ਲੂੰ ਤੋਂ ਬਚਾਅ ਲਈ ਜ਼ਿਆਦਾ ਤਰਲ ਪਦਾਰਥ ਪੀਓ, ਗਰਮੀ ’ਚ ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਵਧੇਰੇ ਧਿਆਨ ਦੇਣ ਦੀ ਲੋੜ

ਲੂੰ ਤੋਂ ਬਚਾਅ ਲਈ ਜ਼ਿਆਦਾ ਤਰਲ ਪਦਾਰਥ ਪੀਓ, ਗਰਮੀ ’ਚ ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਵਧੇਰੇ ਧਿਆਨ ਦੇਣ ਦੀ ਲੋੜ

ਤਰਨ ਤਾਰਨ, 31 ਮਈ :

ਪੰਜਾਬ ਵਿੱਚ ਗਰਮੀ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ ਅਤੇ ਗਰਮੀ ਤੇ ਲੂੰ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਤੇ ਲੋੜੀਂਦੇ ਉਪਾਅ ਕਰਨ ਦੀ ਲੋੜ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਅਗਲੇ ਦੋ ਤਿੰਨ ਮਹੀਨਿਆਂ ਦੌਰਾਨ ਮੌਸਮ ਆਮ ਤੌਰ ’ਤੇ ਕਾਫੀ ਗਰਮ ਹੁੰਦਾ ਹੈ, ਇਸ ਲਈ ਗਰਮੀ ਤੋਂ ਬਚਾਅ ਜ਼ਰੂਰੀ ਹੈ।ਉਨਾਂ ਦੱਸਿਆ ਕਿ ਤਿੱਖੀ ਗਰਮੀ ਦੇ ਦਿਨਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਵਧੇਰੇ ਸੰਭਾਲ ਦੀ ਲੋੜ ਹੁੰਦੀ ਹੈ।  ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਅਤੇ ਹੋਰ ਤਰਲ ਪਦਾਰਥਾ ਜਿਵੇਂ ਲੱਸੀ, ਨਿੰਬੂ ਪਾਣੀ, ਫਰੈਸ਼ ਜੂਸ, ਓ. ਆਰ. ਐੱਸ. ਆਦਿ ਦਾ ਵੱਧ ਤੋਂ ਵੱਧ ਸੇਵਨ ਕਰੋ।ਸਰੀਰ ਨੂੰ ਠੰਢਾ ਰੱਖੋ ਤੇ ਜ਼ਿਆਦਾ ਪਾਣੀ ਪੀਓ, ਹਲਕੇ ਰੰਗ ਦੇ ਕੱਪੜੇ ਪਾਉ, ਬਾਹਰ ਜਾਣ ’ਤੇ ਐਨਕ ਲਾਓ ਤੇ ਟੋਪੀ ਪਾਓ। ਜੇਕਰ ਬਾਹਰ ਹੋ ਤਾਂ ਬੈਠਣ  ਲਈ ਠੰਢੀ ਥਾਂ ਲੱਭੋ, ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ, ਆਪਣੇ ਘਰ ਨੂੰ ਠੰਢਾ ਰੱਖੋ।ਦਿਨ ਵੇਲੇ ਤਾਕੀਆਂ ’ਤੇ ਦਰਵਾਜ਼ੇ ਬੰਦ ਰੱਖੋ।