ਨਸ਼ਈ ਪੁੱਤਰ ਵਲੋਂ ਕਹੀ ਨਾਲ ਗਲਾ ਵੱਢ ਕੇ ਮਾਂ ਦਾ ਕਤਲ

ਨਸ਼ਈ ਪੁੱਤਰ ਵਲੋਂ ਕਹੀ ਨਾਲ ਗਲਾ ਵੱਢ ਕੇ ਮਾਂ ਦਾ ਕਤਲ

ਅਬੋਹਰ :

ਨਸ਼ਈ ਪੁੱਤਰ ਵਲੋਂ ਪ੍ਰੇਮਿਕਾ ਨਾਲ ਮਿਲ ਕੇ ਅਪਣੀ ਹੀ ਮਾਂ ਦੀ ਕਹੀ ਨਾਲ ਗਲਾ ਵੱਡ ਕੇ ਅੱਜ ਤੜਕਸਾਰ ਹਤਿਆ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਮੋਹਤਬਰ ਬੰਦਿਆਂ ਅਤੇ ਮ੍ਰਿਤਕਾ ਦੇ ਪਰਵਾਰਕ ਮੈਂਬਰਾਂ ਨੇ ਮੁਲਜ਼ਮ ਪੁੱਤਰ ਨੂੰ ਮੌਕੇ 'ਤੇ ਹੀ ਨੱਪ ਕੇ ਪੁਲਿਸ ਹਵਾਲੇ ਕਰ ਦਿਤਾ। ਘਟਨਾ ਥਾਣਾ ਸਦਰ ਹੇਠ ਪੈਂਦੇ ਅਬੋਹਰ ਸਬ ਡਿਵੀਜਨ ਦੇ ਪਿੰਡ ਭੰਗਾਲਾ ਹੈ। 

ਇਸ ਪਿੰਡ ਵਿਚ ਰਹਿਣ ਵਾਲੇ ਭੋਨੂੰ ਸਿੰਘ ਦੀ ਪਤਨੀ ਹਰਪਾਲ ਕੌਰ ਉਰਫ਼ ਪਾਲੀ (65) ਅਪਣੇ ਘਰ ਦੇ ਵਿਹੜੇ ਵਿਚ ਸੁਤੀ ਪਈ ਸੀ ਕਿ ਅਚਾਨਕ ਉਸਦਾ ਅਪਣਾ ਹੀ ਪੁੱਤਰ ਬਲਕਾਰ ਸਿੰਘ ਉਰਫ਼ ਕਾਲੀ ਕਹੀ ਲੈ ਕੇ ਆਇਆ ਅਤੇ ਉਸਦੀ ਧੌਣ 'ਤੇ ਵਾਰ ਕਰ ਦਿਤਾ। ਜ਼ੋਰਦਾਰ ਚੀਖ ਮਾਰਨ ਦੇ ਨਾਲ ਹੀ ਪਾਲੀ ਦੇ ਪ੍ਰਾਣ ਨਿਕਲ ਗਏ। ਗੁਆਂਢ ਵਿਚ ਰਹਿੰਦੀ ਇਕ ਔਰਤ ਨੇ ਚੀਖ ਸੁਣ ਕੇ ਰੌਲਾ ਪਾਇਆ ਤਾਂ ਇੱਕਠੇ ਹੋਏ ਲੋਕਾਂ ਨੇ ਵੇਖਿਆ ਕਿ ਕਹੀ ਦੇ ਵਾਰ ਨਾਲ ਹੋਏ ਜ਼ਖ਼ਮ ਤੋਂ ਬਾਅਦ ਪਾਲੀ ਦੀ ਮੌਤ ਹੋ ਚੁੱਕੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਾਲੀ ਵਲੋਂ ਇਕ ਪਲਾਟ ਅਪਣੇ ਪੁੱਤ ਦੇ ਨਾਂਮ ਨਾ ਕਰਵਾਇਆ ਜਾਣਾ ਇਸ ਕਤਲ ਦਾ ਕਾਰਨ ਬਣਿਆ ਹੈ। ਥਾਣਾ ਸਦਰ ਦੇ ਐਸਐਚਓ ਰਣਜੀਤ ਸਿੰਘ ਨੇ ਦਸਿਆ ਕਿ ਮ੍ਰਿਤਕਾ ਦੇ ਵੱਡੇ ਪੁੱਤਰ ਰੇਸ਼ਮ ਸਿੰਘ ਦੇ ਬਿਆਨਾਂ 'ਤੇ ਉਸਦੇ ਛੋਟੇ ਭਰਾ ਬਲਕਾਰ ਸਿੰਘ ਉਰਫ਼ ਕਾਲੀ ਅਤੇ ਉਸਦੀ ਪ੍ਰੇਮਿਕਾ ਵਿਰੁਧ ਮੁਕਦਮਾ 302, 34 ਆਈਪੀਸੀ ਹੇਠ ਦਰਜ ਕਰ ਲਿਆ ਹੈ। 

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਰੇਸਸ਼ ਸਿੰਘ ਨੇ ਦਸਿਆ ਕਿ ਉਸਦੇ ਛੋਟੇ ਭਰਾ ਕਾਲੀ ਦੀ ਨਸ਼ਈ ਆਦਤਾਂ ਕਰ ਕੇ ਉਸਦੀ ਪਤਨੀ 7 ਕੁ ਸਾਲ ਪਹਿਲਾਂ ਛੱਡ ਕੇ ਚਲੀ ਗਈ ਸੀ ਜਿਸ ਤੋਂ ਬਾਅਦ ਉਸਨੇ ਇਕ ਹੋਰ ਔਰਤ ਅਮਰਜੀਤ ਕੌਰ ਨਾਲ ਸਬੰਧ ਬਣਾ ਲਏ ਅਤੇ ਉਸਨੂੰ ਅਪਣੇ ਘਰ ਰੱਖਣ ਲੱਗ ਪਿਆ। ਪਿਛਲੇ ਕੁਝ ਦਿਨਾਂ ਤੋਂ ਉਪਰੋਕਤ ਦੋਨੋ ਉਸਦੀ ਮਾਤਾ ਨੂੰ 1 ਲੱਖ ਰੁਪਏ ਕੀਮਤ ਵਾਲਾ ਪਲਾਟ ਅਪਣੇ ਨਾਮ ਕਰਾਉਣ ਲਈ ਪ੍ਰੇਸ਼ਾਨ ਕਰ ਰਹੇ ਸਨ। ਮਾਤਾ ਵਲੋਂ ਇਹ ਪਲਾਟ ਕਾਲੀ ਦੀ ਪਹਿਲੀ ਪਤਨੀ ਅਤੇ ਉਸਦੇ ਬੇਟੇ ਨੂੰ ਦੇਣ ਦੀ ਗਲ ਕਹਿਣ 'ਤੇ ਉਹ ਲੋਕ ਖਫ਼ਾ ਸਨ। 

ਅੱਜ ਸਵੇਰੇ ਮੁੰਹ ਹਨੇਰੇ ਜਦੋਂ ਪਾਲੋ ਘਰ ਵਿਚ ਸੁੱਤੀ ਪਈ ਸੀ ਤਾਂ ਬਲਕਾਰ ਸਿੰਘ ਨੇ ਕਹੀ ਨਾਲ ਉਸਦੀ ਧੌਣ 'ਤੇ ਵਾਰ ਕੀਤਾ ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਨੂੰ ਪੰਚਾਇਤ ਦੀ ਮਦਦ ਨਾਲ ਪੁਲਿਸ ਦੇ ਹਵਾਲੇ ਕਰ ਦਿਤਾ। ਐਸਐਚਓ ਨੇ ਦਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਹਤਿਆ ਕਰਨ ਵਾਲੇ ਬਲਕਾਰ ਸਿੰਘ ਅਤੇ ਉਸਦੀ ਪ੍ਰਮਿਕਾ ਵਿਰੁਧ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ।