ਟੂਰਿਸਟ ਵੀਜ਼ੇ ‘ਤੇ ਦੁਬਈ ਗਈਆਂ ਭੈਣਾਂ ਨੂੰ ਬਣਾਇਆ ਬੰਧਕ, ਕਲੱਬਾਂ ‘ਚ ਨੱਚਣ ਲਈ ਕਿਹਾ
Thu 13 Jun, 2019 0ਬਠਿੰਡਾ: ਵੀਜ਼ੇ ‘ਤੇ ਦੁਬਈ ਗਈਆਂ ਸਥਾਨਕ ਪਰਸਰਾਮ ਨਗਰ ਦੀਆਂ ਦੋ ਭੈਣਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਇਨ੍ਹਾਂ ਨੇ ਹੋਟਲਾਂ ਵਿੱਚ ਨੱਚਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਨੂੰ ਬੰਧਕ ਬਣਾ ਲਿਆ। ਦਰਅਸਲ ਟ੍ਰੈਵਲ ਏਜੰਟ ਨੇ ਟੂਰਿਸਟ ਵੀਜ਼ੇ ਰਾਹੀਂ ਦੋਵਾਂ ਭੈਣਾਂ ਨੂੰ ਦੁਬਈ ਭੇਜਿਆ ਸੀ। 3 ਦਿਨ ਪਹਿਲਾਂ ਹੀ ਦੋਵੇਂ ਦੁਬਈ ਪਹੁੰਚੀਆਂ ਤਾਂ ਹੋਟਲ ਮਾਲਕ ਨੇ ਇਨ੍ਹਾਂ ਨੂੰ ਕਲੱਬਾਂ ਵਿੱਚ ਨੱਚਣ ਲਈ ਕਿਹਾ। ਇਨਕਾਰ ਕਰਨ ‘ਤੇ ਹੋਟਲ ਮਾਲਕ ਨੇ ਦੋਵਾਂ ਦੇ ਪਾਸਪੋਰਟ ਜ਼ਬਤ ਕਰ ਲਏ ਤੇ ਬੰਧਕ ਬਣਾ ਲਿਆ।
ਇਨ੍ਹਾਂ ਵਿੱਚੋਂ ਇੱਕ ਨੇ ਵਾਇਸ ਮੈਸੇਜ ਜ਼ਰੀਏ ਆਪਣੇ ਪਤੀ ਨੂੰ ਸਾਰੀ ਘਟਨਾ ਦੱਸੀ। ਪਤੀ ਨੇ ਬਠਿੰਡਾ ਦੇ ਥਾਣੇ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ। 3 ਜਣਿਆਂ ‘ਤੇ ਕੇਸ ਦਰਜ ਕਰਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ। ਤੀਜੇ ਮੁਲਜ਼ਮ ਸਲਮਾਨ ਖ਼ਾਨ ਦੀ ਭਾਲ ਕੀਤੀ ਜਾ ਰਹੀ ਹੈ।
ਜਸਵੰਤ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਿਆ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਉਸ ਨੂੰ ਤੇ ਉਸ ਦੀ ਭੈਣ ਪ੍ਰੀਤੀ ਨੂੰ ਟੂਰਿਸਟ ਵੀਜ਼ੇ ‘ਤੇ ਦੁਬਈ ਭੇਜ ਰਹੇ ਹਨ। ਇਸ ਦੇ ਲਈ ਸੁਖਦੇਵ ਸਿੰਘ, ਜੋਬਨਪ੍ਰੀਤ ਸਿੰਘ ਤੇ ਸਲਮਾਨ ਖ਼ਾਨ ਨਾਲ ਗੱਲ ਕੀਤੀ ਗਈ ਸੀ। 7 ਜੂਨ ਨੂੰ ਉਸ ਦੀ ਪਤਨੀ ਪ੍ਰਿਆ ਆਪਣੀ ਭੈਣ ਪ੍ਰੀਤੀ ਨਾਲ ਦਿੱਲੀ ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋਈਆਂ ਤੇ 8 ਜੂਨ ਨੂੰ ਸਵੇਰੇ 12 ਵਜੇ ਦੁਬਈ ਪਹੁੰਚ ਗਈਆਂ।
ਦੁਬਈ ਵਿੱਚ ਦੁਪਹਿਰ ਇੱਕ ਵਜੇ ਦੇ ਕਰੀਬ ਜਸਵੰਤ ਸਿੰਘ ਨੂੰ ਵਾਇਸ ਮੈਸੇਜ ਆਇਆ ਕਿ ਉਹ ਦੋਵੇਂ ਜਣੀਆਂ ਦੁਬਈ ਵਿੱਚ ਫਸ ਗਈਆਂ ਹਨ। ਜਿਸ ਹੋਟਲ ਵਿੱਚ ਉਹ ਠਹਿਰੀਆਂ ਹਨ, ਉਸ ਦੇ ਮਾਲਕ ਨੇ ਦੋਵਾਂ ਦੇ ਪਾਸਪੋਰਟ ਜ਼ਬਤ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੁਬਈ ਦੇ ਹੋਟਲ ਮੈਨੇਜਰ ਨਾਲ ਗੱਲ ਕਰਕੇ ਲੜਕੀਆਂ ਦੇ ਪਾਸਪੋਰਟ ਵਾਪਸ ਕਰਵਾ ਦਿੱਤੇ ਹਨ। ਕੁੜੀਆਂ ਜਲਦ ਵਾਪਸ ਆ ਜਾਣਗੀਆਂ।
Comments (0)
Facebook Comments (0)