾਰੀ ਲਈ ਬਰਨਾਰਡ ਅਰਨਾਲਟ ਤੇ ਉਨ੍ਹਾਂ ਦੇ ਪਰਵਾਰ ਨੇ 20 ਕਰੋੜ ਯੂਰੋ ਦੇਣ ਦਾ ਐਲਾਨ ਕੀਤਾ ਸੀ।
ਦੁਨੀਆਂ ਦੇ ਟਾਪ-5 ਅਮੀਰ :
- ਜੇਫ਼ ਬੇਜੋਸ, ਅਮੇਜਨ (ਅਮਰੀਕਾ)
- ਬਰਨਾਰਡ ਅਰਨਾਲਟ, ਐਲਵੀਐਮਐਚ (ਫ਼ਰਾਂਸ)
- ਬਿਲ ਗੇਟਸ, ਮਾਈਕ੍ਰੋਸਾਫ਼ਟ (ਅਮਰੀਕਾ)
- ਵਾਰੇਨ ਬਫ਼ੇ, ਬਰਕਸ਼ਾਇਰ ਹੈਥਵੇ (ਅਮਰੀਕਾ)
- ਮਾਰਕ ਜ਼ਕਰਬਰਗ, ਫ਼ੇਸਬੁਕ (ਅਮਰੀਕਾ)
Comments (0)
Facebook Comments (0)