ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਮਿੰਨੀ ਕਹਾਣੀਆਂ

ਇੰਦਰ ਅਖ਼ਬਾਰ ਵਿਚ ਕਠੂਆ ਦੀ ਇਕ ਬੱਚੀ ਨਾਲ ਦਰਿੰਦਗੀ ਦੀ ਖ਼ਬਰ ਪੜ੍ਹ ਰਿਹਾ ਸੀ। ਨਾਲ ਹੀ ਉਸ ਦੇ ਪਿਉ ਵਲੋਂ ਦਿਤਾ ਬਿਆਨ ਵੀ ਕਿ ਉਨ੍ਹਾਂ ਨੇ ਬੱਚੀ ਨੂੰ ਹਰ ਥਾਂ ਲਭਿਆ, ਸਿਰਫ਼ ਮੰਦਰ ਵਿਚ ਹੀ ਨਾ ਲਭਿਆ। ਨੰਨ੍ਹੀ ਜਿੰਦ ਤੇ ਹੋ ਰਹੀ ਦਰਿੰਦਗੀ ਨੂੰ ਭਗਵਾਨ ਵੀ ਵੇਖਦਾ ਰਿਹਾ ਸੀ। ਇੰਦਰ ਦੀ ਪਤਨੀ ਦੀ ਕਮਰੇ ਅੰਦਰੋਂ ਆਵਾਜ਼ ਆਈ, ''ਜੀ... ਗੁੱਡੋ ਹਾਲੇ ਤਕ ਸਕੂਲ ਤੋਂ ਘਰ ਨਹੀਂ ਆਈ। ਬੜੀ ਦੇਰ ਕਰ ਦਿਤੀ।'' ਇੰਦਰ ਅਖ਼ਬਾਰ ਸੁੱਟ ਕੇ ਵਾਹੋ-ਦਾਹੀ ਮੰਦਰ ਵਲ ਭੱਜ ਉਠਿਆ।

ਨੇਮ ਪਲੇਟ : ਚਾਲੀ ਕਿੱਲਿਆਂ ਦੇ ਮਾਲਕ ਜਰਨੈਲ ਸਿੰਘ ਨੇ ਖੇਤਾਂ ਵਿਚ ਖ਼ੂਨ-ਪਸੀਨਾ ਵਹਾ ਕੇ ਅਤੇ ਈਮਾਨਦਾਰੀ ਦੀ ਕਮਾਈ ਕਰਦਿਆਂ ਅਪਣੇ ਦੋਵੇਂ ਪੁੱਤਰ ਵਿਦੇਸ਼ ਭੇਜ ਦਿਤੇ ਸਨ ਜੋ ਕਿ ਹੁਣ ਪੱਕੇ ਤੌਰ ਤੇ ਅਪਣੇ ਪ੍ਰਵਾਰ ਸਮੇਤ ਰਹਿ ਰਹੇ ਸਨ। ਆਪ ਪਿੱਛੇ ਪਿੰਡ ਵਿਚ ਅਪਣੇ ਹੱਥੀਂ ਚਾਅ-ਸੱਧਰਾਂ ਨਾਲ ਬਣਾਈ ਮਹਿਲਨੁਮਾ ਕੋਠੀ ਵਿਚ ਰਹਿ ਰਿਹਾ ਸੀ। ਪਤਨੀ ਕੁੱਝ ਸਾਲ ਪਹਿਲਾਂ ਹੀ ਸਾਥ ਛੱਡ ਚੁੱਕੀ ਸੀ। ਕੋਠੀ ਦੇ ਗੇਟ ਦੇ ਇਕ ਪਾਸੇ ਉਸ ਨੇ 'ਜਰਨੈਲ ਸਿੰਘ ਲੰਬੜਦਾਰ' ਨਾਂ ਦੀ ਪਿੱਤਲ ਅਤੇ ਸੰਗਮਰਮਰ ਦੀ ਬਹੁਤ ਹੀ ਖ਼ੂਬਸੂਰਤ ਅਤੇ ਮਹਿੰਗੀ 'ਨੇਮ ਪਲੇਟ' ਲਾਈ ਹੋਈ ਸੀ ਜਿਸ ਉਤੇ ਉਹ ਕਦੀ ਵੀ ਮਿੱਟੀ-ਘੱਟਾ ਨਾ ਪੈਣ ਦਿੰਦਾ।

ਪਿੰਡ ਦਾ ਲੰਬੜਦਾਰ ਅਤੇ ਏਨੀ ਵੱਡੀ ਕੋਠੀ ਦਾ ਮਾਲਕ ਹੋਣ ਕਾਰਨ ਅਪਣੇ-ਆਪ ਉਤੇ ਫ਼ਖ਼ਰ ਮਹਿਸੂਸ ਕਰਦਾ। ਲੋਕ ਵੀ ਵਾਹਵਾ ਇੱਜ਼ਤ ਮਾਣ ਕਰਦੇ ਸਨ। ਇਕ ਦਿਨ ਅਜਿਹਾ ਭਾਣਾ ਵਾਪਰਿਆ ਕਿ ਚੰਗਾ-ਭਲਾ ਤੁਰਿਆ ਫਿਰਦਾ ਜਰਨੈਲ ਸਿੰਘ ਲੰਬੜਦਾਰ ਦਿਲ ਦਾ ਦੌਰਾ ਪੈਣ ਕਾਰਨ ਇਸ ਜਹਾਨ ਤੋਂ ਤੁਰ ਗਿਆ। ਸਸਕਾਰ ਵੇਲੇ ਸਿਰਫ਼ ਇਕ ਮੁੰਡਾ ਹੀ ਆ ਸਕਿਆ।

ਭੋਗ ਵੇਲੇ ਕਾਫ਼ੀ ਇਕੱਠ ਹੋਇਆ। ਖਾਣ-ਪੀਣ ਉਤੇ ਵੀ ਕਾਫ਼ੀ ਖ਼ਰਚ ਕੀਤਾ ਗਿਆ। ਭੋਗ ਪਏ ਨੂੰ ਅਜੇ ਦੋ ਦਿਨ ਹੀ ਹੋਏ ਸਨ ਕਿ ਪੁੱਤਰ ਨੇ ਕੋਠੀ ਦੇ ਗੇਟ ਤੋਂ ਬਾਪੂ ਦੇ ਨਾਂ ਦੀ 'ਨੇਮ ਪਲੇਟ' ਉਤਾਰ ਕੇ 'ਸੁਰਿੰਦਰ ਸਿੰਘ ਕਨੇਡੀਅਨ' ਨਾਂ ਦੀ ਉਸ ਤੋਂ ਵੀ ਵਧੀਆ ਚਮਕਦੀ 'ਨੇਮ ਪਲੇਟ' ਲਾ ਦਿਤੀ। ਹੁਣ ਕੋਠੀ ਅੱਗਿਉਂ ਲੰਘ ਰਿਹਾ ਹਰ ਪਿੰਡ ਵਾਸੀ ਕੋਠੀ ਨੂੰ ਘੱਟ ਪਰ ਚਮਕਦੀ ਨੇਮ ਪਲੇਟ ਨੂੰ ਗਹੁ ਨਾਲ ਵੇਖਦਾ।