
ਰੀਆ ਡਡਵਾਲ ਨੇ ਗੁਜਰਾਤ 'ਚ ਗੱਡੇ ਜਿੱਤ ਦੇ ਝੰਡੇ
Fri 13 Jul, 2018 0
ਹੁਸ਼ਿਆਰਪੁਰ, 12 ਜੁਲਾਈ: ਹੁਸ਼ਿਆਰਪੁਰ ਜ਼ਿਲ੍ਹੇ ਦੇ ਚੁਣੌਤੀਗ੍ਰਸਤ ਦੋ ਬੱਚਿਆਂ ਨੇ ਗੁਜਰਾਤ ਵਿਖੇ ਹੋਈਆਂ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਜਿੱਤ ਦੇ ਝੰਡੇ ਗਡਦਿਆਂ ਗੋਲਡ ਮੈਡਲ ਹਾਸਲ ਕਰਕੇ ਸੂਬੇ ਅਤੇ ਜ਼ਿਲ•ੇ ਦਾ ਨਾਂ ਰੌਸ਼ਨ ਕੀਤਾ ਹੈ। ਚੁਣੌਤੀਗ੍ਰਸਤ ਇਨ•ਾਂ ਬੱਚਿਆਂ ਵਿੱਚੋਂ ਇਕ ਦਾ ਨਾਂ ਹੈ ਰੀਆ ਡਡਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਬਾਹਾ ਦੀ ਅਠਵੀਂ ਜਮਾਤ ਦੀ ਇਸ ਵਿਦਿਆਰਥਣ ਨੇ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।
ਇਸ ਪ੍ਰਾਪਤੀ 'ਤੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਇਸ ਹੋਣਹਾਰ ਵਿਦਿਆਰਥਣ ਅਤੇ ਸਕੂਲ ਸਟਾਫ਼ ਨਾਲ ਆਪਣੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਪੜ੍ਹਾਈ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਲੜਕੀਆਂ ਪੜ੍ਹਾਈ ਅਤੇ ਖੇਡਾਂ ਵਿੱਚ ਮੌਕਾ ਮਿਲਣ 'ਤੇ ਸਿੱਧ ਕਰ ਸਕਦੀਆਂ ਹਨ, ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂਇਸ ਮੌਕੇ 'ਤੇ ਜਿਥੇ ਲੜਕੀ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ, ਉਥੇ ਸਕੂਲ ਦੇ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਾਂ ਹੀ ਸਫ਼ਲ ਹੋ ਸਕਦੀ ਹੈ, ਜੇਕਰ ਬੇਟੀਆਂ ਨੂੰ ਕੁੱਖ ਵਿੱਚ ਨਾ ਮਾਰ ਕੇ ਪੜ੍ਹਾਈ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ, ਇਸ ਲਈ ਬੇਟੀਆਂ ਨੂੰ ਬੇਟਿਆਂ ਵਾਂਗ ਹੀ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਰੀਆ ਡਡਵਾਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਦੇ ਨੌਵੀਂ ਜਮਾਤ ਦੇ ਚੁਣੌਤੀਗ੍ਰਸਤ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਫੁੱਟਬਾਲ ਵਿੱਚ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਉਕਤ ਖਿਡਾਰੀਆਂ ਦੇ ਕੋਚਾਂ ਅੰਜੂ ਬਾਲਾ, ਸ੍ਰੀ ਸੰਜੇ ਕੁਮਾਰ ਅਤੇ ਸ੍ਰੀ ਅਜੇ ਕੁਮਾਰ ਨੂੰ ਵੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ ਸਦਕਾ ਹੀ ਜ਼ਿਲ•ੇ ਨੂੰ ਇਹ ਵੱਡੀ ਪ੍ਰਾਪਤੀ ਹਾਸਲ ਹੋਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਅਰਥੀਆਂ ਲਈ ਸਰਕਾਰ ਵਲੋਂ 82 ਰਿਸੋਰਸ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਸਪੈਸ਼ਲ ਰਿਸੋਰਸ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੇਲਵੇ ਮੰਡੀ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਸੋਰਸ ਸੈਂਟਰਾਂ ਵਿੱਚ 5476 ਚੁਣੌਤੀਗ੍ਰਸਤ ਬੱਚੇ ਹਨ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਜਿਥੇ ਇਨ੍ਹਾਂ ਬੱਚਿਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਉਥੇ ਸਪੈਸ਼ਲ ਟੀਚਰਾਂ ਵਲੋਂ ਇਨ੍ਹਾਂ ਨੂੰ ਸਿਖਿਅਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀਮਤੀ ਅੰਜੂ ਸੈਣੀ ਦੀ ਅਗਵਾਈ ਵਿੱਚ ਇਨ੍ਹਾਂ ਸਾਰੇ ਬੱਚਿਆਂ ਨੂੰ ਸਪੈਸ਼ਲ ਸਿੱਖਿਆ ਦੇਣ ਲਈ 31 ਵਿਸ਼ੇਸ਼ ਅਧਿਆਪਕ (ਆਈ.ਈ.ਆਰ.ਟੀ.), 83 ਵਲੰਟੀਅਰ (ਆਈ.ਈ.ਵੀ.) ਅਤੇ ਇਕ ਫਿਜਿਓਥਰੈਪਿਸਟ ਡਾਕਟਰ ਧੀਰਜ ਕੁਮਾਰ ਤਾਇਨਾਤ ਹਨ।
Comments (0)
Facebook Comments (0)