ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁਲ ਹਮੀਦ ਦੀ ਸਾਲਾਨਾ ਬਰਸੀ ਮਨਾਈ

ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁਲ ਹਮੀਦ ਦੀ ਸਾਲਾਨਾ ਬਰਸੀ ਮਨਾਈ

ਤਰਨ ਤਾਰਨ 9 ਸਤੰਬਰ 2019: 

ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁਲ ਹਮੀਦ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਅਬਦੁਲ ਹਮੀਦ ਮੈਮੋਰੀਅਲ ਪਿੰਡ ਆਸਲ ਉਤਾੜ ਵਿਖੇ ਮਨਾਈ ਗਈ।ਇਸ ਮੌਕੇ ‘ਤੇ ਸ਼ਹੀਦ ਨੂੰ ਸ਼ਰਧਾਜਲੀ ਦੇਣ ਲਈ ਖੇਮਕਰਨ ਦੇ ਹਲਕਾ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਬ੍ਰਿਗੇਡੀਅਰ ਵਿਗਨੇਸ਼ ਮੋਹੰਤੀ (ਸੈਨਾ ਮੈਡਲ), ਬ੍ਰਿਗੇਡੀਅਰ ਅਰੂਪੇਂਦੂ ਗੁਪਤਾ (ਸੈਨਾ ਮੈਡਲ), ਐੱਸ. ਐੱਸ. ਪੀ. ਸ੍ਰੀ ਧਰੁਵ ਦਾਹੀਆ, ਐੱਸ. ਡੀ. ਐੱਮ. ਸ੍ਰੀ ਸੁਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਸ੍ਰੀ ਗੁਰਚੇਤ ਸਿੰਘ ਭੁੱਲਰ ਤੋਂ ਇਲਾਵਾ ਫੌਜ ਤੇ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ । 

ਇਸ ਮੌਕੇ `ਤੇ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਗੇ ਸਾਨੂੰ ਸਭ ਨੂੰ ਸਤਿਕਾਰ ਨਾਲ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਰਾਜਨੀਤਿਕ ਲੋਕਾਂ ਅਤੇ ਜਨਤਾ ਨੂੰ ਦੇਸ਼ ਦੇ ਸ਼ਹੀਦਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਸਾਡਾ ਦੇਸ਼ ਮਜ਼ਬੂਤ ਹੋਇਆ ਹੈ । 

ਇਸ ਮੌਕੇ `ਤੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਸ਼ਹੀਦ ਅਬਦੁਲ ਹਮੀਦ ਬਾਰੇ ਦੱਸਿਆ ਕਿ ਉਹਨਾਂ ਜਨਮ 1 ਜੁਲਾਈ 1933 ਨੂੰ ਪਿੰਡ ਧਾਮੂਪੁਰ (ਉੱਤਰ ਪ੍ਰਦੇਸ਼) ਵਿਖੇ ਹੋਇਆ।ਉਹਨਾਂ ਦੱਸਿਆ ਕਿ 27 ਦਸੰਬਰ 1954 ਨੂੰ ਅਬਦੁਲ ਹਮੀਦ ਫੌਜ ਵਿਚ ਭਰਤੀ ਹੋਏ।ਪਾਕਿਸਤਾਨ ਨਾਲ 1965 ਦੀ ਜੰਗ ਸਮੇਂ ਅਬਦੁਲ ਹਮੀਦ ਨੇ ਬੇਹੱਦ ਸਾਹਸ ਦਾ ਪ੍ਰਦਰਸ਼ਨ ਕਰਦੇ ਹੋਏ ਦੁਸ਼ਮਣਾਂ ਦੇ 170 ਟਨ ਭਾਰੇ 7 ਪੈਂਟਨ ਟੈਂਕ ਉਡਾਏ ਸਨ।ਉਹਨਾਂ ਨੇ ਕਿਹਾ ਕਿ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁਲ ਹਮੀਦ ਨੇ ਦੇਸ਼ ਦੀ ਖਾਤਰ ਕੁਰਬਾਨੀ ਦੇ ਕੇ ਇੱਕ ਬੇਮਿਸਾਲ ਇਤਿਹਾਸ ਸਿਰਜਿਆ ਹੈ ਅਤੇ ਸਾਨੂੰ ਸਭ ਨੂੰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।