ਪੰਜਾਬ ਵਿੱਚ ਮੀਂਹ: ਜਲੰਧਰ ਜ਼ਿਲ੍ਹੇ ਦੇ 81 ਪਿੰਡ ਖਾਲੀ ਕਰਨ ਦੇ ਹੁਕਮ

ਪੰਜਾਬ ਵਿੱਚ ਮੀਂਹ: ਜਲੰਧਰ ਜ਼ਿਲ੍ਹੇ ਦੇ 81 ਪਿੰਡ ਖਾਲੀ ਕਰਨ ਦੇ ਹੁਕਮ

ਪੰਜਾਬ ਵਿੱਚ ਬਹੁਤ ਜ਼ਿਆਦਾ ਮੀਂਹ ਕਾਰਨ ਅਤੇ ਭਾਖੜਾ ਬੰਨ੍ਹ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਸਤਲੁਜ ਕੰਢੇ ਵਸਦੇ ਪਿੰਡਾਂ ਵਿੱਚ ਜਨ-ਜੀਵਨ ਅਸਰ ਹੇਠ ਹੈ।

ਸਤਲੁਜ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ।

ਸ਼ੁੱਕਰਵਾਰ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਤਹਿਤ ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ ਤੋਂ ਇਲਾਵਾ ਪੰਜਾਬ ਦੇ ਲਗਭਗ ਸਾਰਿਆਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ।

ਇਸ ਤੋਂ ਇਲਾਵਾ ਗੁਰਦਾਸਪੁਰ, ਪਠਾਨਕੋਟ, ਜੰਮੂ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਬਾਰੇ ਵਿਉਂਤਬੰਦੀ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਜਲੰਧਰ ਵਿੱਚ ਪਿੰਡ ਖਾਲ ਕਰਵਾਏ ਜਾਣਗੇ

ਸਹਿਯੋਗੀ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ 81 ਪਿੰਡ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਇਨ੍ਹਾਂ ਵਿੱਚ ਸ਼ਾਹਕੋਟ ਦੇ 63, ਫਿਲੌਰ ਦੇ 13 ਅਤੇ ਨਕੋਦਰ ਖੇਤਰ ਦੇ 5 ਪਿੰਡ ਸ਼ਾਮਲ ਹਨ।

ਪਠਾਨਕੋਟ

ਪਠਾਨਕੋਟ ਰਣਜੀਤ ਸਾਗਰ ਡੈਮ ਦਾ ਜਲਸਤਰ ਅੱਜ ਸਵੇਰੇ 9 ਵਜੇ 521.38 ਮੀਟਰ ਤਕ ਅਪੜ ਚੁੱਕਾ ਹੈ ਜਦਕਿ ਬੀਤੇ ਕੱਲ (ਸ਼ਨੀਵਾਰ) ਸ਼ਾਮ 6 ਵਜੇ ਤੱਕ 520.02 ਮੀਟਰ ਸੀ।

ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਮੁਤਾਬਕ ਜਲਸਤਰ ਡੇਂਜਰ ਮਾਰਕ ਤੋਂ ਕਰੀਬ 6 ਮੀਟਰ ਘੱਟ ਹੈ। ਰਣਜੀਤ ਸਾਗਰ ਡੈਮ ਦਾ ਡੇਂਜਰ ਮਾਰਕ 527.91 ਮੀਟਰ ਉੱਤੇ ਹੈ।

ਪਠਾਨਕੋਟ ਜ਼ਿਲ੍ਹਾ ਪ੍ਰ੍ਸ਼ਾਸ਼ਨ ਵਲੋਂ ਦਿਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਸਵੇਰ ਨੂੰ ਹੋਈ ਤੇਜ਼ ਬਾਰਿਸ਼ ਦੇ ਕਾਰਨ ਉੱਜ ਦਰਿਆ ਵਿੱਚ ਕਰੀਬ 98 ਹਜ਼ਾਰ ਕਿਊਸਿਕ ਪਾਣੀ ਦਾ ਪੱਧਰ ਵੱਧ ਗਿਆ ਸੀ ਜੋ ਬਾਅਦ ਦੁਪਿਹਰ ਘੱਟ ਹੋ ਕੇ 72 ਹਜ਼ਾਰ ਕਿਊਸਿਕ ਰਿਹਾ ਗਿਆ।

ਇਸੇ ਹੀ ਤਰਾਂ ਚੱਕੀ ਦਰਿਆ ਜੋ ਕਿ ਪਠਾਨਕੋਟ ਦੇ ਬਿਲਕੁਲ ਨਾਲ ਦੀ ਹੋ ਕੇ ਨਿਕਲਦਾ ਹੈ ਵਿੱਚ ਬਾਰਿਸ਼ ਦੇ ਕਾਰਨ ਪਾਣੀ ਦਾ ਪੱਧਰ ਵੀ ਵੱਧ ਦੱਸਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਦੱਸਿਆ ਦੀ ਹਰ ਘੰਟੇ ਹਾਲਾਤ ਦੀ ਮਾਨਿਟਰਿੰਗ ਕੀਤੀ ਜਾ ਰਹੀ ਹੈ ਚਾਹੇ ਉਹ ਰਣਜੀਤ ਸਾਗਰ ਡੈਮ, ਰਾਵੀ ਦਰਿਆ ਜਾਂ ਚੱਕੀ ਦਰਿਆ ਹੈ। ਉਨ੍ਹਾਂ ਨੇ ਆਖਿਆ ਕਿ ਉਹਨਾਂ ਵਲੋਂ ਵੱਖ ਵੱਖ ਟੀਮਾਂ ਫੀਲਡ ਵਿੱਚ ਤੈਨਾਤ ਕੀਤੀਆਂ ਹਨ ਤਾਂਕਿ ਕਿਸੇ ਵੀ ਤਰ੍ਹਾਂ ਦੀ ਹਾਲਤ ਨਾਲ ਨਿਜਿਠਿਆ ਜਾ ਸਕੇ ।

ਗੁਰਦਾਸਪੁਰ

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੱਸਿਆ ਕਿ ਜ਼ਿਲ੍ਹੇ ਅੰਦਰ ਹੜ੍ਹ ਆਉਣ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਬਿਨਾਂ ਅਗਾਊਂ ਮਨਜ਼ੂਰੀ ਲਏ ਆਪਣਾ ਹੈੱਡਕੁਆਟਰ ਨਾ ਛੱਡਣ ਲਈ ਕਿਹਾ ਗਿਆ ਹੈ।

ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਨਾਲ ਲੱਗਦੇ ਦੋ ਦਰਿਆ ਬਿਆਸ ਤੇ ਰਾਵੀ ਦੇ ਨੇੜਲੇ ਪਿੰਡਾਂ ਚ ਲੋੜ ਪੈਣ ਤੇ ਉਥੇ ਰਹਿ ਰਹੇ ਲੋਕਾਂ ਦੀ ਸਹਾਇਤਾ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ।