ਆਸਟ੍ਰੇਲੀਆ ਨੇ ਭਾਰਤ ਨਾਲ ਖੰਡ ਦੇ ਵਪਾਰ ਨੂੰ ਲੈ ਕੇ ਅਪਣੀ ਲੜਾਈ ਨੂੰ ਤੇਜ਼

ਆਸਟ੍ਰੇਲੀਆ ਨੇ ਭਾਰਤ ਨਾਲ ਖੰਡ ਦੇ ਵਪਾਰ ਨੂੰ ਲੈ ਕੇ ਅਪਣੀ ਲੜਾਈ ਨੂੰ ਤੇਜ਼

ਮੈਲਬਰਨ : 

ਆਸਟ੍ਰੇਲੀਆ ਨੇ ਭਾਰਤ ਨਾਲ ਖੰਡ ਦੇ ਵਪਾਰ ਨੂੰ ਲੈ ਕੇ ਅਪਣੀ ਲੜਾਈ ਨੂੰ ਤੇਜ਼ ਕਰਦਿਆਂ ਵਿਸ਼ਵ ਵਪਾਰ ਸੰਗਠਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਇਕ ਕਮੇਟੀ ਬਣਾਵੇ। ਆਸਟ੍ਰੇਲੀਆ ਨੇ ਸੰਗਠਨ ਨੂੰ ਇਹ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਚੀਨੀ ਉਤਪਾਦਕ ਦੇਸ਼ ਕਿਤੇ ਖੇਤੀ ਸਬਸਿਡੀ ਸਬੰਧੀ ਅਪਣੀ ਵਚਨਬੱਧਤਾ ਦੀ ਉਲੰਘਣਾ ਤਾਂ ਨਹੀਂ ਕਰ ਰਿਹੈ।

ਮਾਰਚ ਮਹੀਨੇ ਵਿਚ ਆਸਟ੍ਰੇਲੀਆ ਇਸ ਮੁੱਦੇ 'ਤੇ ਬ੍ਰਾਜ਼ੀਲ ਦੇ ਨਾਲ ਆ ਗਿਆ ਸੀ ਅਤੇ ਉਸ ਨੇ ਸੰਗਠਨ ਵਿਚ ਭਾਰਤ ਦੇ ਵਿਰੋਧ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਆਸਟ੍ਰੇਲੀਆ ਦਾ ਦੋਸ਼ ਹੈ ਕਿ ਭਾਰਤ ਵਲੋਂ ਗੰਨਾ ਕਿਸਾਨਾਂ ਨੂੰ ਲਗਾਤਾਰ ਸਬਸਿਡੀ ਦਿਤੀ ਜਾ ਰਹੀ ਹੈ ਜਿਸ ਨਾਲ ਆਲਮੀ ਪੱਧਰ 'ਤੇ ਖੰਡ ਦਾ ਜ਼ਿਆਦਾ ਉਤਪਾਦਨ ਹੋਣ ਨਾਲ ਬਾਜ਼ਾਰ ਵਿਚ ਇਸ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ।

ਆਸਟ੍ਰੇਲੀਆ ਨੇ ਬ੍ਰਾਜ਼ੀਲ ਅਤੇ ਗਵਾਟੇਮਾਲਾ ਦੇ ਨਾਲ ਮਿਲ ਕੇ ਵਿਸ਼ਵ ਵਪਾਰ ਸੰਗਠਨ ਨੂੰ ਇਹ ਵਿਵਾਦ ਹੱਲ ਕਰਨ ਲਈ ਇਕ ਕਮੇਟੀ ਬਣਾਉਣ ਦੀ ਅਪੀਲ ਕੀਤਾ ਹੈ ਜੋ ਇਸ ਗੱਲ ਦੀ ਜਾਂਚ ਕਰੇ ਕਿ ਭਾਰਤ ਵਲੋਂ ਇਸ ਮੁੱਦੇ 'ਤੇ ਵਚਨਬੱਧਤਾ ਦੀ ਉਲੰਘਣਾ ਤਾਂ ਨਹੀਂ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੀ ਵਿੱਤੀ ਸਮੀਖਿਆ ਰਿਪੋਰਟ ਵਿਚ ਵਪਾਰ ਮੰਤਰੀ ਸਾਈਮਨ ਬਰਮਿੰਘਮ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਉਠਾਏ ਹਨ ਅਤੇ ਉਹ ਵਚਨਬਧਤਾ ਦੀ ਉਲੰਘਣਾ ਕਰਦੇ ਹੋਏ ਲਗਾਤਾਰ ਸਬਸਿਡੀ ਦੇ ਰਿਹਾ ਹੈ।  (ਏਜੰਸੀ)