ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸਾਲਾਨਾ ਬਰਸੀ ਸਮਾਗਮ ਅੱਜ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ

ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸਾਲਾਨਾ ਬਰਸੀ ਸਮਾਗਮ ਅੱਜ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ

ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵੀ ਸ਼ਰਧਾਲੂਆਂ ਦਾ ਰਸਤਾ ਨਾ ਰੋਕ ਪਾਈ 
ਚੋਹਲਾ ਸਾਹਿਬ, 31 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਐਤਵਾਰ ਸਵੇਰ ਤੋਂ ਸੰਗਤ ਦਾ ਇਕੱਠ ਠਾਠਾਂ ਮਾਰਨ ਲੱਗਾ। ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵੀ ਸੱਚਖੰਡਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਪ੍ਰਤਿ ਪ੍ਰੇਮ ਅਤੇ ਸ਼ਰਧਾ ਦੇ ਰੱਖਣ ਵਾਲੇ ਸ਼ਰਧਾਲੂਆਂ ਦਾ ਰਸਤਾ ਨਾ ਰੋਕ ਪਾਈ। ਸੰਤ ਬਾਬਾ ਤਾਰਾ ਸਿੰਘ ਜੀ 18 ਪੋਹ 1987 ਨੂੰ ਦਿਨ ਨੂੰ ਦਿਨ ਦੇ ਸਾਢੇ ਗਿਆਰਾਂ ਵਜੇ ਸੱਚਖੰਡ ਪਿਆਨਾ ਕਰ ਗਏ ਸਨ, ਜਿਨ੍ਹਾਂ ਦੀ ਮਿੱਠੀ ਯਾਦ ਵਿਚ ਅਤੇ ਸੱਚਖੰਡਵਾਸੀ ਸੰਤ ਬਾਬਾ ਚਰਨ ਸਿੰਘ (1954-2001) ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸਾਲਾਨਾ ਬਰਸੀ ਸਮਾਗਮ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਸ਼ਨੀਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਸੀ। ਅੱਜ ਸਮਾਗਮ ਦੇ ਦੂਜੇ ਦਿਨ ਵੱਖ-ਵੱਖ ਸੰਪਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਹਾਕਮ ਸਿੰਘ ਜੀ ਨੇ ਦੱਸਿਆ ਕਿ 31 ਦਸੰਬਰ ਐਤਵਾਰ ਦੀ ਰਾਤ ਰੈਣਿ ਸਬਾਈ ਕੀਰਤਨ ਸਮਾਗਮ ਹੋਵੇਗਾ ਅਤੇ ਸੋਮਵਾਰ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਣਗੇ, ਜਿਸ ਵਿਚ ਉੱਚ ਕੋਟੀ ਦੇ ਪੰਥ ਪ੍ਰਸਿੱਧ ਕੀਰਤਨੀਏ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਸੰਗਤ ਨੂੰ ਹਰੀ ਜੱਸ ਸੁਣਾ ਕੇ ਨਿਹਾਲ ਕਰਨਗੇ। 2 ਜਨਵਰੀ 2024 ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸਮੂਹਕ ਅਨੰਦ ਕਾਰਜ ਵੀ ਹੋਣਗੇ। ਵੱਖ-ਵੱਖ ਦੇਸ਼ਾਂ ਤੋਂ ਸੰਗਤ ਪਹੁੰਚੀ ਹੈ। ਗੁਰਦੁਆਰਾ ਗੁਰਪੁਰੀ ਸਾਹਿਬ ਵਾਲੀ ਨਹਿਰ ਉੱਤੇ ਸੰਗਤਾਂ ਲਈ ਹੋਏ ਆਰਜ਼ੀ ਪੁਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਸੰਗਤ ਲਈ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਅਤੇ ਡੇਰਾ ਤਪੋਬਨ ਸਾਹਿਬ ( ਨਵਾਂ ਪੜਾਅ) ਵਿਖੇ ਸੰਗਤ ਦੀ ਰਿਹਾਇਸ਼ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਰਹਾਲੀ ਤੋਂ ਤੋਂ ਗੁ। ਗੁਰਪੁਰੀ ਸਾਹਿਬ ਤਕ  ਸੰਗਤ ਦੇ ਆਉਣ-ਜਾਣ ਵਾਸਤੇ ਸੰਪਰਦਾਇ ਵਲੋਂ ਗੱਡੀਆਂ 24 ਘੰਟੇ ਚਲ ਰਹੀਆਂ ਹਨ। ਗੁਰੂ ਕੇ ਲੰਗਰਾਂ ਵਿਚ ਸੰਗਤਾਂ ਲਈ ਕਈ ਕਿਸਮ ਦੇ ਪਦਾਰਥ 24 ਘੰਟੇ ਅਤੁੱਟ ਵਰਤ ਰਹੇ ਹਨ। ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਬੰਦਗੀ ਤੇ ਸੇਵਾ ਘਾਲ ਕਮਾਈ ਦਾ ਪ੍ਰਤਾਪ ਦੇਸ਼ਾਂ-ਵਿਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਸੰਗਤ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਾਲਾਨਾ ਬਰਸੀ ਸਮਾਗਮ ‘ਤੇ ਦੂਰੋਂ- ਦੂਰੋਂ ਪਹੁੰਚਦੀ ਹੈ। ਸੰਤ ਬਾਬਾ ਤਾਰਾ ਸਿੰਘ ਜੀ ਵਲੋਂ ਕਰਵਾਈਆਂ ਗਈਆਂ ਸੇਵਾਵਾਂ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਫਹਰਿਸਤ ਬੜੀ ਲੰਬੀ ਹੈ। ਉਹਨਾਂ ਤੋਂ ਬਾਅਦ ਸੰਤ ਬਾਬਾ ਚਰਨ ਸਿੰਘ ਜੀ ਨੇ ਲਗਭਗ 14 ਸਾਲ ਸੰਪਰਦਾਇ ਦੀ ਵਾਗਡੋਰ ਸੰਭਾਲੀ ਅਤੇ ਲੋਕ ਸੇਵਾ ਦੇ ਮਹਾਨ ਕਾਰਜਾਂ ਨੂੰ ਵੱਡੀ ਪੱਧਰ ‘ਤੇ ਜਾਰੀ ਰੱਖਿਆ। 2001 ਤੋਂ ਹੁਣ ਤਕ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੀ ਮਾਨਵਤਾ ਦੀ ਸੇਵਾ ਦੇ  ਖ਼ੇਤਰ ਵਿਚ ਕਈ ਵੱਡੇ ਮੀਲ ਪੱਥਰ ਸਥਾਪਤ ਕਰ ਚੁੱਕੇ ਹਨ। ਉਹਨਾਂ ਦੇ ਨਾਲ ਸੰਤ ਬਾਬਾ ਹਾਕਮ ਸਿੰਘ ਜੀ ਮੋਢੇ ਨਾਲ ਮੋਢਾ ਲਾ ਕੇ ਸੰਪਰਦਾਇ ਵਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਨਿਭਾ ਰਹੇ ਹਨ।