ਬਲਾਤਕਾਰਾਂ ਵਿੱਚ ਵਾਧੇ ਲਈ ਭੜਕੀਲਾ ਫੈਸ਼ਨ ਜ਼ਿਮੇਂਵਾਰ

ਬਲਾਤਕਾਰਾਂ ਵਿੱਚ ਵਾਧੇ ਲਈ ਭੜਕੀਲਾ ਫੈਸ਼ਨ ਜ਼ਿਮੇਂਵਾਰ

ਕੋਈ ਸਮਾਂ ਸੀ ਜਦ ਕੋਈ ਵੀ ਧੀਆਂ-ਭੈਣਾਂ ਕੁੜਤੀ ਸਲਵਾਰ ਪਾ ਕੇ ਤੇ ਸਿਰ ਢੱਕ ਕੇ ਘਰੋਂ ਬਾਹਰ ਨਿਕਲਿਆ ਕਰਦੀਆਂ ਸਨ। ਪਹਿਲੀ ਗੱਲ ਤਾਂ ਪੁਰਾਤਨ ਪੰਜਾਬ ਵਿੱਚ ਬਹੁਤ ਘੱਟ ਘਰਾਂ ਵਿਚੋਂ ਨਿਕਲਦੀਆਂ ਸਨ ਧੀਆਂ ਭੈਣਾਂ। ਬਜ਼ੁਰਗਾਂ ਦੀ ਸ਼ਰਮ ਤੇ ਭੈਅ ਹੁੰਦਾ ਸੀ। ਉਨ੍ਹਾਂ ਨੂੰ ਪੁੱਛੇ ਬਿਨਾਂ ਕਿਸੇ ਦੀ ਵੀ ਮਜਾਲ ਹੀ ਨਹੀਂ ਹੁੰਦੀ ਸੀ ਘਰ ਤੋਂ ਬਾਹਰ ਜਾਣ ਦੀ,ਜੇ ਜਾਣਾ ਵੀ ਤਾਂ ਸਿਰਫ਼ ਗਵਾਂਢ ਵਿਚ ਜਾਂ ਫਿਰ ਜੇ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਤਾਂ ਇੱਕੋ ਪਰਿਵਾਰ ਵਿੱਚ ਇੱਕ ਹੀ ਜੇਬ ਹੁੰਦੀ ਸੀ,ਭਾਵ ਘਰ ਦੀ ਹਾੜ੍ਹੀ ਸਾਉਣੀ ਜਾਂ ਜੇਕਰ ਕੋਈ ਟਾਂਵਾਂ ਟਾਂਵਾ ਵੀਰ ਨੌਕਰੀ ਕਰਦਾ ਸੀ ਤਾਂ ਉਸ ਦੀ ਤਨਖਾਹ ਵੀ ਓਸੇ ਇੱਕੋ ਜੇਬ ਵਿੱਚ ਆਉਣੀ ਤੇ ਲੋੜ ਅਨੁਸਾਰ ਓਥੋਂ ਹੀ ਖਰਚੇ ਲਈ ਪੈਸੇ ਥੇਲੇ ਲੈਣੇ। ਅਜੋਕੇ ਸਮਿਆਂ ਵਾਂਗ ਨਹੀਂ ਸੀ ਕਿ ਅਲੱਗ-ਅਲੱਗ ਜੇਬਾਂ ਤੇ ਆਪਣੇ ਆਪਣੇ ਖਰਚ ਕਰਨੇ। ਇੱਕੋ ਘਰ ਦੇ ਮੋਹਤਬਰ ਬੰਦੇ ਦਾ ਹੁਕਮ ਚਲਦਾ ਸੀ।ਹਾੜ ਸਿਆਲ ਦੇ ਮਹੀਨੀਂ ਸਾਰੇ ਪਰਿਵਾਰ ਕੱਪੜੇ ਬਣਾਇਆ ਕਰਦਾ ਸੀ। 
ਪਰ ਅਜੋਕੇ ਸਮੇਂ ਵਿੱਚ ਐਨੀ ਤਬਦੀਲੀ ਆ ਚੁੱਕੀ ਹੈ ਕਿ ਜਿੰਨੇ ਘਰ ਦੇ ਮੈਂਬਰ ਨੇ ਆਪੋ-ਆਪਣੀ ਮਰਜੀ ਚੱਲਦੀ ਹੈ, ਅਜੋਕੇ ਚਕਾਚੌਂਧ ਮੋਬਾਇਲਾ ਤੇ ਇੰਟਰਨੈੱਟ ਦੇ ਜ਼ਮਾਨੇ ਨੇ ਸਾਰੀ ਦੁਨੀਆਂ ਨੂੰ ਐਸ਼ੋ ਆਰਾਮ ਨਾਲ ਲਬਰੇਜ਼ ਕਰਕੇ ਫਿਲਮੀ ਦੁਨੀਆਂ ਵਿੱਚ ਗੜੁੱਚ ਕਰ ਲਿਆ ਹੈ, ਤੇ ਇਥੋਂ ਹੀ ਨੰਗੇਜ਼ਵਾਦ ਦਾ ਦੌਰ ਹੁੰਦਾ ਹੈ ਸ਼ੁਰੂ।ਅੱਧ ਕੱਜਿਆ ਸਰੀਰ ਰੱਖਣਾ ਅੱਜ ਦਾ ਫੈਸ਼ਨ ਬਣ ਗਿਆ ਹੈ, ਸ਼ਰਮ ਹਯਾ ਦਾ ਗਹਿਣਾ ਬਹੁਤ ਦੂਰ ਦੀਆਂ ਤੇ ਬਹੁਤ ਪਿੱਛੇ ਦੀਆਂ ਗੱਲਾਂ ਹੋ ਚੁੱਕੀਆਂ ਹਨ। ਕੋਈ ਕਿਸੇ ਦੀ ਇਜ਼ਤ ਨਹੀਂ ਕਰਦਾ ਕੋਈ ਕਿਸੇ ਦਾ ਭੈਅ ਨਹੀਂ ਮੰਨਦਾ ਕਿਸੇ ਵੱਡੇ ਵਡੇਰੇ ਦੀ ਕੋਈ ਪੁੱਛ ਦੱਸ ਨਹੀਂ।ਹਰ ਪਰਿਵਾਰ ਦੇ ਘਰਾਂ ਵਿੱਚ ਅਲੱਗ-ਅਲੱਗ ਕਮਰਿਆਂ ਵਿੱਚ ਟੈਲੀਵਿਜ਼ਨ ਹੋਣ ਕਰਕੇ ਫੈਸ਼ਨ ਦਾ ਬੋਲਬਾਲਾ ਹੈ ਅਜੋਕੇ ਕੁੜੀਆਂ ਮੁੰਡਿਆਂ ਨੇ ਐਹੋ ਜਿਹੇ ਕੱਪੜੇ ਪਾਏ ਹੁੰਦੇ ਨੇ ਕਿ ਸਿਆਣੇ ਸਮਝਦਾਰ ਇਨਸਾਨ ਤਾਂ ਤੋਬਾ ਤੋਬਾ ਕਰਦੇ ਵੇਖੇ ਜਾ ਸਕਦੇ ਨੇ। ਤੇ ਐਸੇ ਭੜਕੀਲਾ ਫੈਸ਼ਨ ਹੀ ਬਲਾਤਕਾਰਾਂ ਦਾ ਕਾਰਨ ਬਣਦੇ ਹਨ।ਆਮ ਕਹਾਵਤ ਵੀ ਸੁਣੀ ਜਾਂਦੀ ਰਹੀ ਹੈ ਕਿ ਨਗਨ ਸਰੀਰ ਵੇਖਕੇ ਤਾਂ ਖ਼ੁਦ ਭਗਵਾਨ ਵੀ ਡੋਲ ਗਿਆ ਸੀ, ਤੇ ਫਿਰ ਅਜੋਕਾ ਮਨੁੱਖ ਕੀਹਦੇ ਪਾਣੀਹਾਰ ਹੈ।ਇਹੀ ਵੱਡਾ ਕਾਰਨ ਹੈ ਅਜੋਕੇ ਸਮਿਆਂ ਵਿੱਚ ਬਲਾਤਕਾਰਾਂ ਵਿੱਚ ਵਾਧੇ ਦਾ।ਹਰ ਰੋਜ਼ ਹੀ ਅਖ਼ਬਾਰਾਂ ਵਿਚ ਇਹੋ ਜਿਹੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ ਕਿ ਸਕੇ ਭਾਣਜੇ ਨਾਲ ਮਾਮੀ ਦਾ ਅਫੇਅਰ,ਤਾਏ ਦੇ ਪੁੱਤਰ ਨੇ ਆਪਣੇ ਹੀ ਚਾਚੇ ਦੀ ਲੜਕੀ ਭਾਵ ਭੈਣ ਨਾਲ ਖੇਹ ਖਾਧੀ ਸਕੇ ਦਾਦੇ ਨੇ ਆਪਣੀ ਪੋਤਰੀ ਜੋ ਕਿ ਹਾਲੇ ਨਾਬਾਲਗ ਸੀ ਉਸ ਨਾਲ ਕੁਕਰਮ ਕੀਤਾ। ਸੁਣਕੇ ਪੜ‌ਕੇ ਸਰੀਰ ਪਾਣੀ ਪਾਣੀ ਹੋ ਜਾਂਦਾ ਹੈ।ਸੋ ਦੋਸਤੋ ਇਹੋ ਜਿਹੇ ਘਿਨਾਉਣੇ ਅਪਰਾਧ ਹੁੰਦੇ ਹੀ ਰਹਿਣਗੇ ਜੇਕਰ ਸਮਾਂ ਰਹਿੰਦੇ ਆਪਾਂ ਆਪਣੇ ਆਪ ਨੂੰ ਨਾ ਸੰਭਾਲਿਆ ਮਤਲਬ ਫੈਸ਼ਨ ਪ੍ਰਸਤੀ ਨੂੰ ਲਗਾਮ ਨਾ ਲਗਾਈ।ਸੋ ਸਾਨੂੰ ਲੋੜ ਹੈ ਆਪਣੇ ਆਪ ਤੇ ਆਪਣੀ ਔਲਾਦ ਨੂੰ ਇਸ ਭੈੜੀ ਅਲਾਮਤ ਤੋਂ ਨਿਜਾਤ ਦਿਵਾਉਣ ਦੀ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

ਜਸਵੀਰ ਸ਼ਰਮਾ ਦੱਦਾਹੂਰ 95691 49556 
ਸ੍ਰੀ ਮੁਕਤਸਰ ਸਾਹਿਬ