ਪੰਜਾਬ ਦੇ ਧੂਰੀ ਸ਼ਹਿਰ ਦਾ ਵਿਸ਼ਾਲ ਸ਼ਰਮਾ ਇੰਟਰਨੈਸ਼ਨਲ ਫਾਈਟਰ ਲੀਗ ਦਾ ਚਮਕਦਾ ਸਿਤਾਰਾ
Sun 24 Jun, 2018 0ਪੰਜਾਬ ਹਮੇਸ਼ਾਂ ਤੋਂ ਹੀ ਖੇਡਾਂ ਦੇ ਮਾਮਲੇ ਵਿੱਚ ਮੋਹਰੀ ਰਿਹਾ ਹੈ, ਪੰਜਾਬ ਨੇ ਕੱਬਡੀ, ਹਾਕੀ , ਕੁਸ਼ਤੀ ਆਦਿ ਵਿੱਚ ਵਿਸ਼ਵਪੱਧਰ ਤੇ ਖਿਡਾਰੀ ਦਿੱਤੇ ਹਨ ਅਤੇ ਦੇਸ਼ ਦਾ ਨਾਂ ਹਮੇਸ਼ਾਂ ਚਮਕਾਇਆ ਹੈ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿਸ਼ਾਲ ਸ਼ਰਮਾ ਇੰਟਰਨੈਸ਼ਨਲ ਫਾਈਟਰ ਲੀਗ ਵਿੱਚ ਆਪਣੀ ਵੱਖਰੀ ਹੋਂਦ ਸਥਾਪਿਤ ਕੀਤੀ ਹੈ। ਵਿਸ਼ਾਲ ਸ਼ਰਮਾ ਧੂਰੀ ਦਾ ਰਹਿਣ ਵਾਲਾ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੀਆਂ ਫਾਈਟ ਲੀਗ ਵਿੱਚ ਇੱਕ ਚਮਕਦਾ ਸਿਤਾਰਾ ਬਣ ਕੇ ਉੱਭਰ ਰਿਆ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਮੁੰਬਈ ਦੇ ਬਾਂਦਰਾ ਦੇ ਸਪੋਰਟਸ ਕੰਪਲੈਕਸ ਵਿੱਚ ਹੋਈ ਨੈਸ਼ਨਲ ਪੱਧਰ ਦੀ ਮਿਕਸ ਮਾਰਸ਼ਲ ਆਰਟਸ ਵਿੱਚ ਵਿਸ਼ਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਸ਼ਾਲ ਦਾ ਮੁਕਾਬਲਾ ਮਹਾਰਾਸ਼ਟਰ ਦੇ ਕਬੀਰ ਨਾਲ ਸੀ ਜੋ ਕਿ ਹੈਵੀ ਵੇਟ ਵਿੱਚ ਖੇਡਦਾ ਹੈ, ਪਰ ਵਿਸ਼ਾਲ ਦਾ ਵਜ਼ਨ ਘੱਟ ਹੋਣ ਦੇ ਬਾਵਜੂਦ ਜੋ ਕਿ 68 ਕਿੱਲੋ ਹੈ ਉਹ ਹੈਵੀ ਵੇਟ ਖੇਡਿਆ ਉਸਨੇ 76 ਕਿੱਲੋ ਦੇ ਕਬੀਰ ਨੂੰ ਹਰਾਇਆ। ਇਸਤੋਂ ਵੀ ਜ਼ਿਆਦਾ ਹੈਰਾਨੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕਬੀਰ ਵਿਸ਼ਾਲ ਦੇ ਸਾਹਮਣੇ 50 ਸਕਿੰਟਾਂ ਵਿੱਚ ਹੀ ਢਹਿ-ਢੇਰੀ ਹੋ ਗਿਆ। ਇਸ ਮੁਕਾਬਲੇ ਵਿੱਚ ਜਿੱਤ ਹਾਸਿਲ ਕਰਨ ਨਾਲ ਵਿਸ਼ਾਲ ਭਾਰਤ ਦੇ 40 ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਹੁਣ ਮਿਕਸਡ ਮਾਰਸ਼ਲ ਆਰਟਸ ਉਸਨੂੰ ਟ੍ਰੇਨਿੰਗ ਲਈ ਆਇਰਲੈਂਡ ਲੈ ਕੇ ਜਾਵੇਗਾ ਅਤੇ ਇੰਟਰਨੈਸ਼ਨਲ ਪੱਧਰ ਤੇ ਲਾਂਚ ਕਰੇਗਾ।
ਇਸਤੋਂ ਪਹਿਲਾਂ ਵਿਸ਼ਾਲ ਵਿਦੇਸ਼ਾਂ ਵਿੱਚ ਹੋਈਆਂ ਵੱਖ-ਵੱਖ ਚੈਂਪੀਅਨ ਲੀਗ ਵਿੱਚ ਹਿੱਸਾ ਲੈ ਕੇ ਭਾਰਤ ਦਾ ਨਾਮ ਚਮਕਾ ਚੁੱਕਾ ਹੈ। 2015 ਵਿੱਚ ਦੱਖਣੀ ਕੋਰੀਆ ਵਿੱਚ ਹੋਈ ਏਸ਼ੀਆਈ ਥੈਂਗਟਾ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅਗਵਾਹੀ ਕੀਤੀ ਅਤੇ ਸੋਨ ਤਗਮਾ ਹਾਸਿਲ ਕੀਤਾ। ਇਸੇ ਤਰਾਂ ਫਿਲਪੀਨ ਵਿੱਚ ਹੋਈ ਐੱਮ.ਐੱਮ.ਏ ਪ੍ਰਤੀਯੋਗਤਾ ਵਿੱਚ ਬੈਸਟ ਫਾਈਟਰ ਦਾ ਖ਼ਿਤਾਬ ਜਿਤਿਆ। ਸਾਲ 2018 ਵਿੱਚ ਕਲਕੱਤਾ ਵਿਖੇ ਹੋਈ ਐੱਮ. ਐੱਮ. ਏ ਫਾਈਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਵਿਸ਼ਾਲ ਦੇ ਪਿਤਾ ਰਤਨਪਾਲ ਸ਼ਰਮਾ ਜੀ ਆਪਣੇ ਬੇਟੇ ਦੀ ਇਸ ਕਾਰਗੁਜਾਰੀ ਤੋਂ ਬਹੁਤ ਜਿਆਦਾ ਖੁਸ਼ ਹਨ ਅਤੇ ਉਹ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਪੁੱਤ ਪੰਜਾਬ ਅਤੇ ਭਾਰਤ ਦਾ ਨਾਂ ਵਿਸ਼ਵਪੱਧਰ ਤੇ ਉਚਾ ਕਰ ਰਿਹਾ ਹੈ। ਉਹ ਉਮੀਦ ਕਰਦੇ ਹਨ ਕਿ ਵਿਸ਼ਾਲ ਇਸੇ ਤਰਾਂ ਮਿਹਨਤ ਕਰਦਾ ਰਹੇਗਾ ਅਤੇ ਇੱਕ ਦਿਨ ਉਸ ਮੁਕਾਮ ਨੂੰ ਜਰੂਰ ਹਾਸਿਲ ਕਰੇਗਾ ਜਿਸਦੇ ਸੁਪਨੇ ਉਸਨੇ ਸਜਾਏ ਹੋਏ ਹਨ। ਵਿਸ਼ਾਲ ਨੇ ਦੱਸਿਆ ਕਿ ਉਹ ਬਹੁਤ ਸਖਤ ਮਿਹਨਤ ਕਰ ਰਿਹਾ ਹੈ ਕਿਉਂਕਿ ਉਹ ਯੂ. ਐਸ. ਏ ਵਿੱਚ ਹੋਣ ਵਾਲੀ ਮਿਕਸਡ ਮਾਰਸ਼ਲ ਆਰਟ ਫਾਈਟ ਵਿੱਚ ਜਿੱਤ ਹਾਸਿਲ ਕਰਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਜੋ ਕਿ ਉਸਨੂੰ ਯਕੀਨ ਹੈ ਕਿ ਉਹ ਜਰੂਰ ਕਰੇਗਾ। ਵਿਸ਼ਾਲ ਫਾਈਟ ਟ੍ਰੇਨਿੰਗ ਦੇ ਨਾਲ ਨਾਲ ਆਪਣੀ ਪੜਾਈ ਵੀ ਕਰ ਰਿਹਾ ਹੈ। ਉਹ ਮੋਹਾਲੀ ਵਿੱਚ ਮੁੰਡਿਆਂ ਨੂੰ ਕਰਾਟੇ, ਮਾਰਸ਼ਲ ਆਰਟਸ ਅਤੇ ਮੁੱਕੇਬਾਜੀ ਆਦਿ ਦੀ ਸਿਖਲਾਈ ਦੇਂਦਾ ਹੈਂ ਅਤੇ ਕੁੜੀਆਂ ਨੂੰ ਆਤਮ ਰੱਖਿਆ ਦੇ ਗੁਰ ਸਿਖਾਉਂਦਾ ਹੈ।
ਵਿਸ਼ਾਲ ਦੀ ਜ਼ਿੰਦਗੀ ਬਹੁਤ ਚੁਣੌਤੀਆਂ ਭਰਪੂਰ ਹੈ ਪਰ ਉਹ ਸਭ ਚੁਣੌਤੀਆਂ ਨਾਲ ਲੜਦਾ ਹੋਇਆ ਅੱਗੇ ਵੱਧ ਰਿਹਾ ਹੈ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ।
Comments (0)
Facebook Comments (0)