ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਬਰਦਸਤ ਬਾਰਿਸ਼

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਬਰਦਸਤ ਬਾਰਿਸ਼

ਲੁਧਿਆਣਾ:

ਆਖਿਰ 10 ਦਿਨ ਲੇਟ ਮਾਨਸੂਨ ਪੰਜਾਬ ਵਿੱਚ ਪਹੁੰਚ ਹੀ ਗਈ ਹੈ । ਜਿਸ ਕਾਰਨ ਹੁਣ ਪੂਰੇ ਪੰਜਾਬ ਵਿੱਚ ਬਾਰਿਸ਼ ਹੋ ਰਹੀ ਹੈ ।  ਦਰਅਸਲ, ਸ਼ਨੀਵਾਰ ਨੂੰ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਜ਼ਬਰਦਸਤ ਬਾਰਿਸ਼ ਹੋਈ । ਪੂਰੇ ਸੂਬੇ ਵਿੱਚ ਹੋ ਰਹੀ ਬਾਰਿਸ਼ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ । ਇਸ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਸੱਤ ਦਿਨਾਂ ਤੱਕ ਪੂਰੇ ਸੂਬੇ ਵਿੱਚ ਮੋਹਲੇਧਾਰ ਬਾਰਿਸ਼ ਹੋਵੇਗੀ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਸਵੇਰ ਦੇ ਸਮੇ ਜ਼ਬਰਦਸਤ ਬਾਰਿਸ਼ ਹੋਈ ।

ਜਿਸ ਵਿੱਚ ਪਠਾਨਕੋਟ ਵਿੱਚ 49 ਮਿਲੀਮੀਟਰ, ਅੰਮ੍ਰਿਤਸਰ ਵਿੱਚ 28.4 ਅਤੇ ਲੁਧਿਆਣਾ ਵਿੱਚ 22 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ । ਇਸ ਬਾਰਿਸ਼ ਕਾਰਨ ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ । ਉੱਥੇ ਹੀ ਵਾਤਾਵਰਨ ਵਿੱਚ ਨਮੀ ਦੀ ਮਾਤਰਾ 95 ਦੇ ਪਾਰ ਦਰਜ ਕੀਤੀ ਗਈ, ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਬਾਰਿਸ਼ ਹੋਵੇਗੀ ।

ਸ਼ਨੀਵਾਰ ਨੂੰ ਬਾਰਿਸ਼ ਕਾਰਨ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ । ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 33.2, ਬਠਿੰਡਾ ਵਿੱਚ 35.3, ਫਿਰੋਜ਼ਪੁਰ ਵਿੱਚ 35.5, ਜਲੰਧਰ ਵਿੱਚ 32.0, ਪਠਾਨਕੋਟ ਵਿੱਚ 31.6 ਅਤੇ ਪਟਿਆਲਾ ਵਿੱਚ 34 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ । ਇਸ ਮਾਮਲੇ ਵਿੱਚ ਪੀਏਯੂ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਝੋਨੇ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੈ । ਜਿਸ ਨਾਲ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਲਗਾਉਣ ਦੀ ਲੋੜ ਨਹੀਂ ਹੈ ।