ਬੱਚਾ ਚੋਰ ਹੋਣ ਦੇ ਸ਼ੱਕ 'ਚ ਤਿੰਨ ਵਿਅਕਤੀਆਂ ਦੀ ਪਿੰਡ ਵਾਸੀਆਂ ਨੇ ਕੀਤੀ ਕੁੱਟਮਾਰ

ਬੱਚਾ ਚੋਰ ਹੋਣ ਦੇ ਸ਼ੱਕ 'ਚ ਤਿੰਨ ਵਿਅਕਤੀਆਂ ਦੀ ਪਿੰਡ ਵਾਸੀਆਂ ਨੇ ਕੀਤੀ ਕੁੱਟਮਾਰ

ਬੈਤੂਲ (ਮੱਧ ਪ੍ਰਦੇਸ਼) :

 ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਬੱਚਾ ਚੋਰ ਹੋਣ ਦੇ ਸ਼ੱਕ 'ਚ ਪਿੰਡ ਵਾਸੀਆਂ ਨੇ ਦੋ ਸਥਾਨਕ ਕਾਂਗਰਸ ਆਗੂਆਂ ਸਮੇਤ ਤਿੰਨ ਵਿਅਕਤੀਆਂ ਦੀ ਕੁੱਟਮਾਰ ਕਰ ਦਿਤੀ। ਇਹ ਘਟਨਾ ਬੈਤੂਲ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 35 ਕਿਲੋਮੀਟਰ ਦੂਰ ਸ਼ਾਹਪੁਰ ਥਾਣਾ ਖੇਤਰ ਹੇਠ ਨਵਲ ਸਿੰਘਾਣਾ ਪਿੰਡ ਕੋਲ ਵੀਰਵਾਰ ਅੱਧੀ ਰਾਤ ਦੇ ਆਸਪਾਸ ਹੋਈ। ਪੁਲਿਸ ਨੇ ਦਸਿਆ ਕਿ ਜਿਨ੍ਹਾਂ ਤਿੰਨ ਲੋਕਾਂ ਦੀ ਕੁੱਟਮਾਰ ਕੀਤੀ ਗਈ ਹੈ ਉਨ੍ਹਾਂ 'ਚ ਕਾਂਗਰਸ ਦੇ ਬੈਤੂਲ ਜ਼ਿਲ੍ਹਾ ਮਹਾਮੰਤਰੀ ਧਰਮਿੰਦਰ ਸ਼ੁਕਲਾ ਅਤੇ ਮੈਂਬਰ ਧਰਮੂ ਸਿੰਗ ਲਾਂਜੀਵਰਾਰ ਅਤੇ ਸਮਾਜਕ ਕਾਰਕੁਨ ਲਲਿਤ ਬਾਰਸਰਕਰ ਸ਼ਾਮਲ ਹਨ। ਬਾਰਸਰਕਰ ਆਦਿਵਾਸੀ ਕੋਰਕੂ ਸਮਾਜ ਦੇ ਤਹਿਸੀਲ ਪ੍ਰਧਾਨ ਹਨ। 

ਘਟਨਾ ਸਮੇਂ ਤਿੰਨੇ ਇਕ ਕਾਰ 'ਚ ਕੇਸੀਆ ਪਿੰਡ ਤੋਂ ਅਪਣੇ ਘਰ ਸ਼ਾਹਪੁਰ ਪਰਤ ਰਹੇ ਸਨ। ਪਾਰਾਸ਼ਰ ਨੇ ਕਿਹਾ ਕਿ ਇਲਾਕੇ 'ਚ ਬੱਚਾ ਚੋਰਾਂ ਦੇ ਹੋਣ ਦੀਆਂ ਅਫ਼ਵਾਹਾਂ ਦੇ ਮੱਦੇਨਜ਼ਰ ਪਿੰਡ ਵਾਸੀਆਂ ਨੇ ਨਵਲ ਸਿੰਘਾਣਾ ਕੋਲ ਸੜਕ ਨੂੰ ਰੋਕਣ ਲਈ ਝਾੜੀਆਂ ਸੁੱਟੀਆਂ ਹੋਈਆਂ ਸਨ ਅਤੇ ਉਥੇ ਕਈ ਪਿੰਡ ਵਾਸੀ ਲਾਠੀਆਂ ਲੈ ਕੇ ਲੁਕੇ ਹੋਏ ਸਨ, ਤਾਕਿ ਜੇ ਕੋਈ ਬੱਚਾ ਚੋਰੀ ਕਰਨ ਵਾਲਾ ਆਉਂਦਾ ਹੈ ਤਾਂ ਉਸ ਨੂੰ ਫੜਿਆ ਜਾ ਸਕੇ।

ਜਦੋਂ ਤਿੰਨੇ ਪੀੜਤ ਅਪਣੀ ਕਾਰ ਲੈ ਕੇ ਆਏ ਤਾਂ ਉਨ੍ਹਾਂ ਨੂੰ ਲਗਿਆ ਕਿ ਝਾੜੀਆਂ 'ਚ ਬਦਮਾਸ਼ ਲੁਕੇ ਹੋਏ ਹਨ, ਜਿਸ ਕਾਰਨ ਉਨ੍ਹਾਂ ਅਪਣੀ ਕਾਰ ਮੋੜ ਲਈ। ਪਰ ਪਿੰਡ ਵਾਲਿਆਂ ਨੇ ਉਨ੍ਹਾਂ 'ਤੇ ਬੱਚਾ ਚੋਰੀ ਕਰਨ ਵਾਲਾ ਸਮਝ ਕੇ ਹਮਲਾ ਕਰ ਦਿਤਾ। ਬਾਅਦ 'ਚ ਕਿਸੇ ਤਰ੍ਹਾਂ ਤਿੰਨਾਂ ਨੇ ਖ਼ੁਦ ਨੂੰ ਪਿੰਡ ਵਾਸੀਆਂ ਤੋਂ ਬਚਾਇਆ ਅਤੇ ਬਲਾਕ ਸ਼ਾਹਪੁਰ ਦੇ ਕਾਂਗਰਸ ਮੁਖੀ ਨਰਿੰਦਰ ਮਿਸ਼ਰਾ ਨੂੰ ਇਸ ਘਟਨਕ੍ਰਮ ਦੀ ਜਾਣਕਾਰੀ ਦਿਤੀ। ਪੁਲਿਸ ਘਟਨਾ ਵਾਲੀ ਥਾਂ 'ਤੇ ਪੁੱਜੀ ਪਰ ਉਦੋਂ ਤਕ ਮੁਲਜ਼ਮ ਫ਼ਰਾਰ ਹੋ ਗਏ ਸਨ।