ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਕਾਰਜਕਾਰੀ ਗਰੁੱਪ ਦਾ ਗਠਨ

ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਕਾਰਜਕਾਰੀ ਗਰੁੱਪ ਦਾ ਗਠਨ

ਚੰਡੀਗੜ੍ :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਅਵਾਰਾ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਜਿੱਠਣ ਵਾਸਤੇ ਵਧੀਕ ਮੁੱਖ ਸਕੱਤਰ (ਸਿਹਤ) ਦੀ ਅਗਵਾਈ ਵਿਚ ਇਕ ਕਾਰਜਕਾਰੀ ਗਰੁੱਪ ਦਾ ਗਠਨ ਕੀਤਾ ਹੈ। ਸੂਬੇ ਵਿਚ ਕੁੱਤਿਆਂ ਵਲੋ ਵੱਢਣ ਦੀ ਵਧ ਰਹੀ ਸਮੱਸਿਆ ’ਤੇ ਵਿਚਾਰ-ਵਟਾਂਦਰੇ ਵਾਸਤੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੱਸਿਆ ਦੇ ਖਾਤਮੇ ਲਈ ਭਾਰਤ ਸਰਕਾਰ ਤੋਂ ਸਮਰਥਨ ਪ੍ਰਾਪਤ ਕਰਨ ਵਾਸਤੇ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿਤੇ ਹਨ।

ਉਨ੍ਹਾਂ ਨੇ ਇਸ ਸਬੰਧ ਵਿਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਤੀ ਗਈ ਕਾਰਜ ਯੋਜਨਾ ਦੇ ਹੇਠ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਅਤੇ ਇਸ ਨੂੰ ਲਾਗੂ ਕਰਨ ਸਬੰਧੀ ਪ੍ਰਗਤੀ ’ਤੇ ਨਿਯਮਤ ਨਿਗਰਾਨੀ ਰੱਖਣ ਲਈ ਵੀ ਮੁੱਖ ਸਕੱਤਰ ਨੂੰ ਆਖਿਆ ਹੈ। ਇਸ ਕਾਰਜਕਾਰੀ ਗਰੁੱਪ ਦਾ ਗਠਨ ਸਮੱਸਿਆ ਦੇ ਹੱਲ ਲਈ ਸੁਝਾਅ ਦੇਣ ਵਾਸਤੇ ਕੀਤਾ ਗਿਆ ਹੈ ਅਤੇ ਇਸ ਨੂੰ ਦੋ ਹਫ਼ਤਿਆਂ ਵਿਚ ਅਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।

ਨਤੀਜਾ ਮੁਖੀ ਤਰੀਕੇ ਨਾਲ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਦਾ ਕੰਮ ਇਸ ਗਰੁੱਪ ਨੂੰ ਸੌਂਪਿਆ ਗਿਆ ਹੈ ਅਤੇ ਕੁੱਤਿਆਂ ਦੀ ਜਨਸੰਖਿਆ ਨੂੰ ਨਿਯੰਤਰਣ ਕਰਨ ਲਈ ਸਮਾਂਬਧ ਰਣਨੀਤੀ ’ਤੇ ਜ਼ੋਰ ਦਿਤਾ ਗਿਆ ਹੈ। ਪ੍ਰਮੁੱਖ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤ ਇਸ ਗਰੁੱਪ ਦੇ ਮੈਂਬਰ ਹੋਣਗੇ। ਪ੍ਰਮੁੱਖ ਸਕੱਤਰ ਪਸ਼ੂ ਪਾਲਣ ਇਸ ਦੇ ਕਨਵੀਨਰ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦੇ ਵਾਈਸ ਚਾਂਸਲਰ ਇਸ ਵਾਸਤੇ ਤਕਨੀਕੀ ਸਮਰਥਨ ਮੁਹੱਈਆ ਕਰਵਾਉਣਗੇ। 

ਗੰਭੀਰ ਸਥਿਤੀ ’ਤੇ ਪਹੁੰਚੀ ਇਸ ਵਧ ਰਹੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਪਸ਼ੂ ਪਾਲਣ ਅਤੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਸਾਂਝੀ ਰਣਨੀਤੀ ਹੇਠ ਕੰਮ ਕਰਨ ਅਤੇ ਮਰੇ ਪਸ਼ੂਆਂ ਲਈ ਹੱਡਾ ਰੋੜੀਆਂ ਦੀ ਥਾਂ ਅਤਿ ਆਧੁਨਿਕ ਪਲਾਂਟ ਸਥਾਪਤ ਕਰਨ ਲਈ ਸਾਂਝੀ ਰਣਨੀਤੀ ’ਤੇ ਕੰਮ ਕਰਨ ਲਈ ਕਿਹਾ ਹੈ ਕਿਉਂਕਿ ਇਹ ਹੱਡਾ ਰੋੜੀਆਂ ਅਵਾਰਾ ਕੁੱਤਿਆਂ ਦੀ ਠਾਹਰ ਬਣਦੀਆਂ ਹਨ। ਮੁੱਖ ਮੰਤਰੀ ਨੇ ਮਰੇ ਪਸ਼ੂਆਂ ਦੇ ਵਿਗਿਆਨਿਕ ਤਰੀਕੇ ਨਾਲ ਨਿਪਟਾਰੇ ਵਾਸਤੇ ਨਗਰ ਨਿਗਮਾਂ ਅਤੇ ਪਿੰਡ ਪੰਚਾਇਤਾਂ ਵਿੱਚ ਇਹ ਨਿਪਟਾਰਾ ਪਲਾਂਟ ਸਥਾਪਤ ਕਰਨ ਲਈ ਇਨਾਂ ਅਧਿਕਾਰੀਆਂ ਨੂੰ ਆਖਿਆ ਹੈ। 

ਮੁੱਖ ਮੰਤਰੀ ਨੇ ਅਵਾਰਾ ਕੁੱਤਿਆਂ ਨੂੰ ਖੱਸੀ ਕਰਨ ’ਚ ਤੇਜ਼ੀ ਲਿਆਉਣ ਵਾਸਤੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਨੂੰ ਆਖਿਆ ਹੈ। ਇਸ ਦੌਰਾਨ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਲ 2017 ਵਿੱਚ ਕੁੱਤਿਆਂ ਦੇ ਵਢਣ ਦੇ 1,12,431 ਮਾਮਲੇ ਸਾਹਮਣੇ ਆਏ ਜਦਕਿ 2018 ਦੌਰਾਨ 1,13,637 ਮਾਮਲੇ ਸਾਹਮਣੇ ਆਏ। ਇਨਾਂ ਵਿਚੋਂ ਇਕਲੇ ਲੁਧਿਆਣਾ ਵਿੱਚ ਕ੍ਰਮਵਾਰ 13,185 ਅਤੇ 15,324 ਘਟਨਾਵਾਂ ਵਾਪਰੀਆਂ। ਉਨਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੁੱਤਿਆਂ ਦੀ ਕੁੱਲ 4.70 ਲੱਖ ਦੀ ਜਨਸੰਖਿਆ ਵਿਚੋਂ  ਅਵਾਰਾ ਕੁੱਤਿਆਂ ਦੀ ਗਿਣਤੀ 3.05 ਲੱਖ ਹੈ।

ਮੀਟਿੰਗ ਵਿਚ ਇਹ ਵੀ ਦੱਸਿਆ ਕਿ ਸਾਲ 2017 ਵਿੱਚ 1,20,000 ਯੂਨਿਟ ਐਂਟੀ ਰੈਬਿਜ ਵੈਕਸੀਨ ਜਾਰੀ ਕੀਤੀ ਗਈ ਜਦਕਿ 2018 ਵਿੱਚ 1,98,780 ਯੂਨਿਟ ਜਾਰੀ ਕੀਤੇ ਗਏ। ਕੁੱਤਿਆ ਦੇ ਵਢਣ ਦੇ ਇਲਾਜ਼ ਲਈ 195 ਐਂਟੀ ਰੈਬਿਜ਼ ਸੈਂਟਰ ਸਥਾਪਿਤ ਕੀਤੇ ਗਏ ਹਨ। ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਸਥਾਨਕ ਸਰਕਾਰ ਵਿਭਾਗ ਦੀਆਂ ਸਰਗਰਮੀਆਂ ਦਾ ਉਲੇਖ ਕਰਦੇ ਹੋਏ ਡਾਇਰੈਕਟਰ ਸਥਾਨਕ ਸਰਕਾਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੁੱਲ 167 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚੋਂ 110 ਨੇ 30 ਸਤੰਬਰ, 2019 ਤੋਂ ਪਹਿਲਾਂ ਕੁੱਤਿਆਂ ਨੂੰ ਖੱਸੀ ਕਰਨ ਦਾ ਕੰਮ ਸ਼ੁਰੂ ਕਰਨ ਲਈ ਮਤੇ ਪਾਸ ਕੀਤੇ ਹਨ।

ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਹੁਸ਼ਿਆਰਪੁਰ, ਪਠਾਨਕੋਟ, ਜ਼ੀਰਕਪੁਰ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਨੌ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਕੁੱਤਿਆ ਬਾਰੇ ਵੱਡੀ ਪੱਧਰ ’ਤੇ ਏ.ਬੀ.ਸੀ (ਪਸ਼ੂ ਜਨਮ ਨਿਯੰਤਰਣ) ਪ੍ਰੋਗਰਾਮ ਚੱਲ ਰਿਹਾ ਹੈ। ਵਿਚਾਰ ਚਰਚਾ ਵਿਚ ਹਿੱਸਾ ਲੈਂਦੇ ਹੋਏ ਗਡਵਾਸੂ ਦੇ ਵਾਈਸ ਚਾਂਸਲਰ ਨੇ ਕੁੱਤਿਆ ਦੀ ਸਮੱਸਿਆ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ ਵਾਸਤੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਇਸ ਪ੍ਰੋਗਰਾਮ ਨੂੰ ਮਿਸ਼ਨ ਦੇ ਆਧਾਰ ’ਤੇ ਚਲਾਉਣ ’ਤੇ ਜ਼ੋਰ ਦਿਤਾ ਹੈ।

ਉਨਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਭਰੋਸਾ ਦਿਵਾਇਆ ਕਿ ਅਵਾਰਾ ਕੁੱਤਿਆ ਦੀ ਸਮੱਸਿਆ ਦੇ ਨਿਯੰਤਰਣ ਬਾਰੇ ਚੱਲ ਰਹੇ ਪ੍ਰੋਗਰਾਮ ’ਚ ਉਨਾਂ ਨੂੰ ਹਰ ਸੰਭਵੀ ਤਕਨੀਕੀ ਸਮਰਥਨ ਤੇ ਸਹਿਯੋਗ ਦਿਤਾ ਜਾਵੇਗਾ। ਮੀਟਿੰਗ ਵਿਚ ਹਾਜ਼ਰ ਹੋਰਨਾਂ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ.ਸੀ.ਐਸ ਸਿਹਤ ਸਤੀਸ਼ ਚੰਦਰਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਡੀ.ਕੇ. ਤਿਵਾੜੀ,

ਪ੍ਰਮੁੱਖ ਸਕੱਤਰ ਪਸ਼ੂ ਪਾਲਣ ਰਾਜ ਕਮਲ ਚੌਧਰੀ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਜਸਕੀਰਤ ਸਿੰਘ, ਡਾਇਰੈਕਟਰ ਸਥਾਨਕ ਸਰਕਾਰ ਕਰਨੇਸ਼ ਸ਼ਰਮਾ ਅਤੇ ਵਾਈਸ ਚਾਂਸਲਰ ਗਡਵਾਸੂ ਡਾ. ਏ.ਐਸ. ਨੰਦਾ ਸ਼ਾਮਲ ਸਨ।