
ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ 'ਚ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਮੁੜ ਖੋਲ੍ਹਿਆ ਜਾਵੇਗਾ
Fri 12 Jul, 2019 0
ਲਾਹੌਰ (ਬਾਬਰ ਜਲੰਧਰੀ) :
ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ 'ਚ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਮੁੜ ਖੋਲ੍ਹਿਆ ਜਾ ਰਿਹਾ ਹੈ। ਇਹ ਗੁਰਦੁਆਰਾ 1947 'ਚ ਭਾਰਤ-ਪਾਕਿ ਵੰਡ ਸਮੇਂ ਬੰਦ ਕਰ ਦਿੱਤਾ ਗਿਆ ਹੈ। ਹੁਣ 72 ਸਾਲਾਂ ਬਾਅਦ ਸੰਗਤ ਲਈ ਮੁੜ ਗੁਰਦੁਆਰਾ ਖੋਲ੍ਹਿਆ ਜਾ ਰਿਹਾ ਹੈ।
ਪਾਕਿਸਤਾਨ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਲਹਿਰ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਗੁਰਦੁਆਰਾ 12 ਜੁਲਾਈ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਨੂੰ ਮੁੜ ਖੋਲ੍ਹਣ ਦੀ ਰਸਮ ਨਿਭਾਈ ਜਾਵੇਗੀ। ਇਸ ਮਗਰੋਂ ਪਹਿਲਾਂ ਅਰਦਾਸ ਕੀਤੀ ਜਾਵੇਗੀ ਅਤੇ ਫਿਰ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਲਈ ਕਾਰ ਸੇਵਾ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਸ਼ਮੀਰ ਤੋਂ ਪੱਤਰ ਲਿਖ ਕੇ ਮੱਤੋਕੇ ਸਾਹਿਬ ਜ਼ਿਲ੍ਹਾ ਗੁੱਜਰਾਂਵਾਲਾ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਦਾ ਪਾਣੀ ਖਾਰਾ ਹੈ, ਜਿਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਫ਼ੈਲ ਰਹੀਆਂ ਹਨ ਅਤੇ ਲੋਕ ਬਹੁਤ ਪ੍ਰੇਸ਼ਾਨ ਹਨ।
ਉਸ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਮੱਤੋਕੇ ਸਾਹਿਬ ਆਏ। ਗੁਰੂ ਜੀ ਇਥੇ ਤਿੰਨ ਦਿਨ ਠਹਿਰੇ। ਉਨ੍ਹਾਂ ਨੇ ਲੋਕਾਂ ਨੂੰ ਵਾਹਿਗੁਰੂ ਨਾਲ ਜੁੜਨ ਲਈ ਪ੍ਰੇਰਿਆ। ਹੌਲੀ-ਹੌਲੀ ਇਥੇ ਦੇ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਦੂਰ ਹੋ ਗਈਆਂ। ਇਸ ਖ਼ੁਸ਼ੀ 'ਚ ਲੋਕਾਂ ਨੇ ਗੁਰਦੁਆਰਾ ਖਾਰਾ ਸਾਹਿਬ ਦੀ ਸਥਾਪਨਾ ਕੀਤੀ।
Comments (0)
Facebook Comments (0)