ਮਿੰਨੀ ਕਹਾਣੀ *ਟਿਊਸ਼ਨ *

ਮਿੰਨੀ ਕਹਾਣੀ  *ਟਿਊਸ਼ਨ *

ਉਜਾਗਰ ਸਿੰਘ ਅੱਜ ਦੱਸਣ ਲੱਗਾ ਕਿ ਜਦ ਉਹ ਅਪਣੇ ਪੋਤੇ ਨੂੰ ਸਕੂਲ ਦਾਖ਼ਲ ਕਰਵਾਉਣ ਗਿਆ ਤਾਂ ਹਰ ਚੀਜ਼ ਸਕੂਲ ਤੋਂ ਲੈਣੀ ਪਈ ਜਿਵੇਂ ਕਾਪੀਆਂ, ਪੈਨਸਿਲਾਂ, ਪੈੱਨ, ਫ਼ੁੱਟਾ, ਰਬੜ-ਸ਼ਾਰਪਨਰ, ਜੁਮੈਟਰੀ ਤੇ ਜੁਮੈਟਰੀ ਦੇ ਅੰਦਰ ਦਾ ਸਾਰਾ ਜ਼ਰੂਰੀ ਸਾਮਾਨ, ਕਿਤਾਬਾਂ, ਬੈਗ, ਕਾਪੀਆਂ ਦੇ ਕਵਰ, ਬੂਟ-ਜੁਰਾਬਾਂ, ਪੈਂਟ-ਕਮੀਜ਼, ਟਾਈ-ਬੈਲਟ, ਬੈਚ, ਰੁਮਾਲ ਅਤੇ ਹੋਰ ਬਹੁਤ ਨਿੱਕ ਸੁੱਕ ਦੇ ਨਾਲ ਮੋਟੀ ਫ਼ੀਸ। ਹਰ ਚੀਜ਼ ਤੇ ਸਕੂਲ ਦਾ ਨਾਂ ਛਪਿਆ ਹੋਇਆ ਸੀ। ਇਹ ਸੁਣ ਕੇ ਗੁਰਬਚਨ ਸਿੰਘ ਕਹਿਣ ਲੱਗਾ, ''ਚੱਲ ਰੱਬ ਨੇ ਦਿਤਾ ਹੈ ਤਾਂ ਬੱਚਿਆਂ ਤੇ ਹੀ ਲਾਉਣੈ ਆਪਾਂ। ਨਾਲੇ ਮਹਿੰਗੇ ਤੇ ਵਧੀਆ ਸਕੂਲ ਵਿਚੋਂ ਪੜ੍ਹਾਈ ਵਧੀਆ ਕਰ ਲਊਗਾ ਜੁਆਕ।'' ਪੜ੍ਹਾਈ ਵਾਲੀ ਗੱਲ ਸੁਣਦਿਆਂ ਵਿਚੋਂ ਹੀ ਟੋਕ ਕੇ ਉਜਾਗਰ ਸਿੰਘ ਕਹਿਣ ਲੱਗਾ, ''ਉਸ ਪੜ੍ਹਾਈ ਲਈ ਤਾਂ ਟਿਊਸ਼ਨ ਰਖਵਾਈ ਆ ਬਾਹਰ। ਸਕੂਲਾਂ ਵਿਚ ਤਾਂ ਹੁਣ ਕਾਰੋਬਾਰ ਹੀ ਹੁੰਦੈ ਪੜ੍ਹਾਉਣ ਲਿਖਾਉਣ ਦੇ ਕੰਮ ਦਾ ਤਾਂ ਬੱਸ ਰੱਬ ਹੀ ਰਾਖਾ..!'' -

ਇਕਵਾਕ ਸਿੰਘ ਪੱਟੀ,

ਸੰਪਰਕ : 98150-24920