ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਵਿਅਕਤੀਆਂ ਲਈ ਦਸ ਫੀਸਦੀ ਰਾਖਵੇਂਕਰਨ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ- ਡਿਪਟੀ ਕਮਿਸ਼ਨਰ

ਆਰਥਿਕ ਤੌਰ ’ਤੇ ਕਮਜ਼ੋਰ  ਵਰਗ ਦੇ ਵਿਅਕਤੀਆਂ ਲਈ ਦਸ ਫੀਸਦੀ ਰਾਖਵੇਂਕਰਨ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ- ਡਿਪਟੀ ਕਮਿਸ਼ਨਰ

ਤਰਨ ਤਾਰਨ, 31 ਮਈ :

ਸਰਕਾਰ ਵੱਲੋਂ ਆਮ ਵਰਗ ਦੇ ਆਰਥਿਕ ਤੌਰ ’ਤੇ ਕਮਜ਼ੋਰ  (ਈ. ਡਬਲਿਊ. ਐੱਸ.) ਵਿਅਕਤੀਆਂ ਲਈ 10 ਫੀਸਦੀ ਰਾਖਵੇਂਕਰਨ ਦੇ ਫੈਸਲੇ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਜ਼ਰੂਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਸਰਕਾਰ  ਅਧੀਨ ਆਉਦੀਆਂ ਅਸਾਮੀਆਂ ਵਿਚ ਨਿਯੁਕਤੀ/ਵਿੱਦਿਅਕ ਅਦਾਰਿਆਂ ਵਿਚ ਦਾਖ਼ਲੇ ਲਈ ਆਮਦਨ ਸਰਟੀਫਿਕੇਟ ਜਾਰੀ ਕਰਾਉਣ ਲਈ ਸਵੈ-ਘੋਸ਼ਣਾ ਪੱਤਰ, ਰਿਹਾਇਸ਼ ਦਾ ਸਬੂਤ, ਸ਼ਨਾਖ਼ਤ ਦਾ ਸਬੂਤ (ਸਾਰੇ ਜ਼ਰੂਰੀ), ਰਿਹਾਇਸ਼ੀ ਫਲੈਟ ਸਬੰਧੀ ਰਜਿਸਟਰੀ/ਅਲਾਟਮੈਂਟ ਦੀ ਕਾਪੀ, ਪਲਾਟ ਸਬੰਧੀ ਰਜਿਸਟਰੀ/ਅਲਾਟਮੈਂਟ ਦੀ ਕਾਪੀ, ਖੇਤੀਬਾੜੀ ਦੀ ਜ਼ਮੀਨ ਸਬੰਧੀ ਫਰਦ, ਰਜਿਸਟਰੀ ਦੀ ਕਾਪੀ ਆਦਿ ਦਸਤਾਵੇਜ਼ ਲੋੜੀਂਦੇ ਹੁੰਦੇ ਹਨ।  

ਉਨਾਂ ਦੱਸਿਆ ਕਿ ਰਾਖਵੇਂਕਰਨ ਲਈ ਅਪਲਾਈ ਕਰਨ ਮੌਕੇ ਪਰਿਵਾਰ ਦੇ ਰੂਪ ਵਿਚ ਜਿਹੜੇ ਜੀਆਂ ਨੂੰ ਮਾਨਤਾ ਮਿਲੀ ਹੈ, ਉਸ ਵਿਚ ਬਿਨੈਕਾਰ, ਉਸ ਦੇ ਮਾਤਾ-ਪਿਤਾ ਤੇ 18 ਸਾਲ ਦੀ ਉਮਰ ਤੋਂ ਘੱਟ ਭੈਣ/ਭਰਾ, ਉਸ ਦੇ ਪਤੀ/ਪਤਨੀ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਸਾਰੇ ਵਸੀਲਿਆਂ ਤੋਂ ਬਿਨੈਕਾਰ ਤੇ ਉਸ ਦੇ ਪਰਿਵਾਰ ਦੀ ਪਿਛਲੇ ਇੱਕ ਵਿੱਤੀ ਸਾਲ ਦੀ ਸਾਲਾਨਾ ਆਮਦਨ ਜਿਵੇਂ ਤਨਖਾਹ, ਖੇਤੀਬਾੜੀ, ਕਾਰੋਬਾਰ, ਕਿੱਤਾ ਤੇ ਵਿਆਜ ਆਦਿ ਸ਼ਾਮਲ ਕੀਤਾ ਗਿਆ ਹੈ। ਸਾਰੇ ਭਾਰਤ ਵਿੱਚ ਬਿਨੈਕਾਰ ਤੇ ਉਸ ਦੇ ਪਰਿਵਾਰ ਦੀ ਜ਼ਮੀਨ/ਜਾਇਦਾਦ ਦੁਆਰਾ ਵੱਖ-ਵੱਖ ਥਾਵਾਂ ਵਿੱਚ ਜ਼ਮੀਨ/ਜਾਇਦਾਦ/ਫਲੈਟ ਨੂੰ ਜੋੜ ਦਿੱਤਾ ਗਿਆ ਹੈ। ਇਨਾਂ ਮੱਦਾਂ ਨੂੰ ਜੋੜ ਕੇ ਪਰਿਵਾਰ ਦੀ ਆਮਦਨ 8 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਪਰੋਕਤ ਜਾਣਕਾਰੀ ਸਵੈ-ਘੋਸ਼ਣਾ ਪੱਤਰ ਵਿੱਚ ਦਰਜ ਕਰਨੀ ਹੁੰਦੀ ਹੈ। ਉਨਾਂ ਦੱਸਿਆ ਕਿ ਰਾਖਵੇਂਕਰਨ ਦਾ ਲਾਭ ਲੈਣ ਲਈ ਆਮਦਨ ਸਰਟੀਫਿਕੇਟ ਤਹਿਸੀਲਦਾਰ ਜਾਂ ਉਸ ਤੋਂ ਉਚ ਅਹੁਦੇ ਦਾ ਅਧਿਕਾਰੀ ਜਾਰੀ ਕਰਨ ਲਈ ਅਧਿਕਾਰਤ ਹੈ। 

ਉਹਨਾਂ ਦੱਸਿਆ ਕਿ ਸਰਕਾਰ ਦੇ ਪੱਤਰ ਮੁਤਾਬਿਕ ਆਮ ਵਰਗ ਦੇ ਜਿਹੜੇ ਪਰਿਵਾਰਾਂ ਨੇ ਅਜੇ ਤੱਕ ਕਿਸੇ ਤਰਾਂ ਦੇ ਰਾਖਵੇਂਕਰਨ ਦਾ ਲਾਭ ਨਹੀਂ ਲਿਆ ਅਤੇ ਜਿਨਾਂ ਦੇ ਪਰਿਵਾਰਾਂ ਦੀ ਕੁੱਲ ਆਮਦਨ 8 ਲੱਖ ਰੁਪਏ ਤੋਂ ਘੱਟ ਹੈ, ਉਹ ਰਾਖਵੇਂਕਰਨ ਦਾ ਲਾਭ ਲੈ ਸਕਣਗੇ।ਜਿਹੜੇ ਪਰਿਵਾਰਾਂ ਕੋਲ 5 ਏਕੜ ਜਾਂ ਉਸ ਤੋਂ ਵੱਧ ਖੇਤੀਯੋਗ ਜ਼ਮੀਨ, ਨੋਟੀਫਾਈਡ ਮਿੳਂੁਸਿਪੈਲਿਟੀ ਵਿਚ ਇਕ ਹਜ਼ਾਰ ਵਰਗ ਫੁੱਟ ਜਾਂ ਇਸ ਤੋਂ ਵੱਧ ਖੇਤਰਫਲ ਦਾ ਘਰ ਹੋਵੇਗਾ, ਉਨਾਂ ਨੂੰ ਰਾਖਵੇਂਕਰਨ ਦਾ ਲਾਭ ਨਹੀਂ ਮਿਲ ਸਕੇਗਾ।ਉਹ ਵਿਅਕਤੀ ਜਿਨਾਂ ਕੋਲ ਨੋਟੀਫਾਇਡ ਮਿੳਂੁਸਿਪੈਲਿਟੀ ਵਿਚ 100 ਵਰਗ ਗਜ ਜਾਂ ਇਸ ਤੋਂ ਵੱਧ ਦਾ ਰਿਹਾਇਸ਼ੀ ਪਲਾਟ ਜਾਂ ਨੋਟੀਫਾਈਡ ਮਿਉਸਿਪੈਲਿਟੀ ਤੋਂ ਇਲਾਵਾ ਹੋਰ ਖੇਤਰਾਂ ਵਿਚ 200 ਵਰਗ ਗਜ਼ ਜਾਂ ਇਸ ਤੋਂ ਵੱਧ ਦਾ ਰਿਹਾਇਸ਼ੀ ਪਲਾਟ ਹੋਵੇਗਾ, ਉਹ ਵੀ 10 ਫ਼ੀਸਦੀ ਰਾਖਵੇਂਕਰਨ ਦਾ ਲਾਭ ਨਹੀਂ ਲੈ ਸਕਣਗੇ।