ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹਾਂ ਲਈ ਸ਼੍ਰੋਮਣੀ ਕਮੇਟੀ ਸਰਕਾਰ ਦਾ ਸਹਿਯੋਗ ਕਰੇ : ਕੈਪਟਨ

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹਾਂ ਲਈ ਸ਼੍ਰੋਮਣੀ ਕਮੇਟੀ ਸਰਕਾਰ ਦਾ ਸਹਿਯੋਗ ਕਰੇ : ਕੈਪਟਨ

ਚੰਡੀਗੜ੍ਹ : 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਾਸਤੇ ਸਾਂਝੇ ਮੰਚ ਲਈ ਸੂਬਾ ਸਰਕਾਰ ਦੀ ਮਦਦ ਕਰਨ ਲਈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤਕ ਪਹੁੰਚ ਕਰਨ ਲਈ ਮੰਤਰੀਆਂ ਦੇ ਸਮੂਹ (ਜੀ.ਓ.ਐਮ.) ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਇਸ ਇਤਿਹਾਸਕ ਸਮਾਰੋਹ ਨੂੰ ਅਸਰਦਾਰ ਢੰਗ ਨਾਲ ਆਯੋਜਿਤ ਕਰਨ ਵਾਸਤੇ ਖੁਲ੍ਹੇ ਦਿਲੋਂ ਸਮਰਥਨ, ਸਹਿਯੋਗ ਅਤੇ ਮਾਰਗ ਦਰਸ਼ਨ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਨੂੰ ਰਸਮੀ ਸੱਦਾ ਦੇਣ ਵਾਸਤੇ ਵੀ ਮੰਤਰੀਆਂ ਦੇ ਸਮੂਹ ਨੂੰ ਆਖਿਆ ਹੈ। 

ਗੌਰਤਲਬ ਹੈ ਕਿ ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਆਧਾਰਤ ਮੰਤਰੀਆਂ ਦੇ ਸਮੂਹ ਦਾ ਪਹਿਲਾਂ ਹੀ ਗਠਨ ਕੀਤਾ ਹੋਇਆ ਹੈ। ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ ਅਤੇ ਸਕੀਮਾਂ ਦੀ ਪ੍ਰਗਤੀ 'ਤੇ ਰੋਜ਼ਮਰਾ ਦੇ ਆਧਾਰ 'ਤੇ ਜਾਇਜ਼ਾ ਲੈਣ ਦਾ ਕਾਰਜ ਸੌਂਪਿਆ ਗਿਆ ਹੈ। 

ਮੁੱਖ ਮੰਤਰੀ ਨੇ ਐਸ.ਜੀ.ਪੀ.ਸੀ. ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕਰ ਕੇ 10 ਦਿਨ (5 ਨਵੰਬਰ ਤੋਂ 15 ਨਵੰਬਰ, 2019) ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦੇਣ ਲਈ ਮੰਤਰੀਆਂ ਦੇ ਸਮੂਹ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਵਿਸ਼ੇਸ਼ ਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਵੀ ਆਖਿਆ ਹੈ ਕਿ ਉਹ ਸੁਲਤਾਨਪੁਰ ਲੋਧੀ ਵਿਰਾਸਤੀ ਸ਼ਹਿਰ ਨੂੰ 271 ਕਰੋੜ ਰੁਪਏ ਦੇ ਸਮਾਰਟ ਸਿਟੀ ਪ੍ਰੋਜੈਕਟ ਹੇਠ ਲਿਆਉਣ ਦੇ ਪ੍ਰਸਤਾਵ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਖੜ੍ਹਨ। ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਵਿਖੇ ਲੜਕੀਆਂ ਦੇ ਵਾਸਤੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦਾ ਉਦਘਾਟਨ ਕਰਨ ਲਈ ਵੀ ਸਹਿਮਤੀ ਪ੍ਰਗਟਾਈ। ਇਸ ਨੂੰ ਜੀ.ਐਨ.ਡੀ.ਯੂ. ਅੰਮ੍ਰਿਤਸਰ ਦੇ ਸਬੰਧਤ ਕਾਲਜ ਵਜੋਂ ਚਲਾਇਆ ਜਾਵੇਗਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪਿੰਡਾਂ ਦਾ ਪ੍ਰਾਥਮਿਕਤਾ ਦੇ ਆਧਾਰ 'ਤੇ ਵਿਕਾਸ ਕਰਨ ਸਬੰਧੀ ਪੀ.ਡਬਲਿਊ.ਡੀ. ਮੰਤਰੀ ਵਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਪ੍ਰਵਾਨ ਕਰਦੇ ਹੋਏ ਕੈਪਟਨ ਨੇ ਸਬੰਧਤ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਆਧਾਰਤ ਕਮੇਟੀਆਂ ਗਠਿਤ ਕਰਨ ਦੇ ਨਿਰਦੇਸ਼ ਦਿਤੇ ਹਨ ਜੋ ਪਹਿਲ ਦੇ ਆਧਾਰ 'ਤੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਨੂੰ ਅੰਤਮ ਰੂਪ ਦੇਣਗੀਆਂ।  ਮੀਟਿੰਗ ਦੌਰਾਨ ਇਹ ਵੀ ਦਸਿਆ ਗਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀਆਂ ਗਈਆਂ ਵੱਖ-ਵੱਖ ਉਦਾਸੀਆਂ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਅਤੇ ਕਾਰਜਾਂ ਬਾਰੇ 88 ਮਿੰਟ ਦੀ ਏਪਿਕ ਚੈੱਨਲ ਤੋਂ ਚਾਰ ਹਿੱਸਿਆਂ ਵਿਚ ਫ਼ਿਲਮ ਤਿਆਰ ਕਰਵਾਈ ਹੈ। 

ਮੁੱਖ ਮੰਤਰੀ ਨੇ ਅੰਮ੍ਰਿਤਸਰ, ਆਨੰਦਪੁਰ ਸਾਹਬ ਤਲਵੰਡੀ ਸਾਬੋ, ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਪੰਜ ਥਾਵਾਂ 'ਤੇ ਵੱਡੇ ਕੋਮੈਮੋਰੇਟਿਵ ਕੌਲਮਜ਼ ਅਤੇ 22 ਕਸਬਿਆਂ ਵਿਚ ਛੋਟੇ ਕੋਮੈਮੋਰੇਟਿਵ ਕੌਲਮਜ਼ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿਤੀ ਹੈ। ਇਨ੍ਹਾਂ ਨੂੰ ਪੀ.ਡਬਲਿਊ.ਡੀ. ਦੀ ਨਿਗਰਾਨੀ ਹੇਠ ਇੰਡੀਅਨ ਫੈਡਰੇਸ਼ਨ ਆਫ ਯੂਨਾਇਟਡ ਨੇਸ਼ਨਜ਼ ਐਸੋਸ਼ੀਏਸ਼ਨ (ਆਈ.ਐਫ.ਯੂ.ਐਨ.ਏ) ਦੇ ਨੁਮਾਇੰਦਿਆਂ ਵੱਲੋਂ ਪੇਸ਼ ਕੀਤੇ ਡਿਜ਼ਾਈਨ ਦੇ ਅਨੁਸਾਰ ਪ੍ਰਵਾਨਗੀ ਦਿਤੀ ਗਈ ਹੈ। ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਵਿਖੇ ਅੱਠ ਏਕੜ ਰਕਬੇ ਵਿੱਚ ਪੰਜਾਬ ਸਟੇਟ ਕੌਂਸਲ ਫ਼ਾਰ ਸਾਈਂਸ ਐਂਡ ਤਕਨਾਲੋਜੀ ਦੁਆਰਾ ਬਾਇਉ ਵਿਭਿੰਨਤਾ ਪਾਰਕ ਲਈ ਵੀ ਸਹਿਮਤੀ ਦੇ ਦਿਤੀ ਹੈ। 

ਮੀਟਿੰਗ ਦੌਰਾਨ ਏ.ਸੀ.ਐਸ. ਖੇਡਾਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਇਸ ਸਮਾਰੋਹ ਦੇ ਹਿੱਸੇ ਵਜੋਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤਕ ਇਕ ਵਿਸ਼ਾਲ ਸਾਈਕਲ ਰੈਲੀ ਆਯੋਜਤ ਕਰਾਈ ਜਾ ਰਹੀ ਹੈ ਜਿਸ ਵਿਚ 550 ਸਾਈਕਲਿਸਟ ਸ਼ਮੂਲੀਅਤ ਕਰਨਗੇ। ਇਸ ਇਤਿਹਾਸਕ ਮੌਕੇ ਸੁਲਤਾਨਪੁਰ ਲੋਧੀ ਵਿਖੇ ਨਤਸਮਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਟਰਾਂਸਪੋਰਟ ਦੀ ਸੁਵਿਧਾ ਮੁਹਈਆ ਕਰਾਉਣ ਦੇ ਮੁੱਦੇ 'ਤੇ ਇਹ ਫ਼ੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਸਿੱਖਾਂ ਦੀ ਚੋਖੀ ਜਨਸੰਖਿਆ ਵਾਲੇ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਵਿਸ਼ੇਸ਼ ਰੇਲ ਗੱਡੀਆਂ ਅਤੇ ਬਸਾਂ ਦੀ ਸਰਵਿਸ ਸ਼ੁਰੂ ਕਰਨ ਲਈ ਆਖਣਗੇ। 

ਇਸ ਮੌਕੇ ਮੁੱਖ ਮੰਤਰੀ ਨੇ ਇਨ੍ਹਾਂ ਸਮਾਰੋਹਾਂ ਦੇ ਚਿੰਨ ਵਜੋਂ ਯਾਦਗਾਰੀ ਤਮਗੇ ਜਾਰੀ ਕੀਤੇ। ਏ.ਸੀ.ਐਸ. ਉਦਯੋਗ ਅਤੇ ਕਾਮਰਸ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਆਈ.ਈ.ਸੀ.) ਨੂੰ ਸੂਬਾ ਸਰਕਾਰ ਵਲੋਂ ਇਹ ਯਾਦਗਾਰੀ ਤਮਗ਼ਿਆਂ ਦਾ ਕੰਮ ਸੌਂਪਿਆ ਹੈ ਜੋ ਕਿ ਆਮ ਲੋਕਾਂ ਲਈ ਉਪਲਬਧ ਹੋਣਗੇ। ਇਹ ਯਾਦਗਾਰੀ ਤਮਗੇ 999 ਸ਼ੁੱਧਤਾ ਲਈ ਮੈਟਲਜ਼ ਐਂਡ ਮਿਨਰਲਜ਼ ਟ੍ਰੇਡਿੰਗ ਕਾਰਪੋਰੇਸ਼ਨ (ਐਮ.ਐਮ.ਟੀ.ਸੀ.) ਵਲੋਂ ਪ੍ਰਵਾਨਿਤ ਕੀਤੇ ਗਏ ਹਨ ਜੋ ਕਿ 24 ਕੈਰਟ ਸੋਨੇ ਵਿਚ ਪੰਜ ਅਤੇ ਦਸ ਗ੍ਰਾਮ ਵਿਚ ਉਪਲਬਧ ਹੋਣਗੇ। ਇਹ 50 ਗ੍ਰਾਮ ਸੁੱਧ ਚਾਂਦੀ (999 ਸ਼ੁੱਧਤਾ) ਵਿਚ ਵੀ ਆਕਰਸ਼ਿਤ ਪੈਕਿੰਗ ਵਿੱਚ ਉਪਲਬਧ ਹੋਣਗੇ।

10 ਗ੍ਰਾਮ ਸੋਨੇ (999 ਸ਼ੁੱਧਤਾ) ਦੀ ਵਿਕਰੀ ਕੀਮਤ 37000 ਰੁਪਏ, ਪੰਜ ਗ੍ਰਾਮ ਸੋਨੇ (999 ਸ਼ੁੱਧਤਾ) ਦੀ ਕੀਮਤ 18,500 ਰੁਪਏ ਅਤੇ 50 ਗ੍ਰਾਮ ਚਾਂਦੀ (999 ਸ਼ੁੱਧਤਾ) ਦੀ ਕੀਮਤ 2900 ਰੁਪਏ ਹੋਵੇਗੀ। ਇਨ੍ਹਾਂ ਦੀ ਵਿਕਰੀ ਫੁਲਕਾਰੀ, ਪੀ.ਐਸ.ਆਈ.ਸੀ. ਦੇ ਪੰਜਾਬ ਸਰਕਾਰ ਇੰਪੋਰੀਅਮਜ਼ ਵੱਲੋਂ ਕੀਤੀ ਜਾਵੇਗੀ ਜੋ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਦਿੱਲੀ ਅਤੇ ਕਲਕੱਤਾ ਵਿਖੇ ਹੋਵੇਗੀ। ਇਸ ਤੋਂ ਇਲਾਵਾ ਇਹ ਤਮਗੇ ਐਮ.ਐਮ.ਟੀ.ਸੀ. ਦੀਆਂ ਦੇਸ਼ ਭਰ ਵਿਚ 16 ਪਰਚੂਨ ਦੁਕਾਨਾਂ 'ਤੇ ਵੀ ਪ੍ਰਾਪਤ ਹੋਣਗੇ।