ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕੀਤੀ ਗਈ ਮੁਫ਼ਤ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕੀਤੀ ਗਈ ਮੁਫ਼ਤ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਜ਼ਿਲੇ ਦੇ 21 ਸੇਵਾ ਕੇਂਦਰਾਂ ਵਿੱਚ ਮਿਲੇਗੀ ਮੁਫ਼ਤ ਰਜਿਸਟ੍ਰੇਸ਼ਨ ਦੀ ਸਹੂਲਤ

ਤਰਨ ਤਾਰਨ, 6 ਨਵੰਬਰ 2019:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਖੁੱਲਣ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਦੇ ਚਾਹਵਾਨ ਪੰਜਾਬ ਦੇ ਸ਼ਰਧਾਲੂਆਂ ਨੂੰ ਅਪਲਾਈ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਮੁਫ਼ਤ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ। 

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ 21 ਸੇਵਾ ਕੇਂਦਰਾਂ ‘ਤੇ ਜ਼ਿਲ੍ਹਾ ਵਾਸੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਉਹਨਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ 42 ਵਿਅਕਤੀਆਂ ਵੱਲੋਂ ਰਜਿਸਟਰੇਸ਼ਨ ਲਈ ਅਪਲਾਈ ਕੀਤਾ ਗਿਆ ਹੈ।

ਸ੍ਰੀ ਸੱਭਰਵਾਲ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਈ ਸੇਵਾ ਕੇਂਦਰਾਂ ਵਿਚ ਫਾਰਮ ਬਿਲਕੁਲ ਮੁਫਤ ਮਿਲਣਗੇ ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ ਹੈ।ਇਹ ਸੁਵਿਧਾ “ਈ-ਸੇਵਾ” ਸਾਫ਼ਟਵੇਅਰ ਰਾਹੀਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਯਾਤਰੀਆਂ ਨੂੰ ਵੀਜ਼ੇ ਦੀ ਕੋਈ ਲੋੜ ਨਹੀਂ ਹੈ, ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਸਬੰਧਤ ਵਿਅਕਤੀ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ।ਇਸ ਤੋਂ ਇਲਾਵਾ ਇੱਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਬਲੱਡ ਗਰੁੱਪ ਸਬੰਧੀ ਜਾਣਕਾਰੀ ਵੀ ਲੋੜੀਂਦੀ ਹੈ।ਉਨਾਂ ਦੱਸਿਆ ਕਿ ਅਪਲਾਈ ਕਰਨ ਲਈ ਬਿਨੈਕਰਤਾ ਵੱਲੋਂ ਅਪਰੇਟਰ ਨੂੰ ਐਪਲੀਕੇਸ਼ਨ ਫਾਰਮ, ਸਕੈਨਿੰਗ ਲਈ ਪਾਸਪੋਰਟ ਤੇ ਪਾਸਪੋਰਟ ਸਾਈਜ਼ ਫੋਟੋ ਮੁਹੱਈਆ ਕਰਾਉਣੀ ਪਵੇਗੀ।  

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਸਬੰਧੀ ਕਿਸੇ ਵੀ ਤਰਾਂ ਦੀ ਹੋਰ ਜਾਣਕਾਰੀ ਲਈ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ ਦੇ ਹੈਲਪਲਾਈਨ ਨੰਬਰ 8283842323 ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨਾਂ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨਾਂ ਨੂੰ ਜ਼ਿਲੇ ਦੇ ਸੇਵਾ ਕੇਂਦਰਾਂ ’ਚੋਂ ਮਿਲ ਰਹੀ ਸੇਵਾ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।    

------------------